Last Updated: November 7, 2026

Dainik Savera Times Logo

ਟ੍ਰੇਨ ਯਾਤਰੀਆਂ ਲਈ ਵੱਡੀ ਖ਼ਬਰ: 22 ਟ੍ਰੇਨਾਂ ਰੱਦ, 29 ਦੇ ਰੂਟ ਬਦਲੇ, 6 ਜੂਨ ਤੱਕ ਰਹੇਗਾ ਅਸਰ

30 May 2026 ਅੱਪਡੇਟ ਕੀਤਾ ਗਿਆ

ਟ੍ਰੇਨ ਯਾਤਰੀਆਂ ਲਈ ਵੱਡੀ ਖ਼ਬਰ: 22 ਟ੍ਰੇਨਾਂ ਰੱਦ, 29 ਦੇ ਰੂਟ ਬਦਲੇ, 6 ਜੂਨ ਤੱਕ ਰਹੇਗਾ ਅਸਰ

ਰੇਲ ਯਾਤਰਾ ਕਰਨ ਵਾਲੇ ਹਜ਼ਾਰਾਂ ਯਾਤਰੀਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਦਿੱਲੀ-ਅੰਬਾਲਾ ਰੇਲਵੇ ਸੈਕਸ਼ਨ ਵਿੱਚ ਸ਼ਾਹਬਾਦ ਮਾਰਕੰਡਾ ਅਤੇ ਮੋਹਰੀ ਸਟੇਸ਼ਨਾਂ ਦਰਮਿਆਨ ਚੱਲ ਰਹੇ ਤਕਨੀਕੀ ਅੱਪਗ੍ਰੇਡੇਸ਼ਨ ਕੰਮ ਕਾਰਨ 30 ਮਈ ਤੋਂ 6 ਜੂਨ ਤੱਕ ਰੇਲ ਆਵਾਜਾਈ ਪ੍ਰਭਾਵਿਤ ਰਹੇਗੀ। ਉੱਤਰ ਰੇਲਵੇ ਦੇ ਅੰਬਾਲਾ ਡਿਵੀਜ਼ਨ ਵੱਲੋਂ ਲੂਪ ਲਾਈਨਾਂ ਦੇ ਵਿਸਥਾਰ ਅਤੇ ਨਵੇਂ ਇਲੈਕਟ੍ਰਾਨਿਕ ਇੰਟਰਲਾਕਿੰਗ ਸਿਸਟਮ ਦੀ ਸਥਾਪਨਾ ਲਈ ਵਿਸ਼ੇਸ਼ ਟ੍ਰੈਫਿਕ ਬਲਾਕ ਲਿਆ ਗਿਆ ਹੈ, ਜਿਸ ਦਾ ਅਸਰ ਕਈ ਮਹੱਤਵਪੂਰਨ ਟ੍ਰੇਨਾਂ ‘ਤੇ ਪਵੇਗਾ।

ਰੇਲਵੇ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਇਸ ਦੌਰਾਨ 22 ਟ੍ਰੇਨਾਂ ਪੂਰੀ ਤਰ੍ਹਾਂ ਰੱਦ, 29 ਟ੍ਰੇਨਾਂ ਦੇ ਰੂਟ ਬਦਲੇ, 8 ਟ੍ਰੇਨਾਂ ਦਾ ਸਮਾਂ ਬਦਲਿਆ ਗਿਆ ਹੈ, ਜਦਕਿ 20 ਹੋਰ ਟ੍ਰੇਨਾਂ ਨੂੰ ਦੇਰੀ ਨਾਲ ਚਲਾਇਆ ਜਾਵੇਗਾ। ਇਸ ਕਾਰਨ ਚੰਡੀਗੜ੍ਹ, ਅੰਬਾਲਾ, ਦਿੱਲੀ ਅਤੇ ਹੋਰ ਰੂਟਾਂ ‘ਤੇ ਯਾਤਰਾ ਕਰਨ ਵਾਲੇ ਮੁਸਾਫ਼ਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਇਸ ਟ੍ਰੈਫਿਕ ਬਲਾਕ ਦਾ ਅਸਰ ਕਈ ਪ੍ਰਸਿੱਧ ਟ੍ਰੇਨਾਂ ‘ਤੇ ਵੀ ਪਿਆ ਹੈ। ਅਜਮੇਰ-ਚੰਡੀਗੜ੍ਹ ਗਰੀਬ ਰਥ ਐਕਸਪ੍ਰੈਸ (12983) 31 ਮਈ ਅਤੇ 2 ਜੂਨ ਨੂੰ ਰੱਦ ਰਹੇਗੀ, ਜਦਕਿ ਚੰਡੀਗੜ੍ਹ-ਅਜਮੇਰ ਗਰੀਬ ਰਥ ਐਕਸਪ੍ਰੈਸ (12984) 1 ਅਤੇ 3 ਜੂਨ ਨੂੰ ਨਹੀਂ ਚੱਲੇਗੀ। ਇਸ ਤੋਂ ਇਲਾਵਾ 6 ਜੂਨ ਨੂੰ ਨਵੀਂ ਦਿੱਲੀ-ਚੰਡੀਗੜ੍ਹ ਸ਼ਤਾਬਦੀ ਐਕਸਪ੍ਰੈਸ (12045/12046) ਅਤੇ ਅਜਮੇਰ-ਚੰਡੀਗੜ੍ਹ ਵੰਦੇ ਭਾਰਤ ਐਕਸਪ੍ਰੈਸ (20977/20978) ਦੋਵੇਂ ਪਾਸਿਆਂ ਤੋਂ ਪੂਰੀ ਤਰ੍ਹਾਂ ਰੱਦ ਰਹਿਣਗੀਆਂ।

ਦੂਜੇ ਪਾਸੇ, ਕਈ ਲੰਬੀ ਦੂਰੀ ਦੀਆਂ ਟ੍ਰੇਨਾਂ ਨੂੰ ਬਦਲਵੇਂ ਰੂਟਾਂ ਰਾਹੀਂ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ। ਚੰਡੀਗੜ੍ਹ-ਯਸ਼ਵੰਤਪੁਰ ਕਰਨਾਟਕ ਸੰਪਰਕ ਕ੍ਰਾਂਤੀ ਐਕਸਪ੍ਰੈਸ (22686) 2 ਜੂਨ ਨੂੰ ਅੰਬਾਲਾ-ਸਹਾਰਨਪੁਰ-ਮੇਰਠ-ਗਾਜ਼ੀਆਬਾਦ ਬਾਈਪਾਸ ਰੂਟ ਰਾਹੀਂ ਚਲਾਈ ਜਾਵੇਗੀ, ਜਿਸ ਕਾਰਨ ਇਹ ਟ੍ਰੇਨ ਪਾਣੀਪਤ ਅਤੇ ਨਵੀਂ ਦਿੱਲੀ ਸਟੇਸ਼ਨਾਂ ‘ਤੇ ਨਹੀਂ ਰੁਕੇਗੀ। ਇਸੇ ਤਰ੍ਹਾਂ ਚੰਡੀਗੜ੍ਹ-ਮਡਗਾਓਂ ਗੋਆ ਸੰਪਰਕ ਕ੍ਰਾਂਤੀ ਐਕਸਪ੍ਰੈਸ (12450) ਨੂੰ ਵੀ 1 ਜੂਨ ਤੋਂ ਬਦਲਵੇਂ ਰੂਟ ਰਾਹੀਂ ਚਲਾਇਆ ਜਾਵੇਗਾ।

ਰੇਲਵੇ ਪ੍ਰਸ਼ਾਸਨ ਨੇ ਯਾਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਯਾਤਰਾ ਤੋਂ ਪਹਿਲਾਂ ਆਪਣੀ ਟ੍ਰੇਨ ਦੀ ਸਥਿਤੀ ਰੇਲਵੇ ਹੈਲਪਲਾਈਨ ਜਾਂ ਅਧਿਕਾਰਤ ਐਪ ‘ਤੇ ਜ਼ਰੂਰ ਚੈੱਕ ਕਰ ਲੈਣ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਤੋਂ ਬਚਿਆ ਜਾ ਸਕੇ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.