ਪੰਜਾਬ ਡੈਸਕ (ਦੈਨਿਕ ਸਵੇਰਾ): ਸਵਪਨ ਸ਼ਰਮਾ, ਆਈਪੀਐਸ ਕਮਿਸ਼ਨਰ ਪੁਲਿਸ ਲੁਧਿਆਣਾ ਦੇ ਹੁਕਮਾਂ ਅਤੇ ਏਸੀਪੀ ਡਿਟੈਕਟਿਵ–2 ਦੀ ਅਗਵਾਈ ਹੇਠ ਕਮਿਸ਼ਨਰੇਟ ਪੁਲਿਸ ਵੱਲੋਂ ਨਜਾਇਜ਼ ਹਥਿਆਰ ਰੱਖਣ ਵਾਲਿਆਂ ਖ਼ਿਲਾਫ਼ ਚਲ ਰਹੀ ਮੁਹਿੰਮ ਦੌਰਾਨ ਇੱਕ ਵੱਡੀ ਕਾਮਯਾਬੀ ਮਿਲੀ ਹੈ। ਇੰਸਪੈਕਟਰ ਹਰਪ੍ਰੀਤ ਸਿੰਘ ਦੇਹਲ, ਇੰਚਾਰਜ ਸਪੈਸ਼ਲ ਸੈੱਲ ਦੀ ਨਿਗਰਾਨੀ ਹੇਠ ਟੀਮ ਨੇ ਥਾਣਾ ਪੀਏਯੂ ਦੇ ਇਲਾਕੇ ਵਿੱਚੋਂ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਉਸਦੇ ਕਬਜ਼ੇ ਤੋਂ ਗਲੋਕ 9 ਐਮਐਮ ਪਿਸਤੌਲ, ਮੈਗਜ਼ੀਨ ਅਤੇ ਦੋ ਜਿੰਦਾ ਰੌਂਦ ਬਰਾਮਦ ਕੀਤੇ।
ਪੁਲਿਸ ਦੇ ਮੁਤਾਬਕ, ਏਐਸਆਈ ਭੁਪਿੰਦਰ ਸਿੰਘ ਅਤੇ ਟੀਮ ਨੇ ਮਹਾਰਾਜਾ ਨਗਰ ਨੇੜੇ ਸਰਕਟ ਹਾਊਸ ‘ਤੇ ਨਾਕਾਬੰਦੀ ਦੌਰਾਨ ਮੁਖਬਰੀ ਦੇ ਅਧਾਰ ‘ਤੇ ਕਾਰਵਾਈ ਕੀਤੀ। ਮੁਲਜ਼ਮ ਸਿਮਰਨ ਪੁੱਤਰ ਗੁਰਮੀਤ ਸਿੰਘ, ਵਾਸੀ ਪਿੰਡ ਸੀੜਾ (ਥਾਣਾ ਮੇਹਰਬਾਨ), ਨੂੰ ਮਹਿੰਦਰਾ ਥਾਰ ਗੱਡੀ ਨੰਬਰ PB02-EP-0404 ਵਿੱਚੋਂ ਕਾਬੂ ਕੀਤਾ ਗਿਆ। ਤਲਾਸ਼ੀ ਦੌਰਾਨ ਉਸਦੇ ਕੋਲੋਂ ਗਲੋਕ ਪਿਸਤੌਲ ਅਤੇ ਗੋਲੀਆਂ ਮਿਲੀਆਂ।
ਮੁਲਜ਼ਮ ਖ਼ਿਲਾਫ਼ ਥਾਣਾ ਪੀਏਯੂ ਲੁਧਿਆਣਾ ਵਿੱਚ ਮੁਕੱਦਮਾ ਨੰਬਰ 39, ਮਿਤੀ 09.03.2026, ਧਾਰਾ 25, 54, 59 ਆਰਮਜ਼ ਐਕਟ ਤਹਿਤ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਅਦਾਲਤ ਵਿੱਚ ਪੇਸ਼ ਕੀਤਾ ਗਿਆ।