skip to content

Last Updated: September 12, 2026

Dainik Savera Times Logo

Tiryak Tadasana: ਰੀੜ੍ਹ ਦੀ ਹੱਡੀ ਨੂੰ ਲਚਕੀਲਾ ਬਣਾਉਂਦਾ ਹੈ ਤਿਰਯਕ ਤਾੜਾਸਨ, ਜਾਣੋ ਕਰਨ ਦਾ ਸਹੀ ਤਰੀਕਾ ਅਤੇ ਫਾਇਦੇ

2 weeks ਪਹਿਲਾ

Tiryak Tadasana: ਰੀੜ੍ਹ ਦੀ ਹੱਡੀ ਨੂੰ ਲਚਕੀਲਾ ਬਣਾਉਂਦਾ ਹੈ ਤਿਰਯਕ ਤਾੜਾਸਨ, ਜਾਣੋ ਕਰਨ ਦਾ ਸਹੀ ਤਰੀਕਾ ਅਤੇ ਫਾਇਦੇ

Tiryak Tadasana: ਅੱਜਕੱਲ੍ਹ ਦੀ ਭੱਜਦੌੜ ਭਰੀ ਜ਼ਿੰਦਗੀ ਅਤੇ ਖ਼ਰਾਬ ਖਾਣ-ਪੀਣ ਕਾਰਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਘੇਰ ਲੈਂਦੀਆਂ ਹਨ। ਅਜਿਹੇ ਵਿੱਚ ਆਪਣੇ ਆਪ ਨੂੰ ਤਾਜ਼ਾ ਅਤੇ ਫਿੱਟ ਰੱਖਣ ਲਈ ਯੋਗ ਤੋਂ ਵਧੀਆ ਹੋਰ ਕੋਈ ਵਿਕਲਪ ਨਹੀਂ ਮੰਨਿਆ ਜਾਂਦਾ। ਇਨ੍ਹਾਂ ਆਸਨਾਂ ਵਿੱਚੋਂ ਇੱਕ ਹੈ ਤਿਰਯਕ ਤਾੜਾਸਨ, ਜੋ ਪੇਟ ਅਤੇ ਕਮਰ ਲਈ ਬੇਹੱਦ ਫ਼ਾਇਦੇਮੰਦ ਮੰਨਿਆ ਜਾਂਦਾ ਹੈ।

ਆਯੁਸ਼ ਮੰਤਰਾਲੇ ਅਤੇ ਯੋਗ ਸੰਸਥਾਵਾਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਤਿਰਯਕ ਤਾੜਾਸਨ (ਝੂਲਦੇ ਤਾੜ ਦੇ ਦਰੱਖ਼ਤ ਦੀ ਮੁਦਰਾ) ਸਰੀਰ ਨੂੰ ਲਚਕੀਲਾ ਬਣਾਉਣ ਅਤੇ ਸੰਤੁਲਨ ਸੁਧਾਰਨ ਲਈ ਇੱਕ ਵਧੀਆ ਯੋਗ ਆਸਨ ਹੈ। ਇਹ ਖੜ੍ਹੇ ਹੋ ਕੇ ਕੀਤਾ ਜਾਣ ਵਾਲਾ ਇੱਕ ਆਸਾਨ ਅਤੇ ਪ੍ਰਭਾਵਸ਼ਾਲੀ ਆਸਨ ਹੈ, ਜਿਸ ਵਿੱਚ ਸਰੀਰ ਨੂੰ ਇੱਕ ਪਾਸੇ ਵੱਲ ਝੁਕਾਇਆ ਜਾਂਦਾ ਹੈ। ਇਸ ਆਸਨ ਦੌਰਾਨ ਸਰੀਰ ਪ੍ਰਤੀ ਜਾਗਰੂਕਤਾ ਅਤੇ ਸਹੀ ਤਰੀਕੇ ਨਾਲ ਅਭਿਆਸ ਕਰਨਾ ਬਹੁਤ ਜ਼ਰੂਰੀ ਹੈ।

ਤਿਰਯਕ ਤਾੜਾਸਨ ਕਰਨ ਦਾ ਤਰੀਕਾ: ਇਸ ਆਸਨ ਦੇ ਅਭਿਆਸ ਲਈ ਸਭ ਤੋਂ ਪਹਿਲਾਂ ਤਾੜਾਸਨ ਦੀ ਮੁਦਰਾ ਵਿੱਚ ਖੜ੍ਹੇ ਹੋਵੋ। ਪੈਰਾਂ ਨੂੰ ਮੋਢਿਆਂ ਦੀ ਚੌੜਾਈ ਦੇ ਬਰਾਬਰ ਰੱਖੋ ਅਤੇ ਸਰੀਰ ਨੂੰ ਸਿੱਧਾ ਰੱਖਦੇ ਹੋਏ ਹੱਥ ਹੇਠਾਂ ਰੱਖੋ। ਸਾਹ ਅੰਦਰ ਖਿੱਚਦੇ ਹੋਏ ਦੋਵੇਂ ਹੱਥਾਂ ਦੀਆਂ ਉਂਗਲਾਂ ਨੂੰ ਆਪਸ ਵਿੱਚ ਫਸਾਓ। ਹਥੇਲੀਆਂ ਨੂੰ ਉੱਪਰ ਵੱਲ ਕਰਦੇ ਹੋਏ ਹੱਥਾਂ ਨੂੰ ਸਿਰ ਦੇ ਉੱਪਰ ਸਿੱਧਾ ਚੁੱਕੋ ਅਤੇ ਕੋਹਣੀਆਂ ਨੂੰ ਸਿੱਧਾ ਰੱਖੋ। ਇਸ ਤੋਂ ਬਾਅਦ ਸਾਹ ਛੱਡਦੇ ਹੋਏ ਕਮਰ ਤੋਂ ਹੌਲੀ-ਹੌਲੀ ਖੱਬੇ ਜਾਂ ਸੱਜੇ ਪਾਸੇ ਝੁਕੋ। ਇਸ ਸਥਿਤੀ ਵਿੱਚ 10 ਤੋਂ 30 ਸਕਿੰਟ ਤੱਕ ਰਹੋ ਅਤੇ ਆਮ ਤਰੀਕੇ ਨਾਲ ਸਾਹ ਲੈਂਦੇ ਰਹੋ। ਇਸ ਆਸਨ ਨੂੰ 3 ਤੋਂ 5 ਵਾਰ ਕੀਤਾ ਜਾ ਸਕਦਾ ਹੈ।

ਤਿਰਯਕ ਤਾੜਾਸਨ ਦੇ ਫ਼ਾਇਦੇ: ਇਹ ਆਸਨ ਰੀੜ੍ਹ ਦੀ ਹੱਡੀ ਨੂੰ ਲਚਕੀਲਾ ਬਣਾਉਣ ਵਿੱਚ ਮਦਦ ਕਰਦਾ ਹੈ ਅਤੇ ਕਮਰ ਦਰਦ ਤੇ ਸਰੀਰ ਦੇ ਪਾਸਿਆਂ ਵਿੱਚ ਹੋਣ ਵਾਲੀ ਜਕੜਨ ਨੂੰ ਘਟਾ ਸਕਦਾ ਹੈ। ਇਸ ਨਾਲ ਪੇਟ ਅਤੇ ਆਂਤਾਂ ਦੀ ਮਾਲਿਸ਼ ਹੁੰਦੀ ਹੈ, ਜਿਸ ਨਾਲ ਪਾਚਨ ਕਿਰਿਆ ਨੂੰ ਸੁਧਾਰਨ ਅਤੇ ਕਬਜ਼ ਤੋਂ ਰਾਹਤ ਮਿਲਣ ਵਿੱਚ ਮਦਦ ਮਿਲ ਸਕਦੀ ਹੈ। ਬਗਲਾਂ, ਮੋਢਿਆਂ, ਛਾਤੀ ਅਤੇ ਬਾਹਾਂ ਦੀਆਂ ਮਾਸਪੇਸ਼ੀਆਂ ਵਿੱਚ ਖਿੱਚ ਪੈਂਦੀ ਹੈ ਅਤੇ ਉਹ ਮਜ਼ਬੂਤ ਹੁੰਦੀਆਂ ਹਨ। ਇਸ ਨਾਲ ਫੇਫੜਿਆਂ ਦੀ ਸਮਰੱਥਾ ਵਿੱਚ ਸੁਧਾਰ ਅਤੇ ਸਾਹ ਲੈਣ ਵਿੱਚ ਆਸਾਨੀ ਹੋ ਸਕਦੀ ਹੈ।

ਇਸ ਤੋਂ ਇਲਾਵਾ, ਤਿਰਯਕ ਤਾੜਾਸਨ ਸੰਤੁਲਨ ਅਤੇ ਇਕਾਗਰਤਾ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦਾ ਹੈ ਅਤੇ ਤਣਾਅ ਘਟਾਉਣ ਵਿੱਚ ਵੀ ਲਾਭਦਾਇਕ ਹੋ ਸਕਦਾ ਹੈ। ਨਿਯਮਿਤ ਅਭਿਆਸ ਨਾਲ ਸਰੀਰ ਵਿੱਚ ਊਰਜਾ ਵਧਣ ਅਤੇ ਕਮਰ ਦੇ ਆਲੇ-ਦੁਆਲੇ ਦੀ ਵਾਧੂ ਚਰਬੀ ਨੂੰ ਘਟਾਉਣ ਵਿੱਚ ਵੀ ਮਦਦ ਮਿਲ ਸਕਦੀ ਹੈ।

ਇਨ੍ਹਾਂ ਲੋਕਾਂ ਨੂੰ ਰਹਿਣਾ ਚਾਹੀਦਾ ਹੈ ਸਾਵਧਾਨ: ਹਾਲਾਂਕਿ ਆਯੁਸ਼ ਮੰਤਰਾਲੇ ਵੱਲੋਂ ਕੁਝ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਗਈ ਹੈ। ਜਿਨ੍ਹਾਂ ਲੋਕਾਂ ਨੂੰ ਪਿੱਠ, ਰੀੜ੍ਹ ਦੀ ਹੱਡੀ ਜਾਂ ਪੇਟ ਵਿੱਚ ਸੱਟ ਲੱਗੀ ਹੋਵੇ, ਉਨ੍ਹਾਂ ਨੂੰ ਇਹ ਆਸਨ ਕਰਨ ਤੋਂ ਬਚਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਗਰਭਵਤੀ ਮਹਿਲਾਵਾਂ ਨੂੰ ਵੀ ਇਹ ਆਸਨ ਕਰਦੇ ਸਮੇਂ ਖ਼ਾਸ ਸਾਵਧਾਨੀ ਵਰਤਣੀ ਚਾਹੀਦੀ ਹੈ ਅਤੇ ਲੋੜ ਪੈਣ ‘ਤੇ ਯੋਗ ਮਾਹਿਰ ਦੀ ਸਲਾਹ ਲੈਣੀ ਚਾਹੀਦੀ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.