Rajat Dalal: ਰਿਐਲਿਟੀ ਟੀਵੀ ਪਰਸਨੈਲਿਟੀ ਰਜਤ ਦਲਾਲ ਨੇ ਅਦਾਕਾਰ ਅਵਿਨਾਸ਼ ਮਿਸ਼ਰਾ ਨੂੰ ਲੈ ਕੇ ਤਿੱਖਾ ਰੁਖ ਅਪਣਾਇਆ ਹੈ। ਈਸ਼ਾ ਸਿੰਘ ਅਤੇ ਅਵਿਨਾਸ਼ ਮਿਸ਼ਰਾ ਦੇ ਕਥਿਤ ਬ੍ਰੇਕਅੱਪ ਅਤੇ ਧੋਖਾਧੜੀ ਦੇ ਦੋਸ਼ਾਂ ਕਾਰਨ ਚੱਲ ਰਹੇ ਵਿਵਾਦ ਵਿਚਕਾਰ ਰਜਤ ਨੇ ਅਵਿਨਾਸ਼ ਨੂੰ ਈਸ਼ਾ ਤੋਂ ਦੂਰ ਰਹਿਣ ਦੀ ਚੇਤਾਵਨੀ ਦਿੱਤੀ ਹੈ। ਰਜਤ ਈਸ਼ਾ ਨੂੰ ਆਪਣੀ ਛੋਟੀ ਭੈਣ ਵਾਂਗ ਮੰਨਦੇ ਹਨ। ਉਨ੍ਹਾਂ ਨੇ ਇੰਸਟਾਗ੍ਰਾਮ ’ਤੇ ਇੱਕ ਵੀਡੀਓ ਸਾਂਝੀ ਕਰਕੇ ਅਵਿਨਾਸ਼ ਨੂੰ ਖੂਬ ਸੁਣਾਈਆਂ।
ਦਰਅਸਲ, ਹਾਲ ਹੀ ਵਿੱਚ ਅਵਿਨਾਸ਼ ਇੱਕ ਕਲੱਬ ਵਿੱਚ ‘ਬੇਵਫ਼ਾ ਨਿਕਲੀ ਹੈ ਤੂੰ’ ਗੀਤ ਗਾਉਂਦੇ ਨਜ਼ਰ ਆਏ ਸਨ। ਉਨ੍ਹਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਮਗਰੋਂ ਲੋਕਾਂ ਨੇ ਇਸ ਨੂੰ ਈਸ਼ਾ ਨਾਲ ਜੁੜੇ ਵਿਵਾਦ ਨਾਲ ਜੋੜ ਦਿੱਤਾ। ਇਸ ’ਤੇ ਰਜਤ ਨੇ ਕਿਹਾ ਕਿ ਸੋਸ਼ਲ ਮੀਡੀਆ ਪੇਜ ਚਲਾਉਣ ਵਾਲਿਆਂ ਨੂੰ ਕੋਈ ਵੀ ਪੋਸਟ ਸਾਂਝੀ ਕਰਨ ਤੋਂ ਪਹਿਲਾਂ ਉਸ ਦੀ ਸੱਚਾਈ ਦੀ ਜਾਂਚ ਕਰਨੀ ਚਾਹੀਦੀ ਹੈ। ਉਨ੍ਹਾਂ ਮੁਤਾਬਕ ਬਿਨਾਂ ਤੱਥਾਂ ਦੀ ਪੁਸ਼ਟੀ ਕੀਤੇ ਖ਼ਬਰਾਂ ਫੈਲਾਉਣ ਨਾਲ ਗਲਤਫਹਿਮੀਆਂ ਪੈਦਾ ਹੁੰਦੀਆਂ ਹਨ।
ਰਜਤ ਨੇ ਸਿੱਧੇ ਤੌਰ ’ਤੇ ਅਵਿਨਾਸ਼ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਨੂੰ ਚਾਰ ਵਾਰ ਪਿਆਰ ਨਾਲ ਸਮਝਾ ਚੁੱਕੇ ਹਨ ਕਿ ਈਸ਼ਾ ਤੋਂ ਦੂਰੀ ਬਣਾਈ ਰੱਖਣ। ਉਨ੍ਹਾਂ ਕਿਹਾ ਕਿ ਅਵਿਨਾਸ਼ ਨੇ ਜੋ ਵੀ ਕੀਤਾ ਹੈ, ਉਸ ਨਾਲ ਉਨ੍ਹਾਂ ਨੂੰ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਉਹ ਆਪਣਾ ਕੰਮ ਕਰਨ, ਪਰ ਉਨ੍ਹਾਂ ਤੋਂ ਦੂਰ ਰਹਿਣ। ਕਲੱਬ ਵਿੱਚ ‘ਬੇਵਫ਼ਾ ਨਿਕਲੀ ਹੈ ਤੂੰ’ ਗਾਉਣ ’ਤੇ ਵੀ ਰਜਤ ਨੇ ਸਵਾਲ ਚੁੱਕਿਆ ਅਤੇ ਪੁੱਛਿਆ ਕਿ ਇਸ ਰਾਹੀਂ ਕਿਹੜਾ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਨ੍ਹਾਂ ਨੇ ਅਵਿਨਾਸ਼ ਨੂੰ ਆਪਣਾ ਵਿਵਹਾਰ ਬਦਲਣ ਦੀ ਨਸੀਹਤ ਦਿੰਦਿਆਂ ਕਿਹਾ ਕਿ ਅਜਿਹੀਆਂ ਪੋਸਟਾਂ ਨਾ ਪਾਈਆਂ ਜਾਣ, ਜਿਨ੍ਹਾਂ ਨਾਲ ਲੋਕਾਂ ਵਿੱਚ ਉਨ੍ਹਾਂ ਪ੍ਰਤੀ ਨਾਰਾਜ਼ਗੀ ਵਧੇ। ਰਜਤ ਨੇ ਕਿਹਾ ਕਿ ਮਾਸੂਮ ਅਤੇ ਬੇਕਸੂਰ ਬਣਨ ਦੀ ਕੋਸ਼ਿਸ਼ ਕਰਨ ਦੀ ਬਜਾਏ ਆਪਣੀ ਜ਼ਿੰਦਗੀ ’ਤੇ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਮੁੜ ਅਪੀਲ ਕੀਤੀ ਕਿ ਅਵਿਨਾਸ਼ ਈਸ਼ਾ ਤੋਂ ਦੂਰ ਰਹਿਣ ਅਤੇ ਇਸ ਤਰ੍ਹਾਂ ਦੀਆਂ ਹਰਕਤਾਂ ਬੰਦ ਕਰਨ। ਵੀਡੀਓ ਵਿੱਚ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਸ਼ਾਂਤੀ ਅਤੇ ਪਿਆਰ ਨਾਲ ਰਹਿਣ ਦੀ ਕੋਸ਼ਿਸ਼ ਕਰਦੇ ਹਨ, ਪਰ ਕੋਈ ਨਾ ਕੋਈ ਜਾਣਬੁੱਝ ਕੇ ਵਿਵਾਦ ਖੜ੍ਹਾ ਕਰ ਦਿੰਦਾ ਹੈ।
ਇਸ ਮਾਮਲੇ ਵਿੱਚ ਰਜਤ ਨੇ ਮੀਡੀਆ ਅਤੇ ਸੋਸ਼ਲ ਮੀਡੀਆ ਪੇਜਾਂ ਨੂੰ ਵੀ ਜ਼ਿੰਮੇਵਾਰੀ ਨਾਲ ਖ਼ਬਰਾਂ ਸਾਂਝੀਆਂ ਕਰਨ ਦੀ ਅਪੀਲ ਕੀਤੀ। ਉਨ੍ਹਾਂ ਦਾ ਦੋਸ਼ ਹੈ ਕਿ ਕਈ ਵਾਰ ਬਿਨਾਂ ਸੱਚਾਈ ਜਾਣੇ ਕਿਸੇ ਹੋਰ ਵਿਅਕਤੀ ਦਾ ਨਾਮ ਖ਼ਬਰਾਂ ਵਿੱਚ ਜੋੜ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਗਲਤੀ ਕਰਦਾ ਹੈ ਤਾਂ ਉਸ ਬਾਰੇ ਤੱਥਾਂ ਦੇ ਆਧਾਰ ’ਤੇ ਗੱਲ ਹੋਣੀ ਚਾਹੀਦੀ ਹੈ, ਨਾ ਕਿ ਕਿਸੇ ਹੋਰ ਦਾ ਨਾਮ ਬੇਵਜ੍ਹਾ ਉਛਾਲਿਆ ਜਾਵੇ।
ਜ਼ਿਕਰਯੋਗ ਹੈ ਕਿ ਈਸ਼ਾ ਸਿੰਘ ਅਤੇ ਅਵਿਨਾਸ਼ ਮਿਸ਼ਰਾ ਦੀ ਨੇੜਤਾ ਰਿਐਲਿਟੀ ਸ਼ੋਅ ‘ਬਿੱਗ ਬੌਸ 18’ ਦੌਰਾਨ ਵਧੀ ਸੀ। ਸ਼ੋਅ ਵਿੱਚ ਦੋਵਾਂ ਦੀ ਦੋਸਤੀ ਪਿਆਰ ਵਿੱਚ ਬਦਲਦੀ ਦਿਖਾਈ ਦਿੱਤੀ ਸੀ ਅਤੇ ਬਾਅਦ ਵਿੱਚ ਉਨ੍ਹਾਂ ਨੇ ਕੌਮੀ ਟੈਲੀਵਿਜ਼ਨ ’ਤੇ ਵੀ ਆਪਣੇ ਰਿਸ਼ਤੇ ਬਾਰੇ ਇਸ਼ਾਰਿਆਂ ਵਿੱਚ ਗੱਲ ਕੀਤੀ ਸੀ। ਇਸੇ ਸੀਜ਼ਨ ਵਿੱਚ ਰਜਤ ਦਲਾਲ ਵੀ ਸ਼ਾਮਲ ਸਨ ਅਤੇ ਉਨ੍ਹਾਂ ਦੀ ਈਸ਼ਾ ਨਾਲ ਚੰਗੀ ਸਾਂਝ ਬਣ ਗਈ ਸੀ। ਦੋਵਾਂ ਦੇ ਰਿਸ਼ਤੇ ਨੂੰ ਲੈ ਕੇ ਵਿਵਾਦ ਉਸ ਸਮੇਂ ਵਧਿਆ, ਜਦੋਂ ਉਨ੍ਹਾਂ ਦੇ ਇੱਕ-ਦੂਜੇ ਨੂੰ ਸੋਸ਼ਲ ਮੀਡੀਆ ’ਤੇ ਅਨਫਾਲੋ ਕਰਨ ਅਤੇ ਸਾਂਝੀਆਂ ਤਸਵੀਰਾਂ ਹਟਾਉਣ ਦੀਆਂ ਖ਼ਬਰਾਂ ਸਾਹਮਣੇ ਆਈਆਂ। ਇਸ ਤੋਂ ਇਲਾਵਾ ਈਸ਼ਾ ਦੀ ਮਾਂ ਦਾ ਦੱਸਿਆ ਜਾ ਰਿਹਾ ਇੱਕ ਵੌਇਸ ਨੋਟ ਵੀ ਵਾਇਰਲ ਹੋਇਆ, ਜਿਸ ਵਿੱਚ ਅਵਿਨਾਸ਼ ’ਤੇ ਧੋਖਾ ਦੇਣ ਦੇ ਦੋਸ਼ ਲਗਾਏ ਗਏ ਸਨ। ਈਸ਼ਾ ਨੇ ਵੀ ਇੰਸਟਾਗ੍ਰਾਮ ਸਟੋਰੀ ਰਾਹੀਂ ਕਿਹਾ ਸੀ ਕਿ ਜਿਸ ਵਿਅਕਤੀ ’ਤੇ ਉਨ੍ਹਾਂ ਨੇ ਭਰੋਸਾ ਕੀਤਾ, ਉਸੇ ਨੇ ਉਨ੍ਹਾਂ ਦੀ ਪਿੱਠ ਵਿੱਚ ਛੁਰਾ ਮਾਰਿਆ। ਉਨ੍ਹਾਂ ਨੇ ਇਹ ਵੀ ਚੇਤਾਵਨੀ ਦਿੱਤੀ ਸੀ ਕਿ ਜੇਕਰ ਉਨ੍ਹਾਂ ਨੂੰ ਹੋਰ ਪਰੇਸ਼ਾਨ ਕੀਤਾ ਗਿਆ ਤਾਂ ਉਹ ਨਾਮ ਅਤੇ ਸਬੂਤ ਸਾਹਮਣੇ ਲਿਆ ਸਕਦੀ ਹੈ।