Diljit Dosanjh: ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੇ ਆਉਣ ਵਾਲੇ ਬੈਂਗਲੁਰੂ ਕੰਸਰਟ ਨੂੰ ਲੈ ਕੇ ਸੁਰੱਖਿਆ ਦਾ ਮੁੱਦਾ ਖੜ੍ਹਾ ਹੋ ਗਿਆ ਹੈ। 29 ਨਵੰਬਰ ਨੂੰ ਹੋਣ ਵਾਲੇ ਇਸ ਸ਼ੋਅ ਤੋਂ ਪਹਿਲਾਂ ਪੁਲਿਸ ਨੂੰ ਧਮਕੀ ਭਰਿਆ ਈਮੇਲ ਮਿਲਿਆ ਹੈ, ਜਿਸ ਵਿੱਚ ਸਮਾਗਮ ਦੌਰਾਨ ਆਈਈਡੀ (IED) ਧਮਾਕਾ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ। ਇਸ ਘਟਨਾ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਇਹ ਈਮੇਲ ਧਾਰਵਾੜ ਦੇ ਪੁਲਿਸ ਕਮਿਸ਼ਨਰ ਨੂੰ ਭੇਜਿਆ ਗਿਆ ਹੈ। ਇਸ ਵਿੱਚ ਬੈਂਗਲੁਰੂ ਦੇ ਮਾਦਾਵਰਾ ਸਥਿਤ ਐਨਆਈਸੀਈ ਰੋਡ ਗਰਾਊਂਡ ਵਿੱਚ ਹੋਣ ਵਾਲੇ ਦਿਲਜੀਤ ਦੇ ਪ੍ਰੋਗਰਾਮ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਕਹੀ ਗਈ ਹੈ। ਈਮੇਲ ਵਿੱਚ ਧਮਾਕੇ ਦੀ ਧਮਕੀ ਦੇ ਨਾਲ ‘ਖਾਲਿਸਤਾਨ ਜ਼ਿੰਦਾਬਾਦ’ ਦਾ ਨਾਅਰਾ ਵੀ ਲਿਖਿਆ ਗਿਆ ਹੈ।
ਧਮਕੀ ਭਰੇ ਸੰਦੇਸ਼ ਵਿੱਚ ਸਿਰਫ਼ ਧਮਾਕੇ ਦੀ ਗੱਲ ਹੀ ਨਹੀਂ ਕੀਤੀ ਗਈ, ਸਗੋਂ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ ਕਈ ਚਿਤਾਵਨੀਆਂ ਵੀ ਦਿੱਤੀਆਂ ਗਈਆਂ ਹਨ। ਇਸ ਵਿੱਚ ਮਾਪਿਆਂ ਨੂੰ ਬੱਚਿਆਂ ਨੂੰ ਨਾਲ ਨਾ ਲਿਆਉਣ, ਆਈਫੋਨ ‘ਤੇ ਆਉਣ ਵਾਲੀਆਂ ਕਾਲਾਂ ਦਾ ਜਵਾਬ ਨਾ ਦੇਣ ਅਤੇ ਮੈਟਰੋ ਰਾਹੀਂ ਸਫ਼ਰ ਕਰਨ ਤੋਂ ਬਚਣ ਲਈ ਕਿਹਾ ਗਿਆ ਹੈ। ਪੁਲਿਸ ਵੱਲੋਂ ਹੁਣ ਈਮੇਲ ਦੇ ਸਰੋਤ ਅਤੇ ਇਸ ਦੇ ਪਿੱਛੇ ਮੌਜੂਦ ਵਿਅਕਤੀ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਦਿਲਜੀਤ ਦੇ ਕੰਸਰਟ ਨੂੰ ਇਸ ਤਰ੍ਹਾਂ ਦੀ ਧਮਕੀ ਮਿਲਣ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਅਕਤੂਬਰ ਵਿੱਚ ਮੁੰਬਈ ਦੀ ਮੇਅਰ ਰਿਤੂ ਤਾਵੜੇ ਦੇ ਦਫ਼ਤਰ ਨੂੰ ਵੀ ਧਮਕੀ ਭਰਿਆ ਈਮੇਲ ਮਿਲਿਆ ਸੀ। ਉਸ ਸੰਦੇਸ਼ ਵਿੱਚ ਮੇਅਰ ਦਫ਼ਤਰ, ਅਦਾਕਾਰ ਅਮਿਤਾਭ ਬੱਚਨ ਦੇ ਘਰ ਅਤੇ 27 ਨਵੰਬਰ ਨੂੰ ਮੁੰਬਈ ਦੇ ਮਹਾਲਕਸ਼ਮੀ ਰੇਸਕੋਰਸ ਵਿੱਚ ਹੋਣ ਵਾਲੇ ਦਿਲਜੀਤ ਦੇ ਸ਼ੋਅ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਆਖੀ ਗਈ ਸੀ।
ਨਵੰਬਰ ਮਹੀਨੇ ਵਿੱਚ ਇੰਦੌਰ ਵਿੱਚ ਹੋਣ ਵਾਲੇ ਉਨ੍ਹਾਂ ਦੇ ਕੰਸਰਟ ਤੋਂ ਪਹਿਲਾਂ ਵੀ ਅਜਿਹੇ ਕਈ ਸੰਦੇਸ਼ ਸਾਹਮਣੇ ਆਏ ਸਨ। 2 ਨਵੰਬਰ ਨੂੰ ਇੰਦੌਰ ਦੇ ਤਿੰਨ ਨਿੱਜੀ ਸਕੂਲਾਂ ਅਤੇ ਮੇਅਰ ਪੁਸ਼ਯਮਿੱਤਰ ਭਾਰਗਵ ਦੇ ਦਫ਼ਤਰ ਨੂੰ ਧਮਾਕੇ ਦੀ ਚਿਤਾਵਨੀ ਵਾਲੇ ਈਮੇਲ ਭੇਜੇ ਗਏ ਸਨ। ਇਸ ਤੋਂ ਬਾਅਦ 10 ਨਵੰਬਰ ਨੂੰ ਮੱਧ ਪ੍ਰਦੇਸ਼ ਹਾਈਕੋਰਟ ਦੀ ਗਵਾਲੀਅਰ ਬੈਂਚ ਨੂੰ ਵੀ ਦਿਲਜੀਤ ਦੇ ਕੰਸਰਟ ਨਾਲ ਸਬੰਧਤ ਧਮਕੀ ਮਿਲੀ ਸੀ। ਇਨ੍ਹਾਂ ਘਟਨਾਵਾਂ ਤੋਂ ਬਾਅਦ ਸਬੰਧਤ ਥਾਵਾਂ ‘ਤੇ ਸੁਰੱਖਿਆ ਵਧਾਈ ਗਈ ਸੀ।
ਦੱਸਣਯੋਗ ਹੈ ਕਿ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ‘ਔਰਾ ਇੰਡੀਆ ਟੂਰ 2026’ ਨੂੰ ਲੈ ਕੇ ਚਰਚਾ ਵਿੱਚ ਹਨ। ਤੈਅ ਪ੍ਰੋਗਰਾਮ ਅਨੁਸਾਰ ਬੈਂਗਲੁਰੂ ਦੇ ਐਨਆਈਸੀਈ ਗਰਾਊਂਡਜ਼ ਵਿੱਚ ਉਨ੍ਹਾਂ ਦਾ ਕੰਸਰਟ 29 ਨਵੰਬਰ ਨੂੰ ਸ਼ਾਮ 4 ਵਜੇ ਸ਼ੁਰੂ ਹੋਣਾ ਹੈ। ਇਸ ਸਮਾਗਮ ਲਈ ਟਿਕਟਾਂ ਦੀ ਵਿਕਰੀ ਵੀ ਜਾਰੀ ਹੈ। ਤਾਜ਼ਾ ਧਮਕੀ ਤੋਂ ਬਾਅਦ ਹੁਣ ਪ੍ਰੋਗਰਾਮ ਦੀ ਸੁਰੱਖਿਆ ਪ੍ਰਬੰਧਾਂ ‘ਤੇ ਖ਼ਾਸ ਧਿਆਨ ਦਿੱਤਾ ਜਾ ਰਿਹਾ ਹੈ।