BLA Drone Attack: ਬਲੋਚਿਸਤਾਨ ਵਿੱਚ ਪਾਕਿਸਤਾਨੀ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਡਰੋਨ ਹਮਲਿਆਂ ਨੂੰ ਲੈ ਕੇ ਬਲੋਚ ਲਿਬਰੇਸ਼ਨ ਆਰਮੀ (BLA) ਨੇ ਵੱਡਾ ਦਾਅਵਾ ਕੀਤਾ ਹੈ। ਸੰਗਠਨ ਮੁਤਾਬਕ ਉਸ ਦੀ ਹਵਾਈ ਅਤੇ ਡਰੋਨ ਜੰਗੀ ਇਕਾਈ ਨੇ ਪਿਛਲੇ ਕੁਝ ਦਿਨਾਂ ਦੌਰਾਨ ਸੂਬੇ ਦੇ ਵੱਖ-ਵੱਖ ਇਲਾਕਿਆਂ ਵਿੱਚ ਚਾਰ ਫੌਜੀ ਕਾਰਵਾਈਆਂ ਕੀਤੀਆਂ। ਇਨ੍ਹਾਂ ਹਮਲਿਆਂ ਵਿੱਚ ਪਾਕਿਸਤਾਨੀ ਸੁਰੱਖਿਆ ਬਲਾਂ ਦੇ ਛੇ ਜਵਾਨ ਮਾਰੇ ਗਏ, ਜਦਕਿ ਕਈ ਹੋਰ ਜ਼ਖਮੀ ਹੋਏ ਹਨ।
ਸੋਮਵਾਰ ਨੂੰ ਜਾਰੀ ਕੀਤੇ ਗਏ ਬਿਆਨ ਵਿੱਚ BLA ਦੇ ਬੁਲਾਰੇ ਜ਼ਿਆੰਦ ਬਲੋਚ ਨੇ ਦੱਸਿਆ ਕਿ ਸੰਗਠਨ ਦੀ ‘ਕਹਰ’ ਨਾਮਕ ਡਰੋਨ ਇਕਾਈ ਨੇ ਪੂਰੇ ਬਲੋਚਿਸਤਾਨ ਵਿੱਚ ਫੌਜੀ ਕੈਂਪਾਂ, ਚੌਕੀਆਂ ਅਤੇ ਸੈਨਿਕ ਕਾਫ਼ਲਿਆਂ ਨੂੰ ਨਿਸ਼ਾਨਾ ਬਣਾਇਆ। ਉਸ ਨੇ ਦਾਅਵਾ ਕੀਤਾ ਕਿ ਇਹ ਕਾਰਵਾਈਆਂ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਕੀਤੀਆਂ ਗਈਆਂ ਸਨ। ਇਨ੍ਹਾਂ ਵਿੱਚੋਂ ਇੱਕ ਹਮਲਾ 14 ਨਵੰਬਰ ਨੂੰ ਮਸਤੁੰਗ ਜ਼ਿਲ੍ਹੇ ਦੇ ਕੁਦਗੈਪ ਇਲਾਕੇ ਵਿੱਚ ਕੀਤਾ ਗਿਆ, ਜਿੱਥੇ ਪਾਕਿਸਤਾਨੀ ਫੌਜ ਦੇ ਕਾਫ਼ਲੇ ਦੀ ਇੱਕ ਗੱਡੀ ਨੂੰ ਨਿਸ਼ਾਨਾ ਬਣਾਇਆ ਗਿਆ।
ਸੰਗਠਨ ਅਨੁਸਾਰ ਇਸ ਹਮਲੇ ਦੀ ਯੋਜਨਾ ਉਸ ਦੀ ਖੁਫੀਆ ਸ਼ਾਖਾ ‘ਜਿਰਾਬ’ ਤੋਂ ਮਿਲੀ ਜਾਣਕਾਰੀ ਦੇ ਆਧਾਰ ‘ਤੇ ਬਣਾਈ ਗਈ ਸੀ। BLA ਨੇ ਦਾਅਵਾ ਕੀਤਾ ਕਿ ਇਸ ਕਾਰਵਾਈ ਵਿੱਚ ਇੱਕ ਸੀਨੀਅਰ ਅਧਿਕਾਰੀ ਸਮੇਤ ਪਾਕਿਸਤਾਨੀ ਫੌਜ ਦੇ ਦੋ ਜਵਾਨ ਮਾਰੇ ਗਏ। ਸੰਗਠਨ ਦੇ ਮੀਡੀਆ ਵਿੰਗ ‘ਹਕਲ’ ਵੱਲੋਂ ਇਸ ਹਮਲੇ ਦੀ 1 ਮਿੰਟ 25 ਸਕਿੰਟ ਦੀ ਵੀਡੀਓ ਵੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਡਰੋਨ ਰਾਹੀਂ ਫੌਜੀ ਕਾਫ਼ਲੇ ਦੀ ਗੱਡੀ ਨੂੰ ਨਿਸ਼ਾਨਾ ਬਣਾਉਂਦੇ ਦਿਖਾਇਆ ਗਿਆ ਹੈ।
‘ਦ ਬਲੋਚਿਸਤਾਨ ਪੋਸਟ’ ਦੀ ਰਿਪੋਰਟ ਮੁਤਾਬਕ ਪਾਕਿਸਤਾਨੀ ਫੌਜ ਦੇ ਜਨਸੰਪਰਕ ਵਿਭਾਗ ISPR ਨੇ ਵੀ ਦੋ ਜਵਾਨਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਰਿਪੋਰਟ ਵਿੱਚ ਦੱਸਿਆ ਗਿਆ ਕਿ ਡਰੋਨ ਹਮਲੇ ਦੌਰਾਨ ਫੌਜ ਦੇ ਸੀਨੀਅਰ ਅਧਿਕਾਰੀਆਂ ਅਤੇ ਹੋਰ ਜਵਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇਸ ਤੋਂ ਇਲਾਵਾ BLA ਨੇ 11 ਨਵੰਬਰ ਨੂੰ ਮਸਤੁੰਗ ਦੇ ਖਾਦਕੋਚਾ ਇਲਾਕੇ ਵਿੱਚ ਫੌਜ ਦੇ ਮੁੱਖ ਕੈਂਪ ‘ਤੇ ਹਮਲਾ ਕਰਨ ਦਾ ਦਾਅਵਾ ਕੀਤਾ। ਸੰਗਠਨ ਅਨੁਸਾਰ ਇਸ ਕਾਰਵਾਈ ਵਿੱਚ ਦੋ ਸੁਰੱਖਿਆ ਮੁਲਾਜ਼ਮ ਮਾਰੇ ਗਏ ਅਤੇ ਫੌਜੀ ਠਿਕਾਣਿਆਂ ਨੂੰ ਨੁਕਸਾਨ ਪਹੁੰਚਿਆ।
BLA ਦੇ ਬਿਆਨ ਵਿੱਚ 9 ਨਵੰਬਰ ਦੀ ਇੱਕ ਹੋਰ ਕਾਰਵਾਈ ਦਾ ਵੀ ਜ਼ਿਕਰ ਕੀਤਾ ਗਿਆ ਹੈ। ਸੰਗਠਨ ਮੁਤਾਬਕ ਉਸ ਦਿਨ ‘ਕਹਰ’ ਇਕਾਈ ਨੇ ਖਾਦਕੋਚਾ ਸਥਿਤ ਪਾਕਿਸਤਾਨੀ ਫੌਜ ਦੇ ਕੈਂਪ ‘ਤੇ ਡਰੋਨ ਹਮਲਾ ਕੀਤਾ ਸੀ। ਇਸ ਦੌਰਾਨ ਕੈਂਪ ਵਿੱਚ ਮੌਜੂਦ ਸੈਨਿਕਾਂ ਅਤੇ ਬਖਤਰਬੰਦ ਵਾਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ਵਿੱਚ ਇੱਕ ਜਵਾਨ ਦੀ ਮੌਕੇ ‘ਤੇ ਮੌਤ ਹੋਣ ਦਾ ਦਾਅਵਾ ਕੀਤਾ ਗਿਆ। ਇਸੇ ਤਰ੍ਹਾਂ 5 ਨਵੰਬਰ ਨੂੰ ਕਲਾਤ ਜ਼ਿਲ੍ਹੇ ਦੇ ਮੰਗਚਰ ਇਲਾਕੇ ਵਿੱਚ ਫੌਜੀ ਕੈਂਪ ‘ਤੇ ਤਿੰਨ ਡਰੋਨ ਹਮਲੇ ਕਰਨ ਦੀ ਗੱਲ ਵੀ ਕਹੀ ਗਈ ਹੈ।
ਇਸ ਆਖਰੀ ਕਾਰਵਾਈ ਵਿੱਚ ਇੱਕ ਸੁਰੱਖਿਆ ਮੁਲਾਜ਼ਮ ਦੀ ਮੌਤ ਅਤੇ ਤਿੰਨ ਹੋਰਾਂ ਦੇ ਜ਼ਖਮੀ ਹੋਣ ਦਾ ਦਾਅਵਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇੱਕ ਫੌਜੀ ਗੱਡੀ ਨੂੰ ਵੀ ਭਾਰੀ ਨੁਕਸਾਨ ਪਹੁੰਚਣ ਦੀ ਗੱਲ ਆਖੀ ਗਈ। ਬਲੋਚਿਸਤਾਨ ਵਿੱਚ ਪਿਛਲੇ ਕੁਝ ਸਮੇਂ ਤੋਂ ਡਰੋਨ ਹਮਲਿਆਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇਨ੍ਹਾਂ ਘਟਨਾਵਾਂ ਨਾਲ ਖੇਤਰ ਵਿੱਚ ਸਰਗਰਮ ਹਥਿਆਰਬੰਦ ਸੰਗਠਨਾਂ ਵੱਲੋਂ ਮਾਨਵ ਰਹਿਤ ਹਵਾਈ ਤਕਨਾਲੋਜੀ ਦੀ ਵਧਦੀ ਵਰਤੋਂ ਦਾ ਰੁਝਾਨ ਸਾਹਮਣੇ ਆ ਰਿਹਾ ਹੈ। ਹਾਲਾਂਕਿ, ਛੇ ਜਵਾਨਾਂ ਦੀ ਮੌਤ ਅਤੇ ਹੋਰ ਨੁਕਸਾਨ ਸਬੰਧੀ ਸਾਰੇ ਦਾਅਵਿਆਂ ਦੀ ਸੁਤੰਤਰ ਪੁਸ਼ਟੀ ਉਪਲਬਧ ਨਹੀਂ ਹੈ।
मेष: दिन शुभ रहेगा...