skip to content

Last Updated: November 7, 2026

Dainik Savera Times Logo

ਤੂਫ਼ਾਨ ਤੇ ਭਾਰੀ ਮੀਂਹ ਦਾ ਕਹਿਰ: 58 ਤੋਂ ਵੱਧ ਮੌਤਾਂ, ਕਈ ਰਾਜਾਂ ਵਿੱਚ ਭਾਰੀ ਤਬਾਹੀ

30 May 2026 ਅੱਪਡੇਟ ਕੀਤਾ ਗਿਆ

ਤੂਫ਼ਾਨ ਤੇ ਭਾਰੀ ਮੀਂਹ ਦਾ ਕਹਿਰ: 58 ਤੋਂ ਵੱਧ ਮੌਤਾਂ, ਕਈ ਰਾਜਾਂ ਵਿੱਚ ਭਾਰੀ ਤਬਾਹੀ

ਨੈਸ਼ਨਲ ਨਿਊਜ਼ : ਮਾਨਸੂਨ ਦੀ ਦਸਤਕ ਅਤੇ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ ਉੱਤਰ-ਪੱਛਮੀ ਭਾਰਤ ਦੇ ਕਈ ਰਾਜਾਂ ਵਿੱਚ ਮੌਸਮ ਨੇ ਭਿਆਨਕ ਰੂਪ ਧਾਰ ਲਿਆ ਹੈ। ਪਿਛਲੇ 24 ਘੰਟਿਆਂ ਦੌਰਾਨ ਆਏ ਤੇਜ਼ ਤੂਫ਼ਾਨ, ਆਸਮਾਨੀ ਬਿਜਲੀ ਅਤੇ ਮੂਸਲਾਧਾਰ ਬਾਰਿਸ਼ ਨੇ ਵੱਡੀ ਤਬਾਹੀ ਮਚਾਈ ਹੈ। ਵੱਖ-ਵੱਖ ਹਾਦਸਿਆਂ ਵਿੱਚ 58 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਕਈ ਹੋਰ ਜ਼ਖ਼ਮੀ ਹੋਏ ਹਨ। ਸਭ ਤੋਂ ਵੱਧ ਪ੍ਰਭਾਵ ਉੱਤਰ ਪ੍ਰਦੇਸ਼ ਵਿੱਚ ਦੇਖਣ ਨੂੰ ਮਿਲਿਆ, ਜਿੱਥੇ 31 ਲੋਕਾਂ ਨੇ ਜਾਨ ਗੁਆਈ। ਬਿਹਾਰ ਵਿੱਚ 17, ਪੱਛਮੀ ਬੰਗਾਲ ਵਿੱਚ 7 ਅਤੇ ਉੱਤਰਾਖੰਡ ਵਿੱਚ 2 ਮੌਤਾਂ ਦਰਜ ਕੀਤੀਆਂ ਗਈਆਂ ਹਨ।

ਮੌਸਮ ਵਿਭਾਗ ਦੀ ਤਾਜ਼ਾ ਚੇਤਾਵਨੀ ਨੇ ਚਿੰਤਾ ਹੋਰ ਵਧਾ ਦਿੱਤੀ ਹੈ। ਵਿਭਾਗ ਅਨੁਸਾਰ ਜੂਨ ਮਹੀਨੇ ਦੌਰਾਨ ਆਮ ਨਾਲੋਂ ਵੱਧ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਜਦਕਿ ਦੇਸ਼ ਦੇ ਕਈ ਰਾਜਾਂ ਵਿੱਚ ਰਿਕਾਰਡ ਤੋੜ ਗਰਮੀ ਵੀ ਪੈ ਸਕਦੀ ਹੈ।

ਉੱਤਰ ਪ੍ਰਦੇਸ਼ ਵਿੱਚ ਸਭ ਤੋਂ ਵੱਧ ਨੁਕਸਾਨ

ਉੱਤਰ ਪ੍ਰਦੇਸ਼ ਦੇ ਬੁੰਦੇਲਖੰਡ ਅਤੇ ਪੂਰਵਾਂਚਲ ਖੇਤਰਾਂ ਵਿੱਚ ਤੂਫ਼ਾਨ ਅਤੇ ਮੀਂਹ ਨੇ ਭਾਰੀ ਤਬਾਹੀ ਮਚਾਈ। ਸਹਾਰਨਪੁਰ ਵਿੱਚ ਪਹਾੜੀ ਇਲਾਕਿਆਂ ਤੋਂ ਆਏ ਤੇਜ਼ ਪਾਣੀ ਦੇ ਵਹਾਅ ਵਿੱਚ ਇੱਕ ਇਨੋਵਾ ਕਾਰ ਅਤੇ ਟਰੈਕਟਰ ਸਮੇਤ 10 ਵਾਹਨ ਰੁੜ੍ਹ ਗਏ। ਕਈ ਥਾਵਾਂ ‘ਤੇ ਦਰੱਖਤ ਅਤੇ ਕੰਧਾਂ ਡਿੱਗਣ ਕਾਰਨ ਹਾਦਸੇ ਵਾਪਰੇ।

ਆਗਰਾ ਵਿੱਚ 100 ਕਿਲੋਮੀਟਰ ਪ੍ਰਤੀ ਘੰਟਾ ਅਤੇ ਵਾਰਾਣਸੀ ਵਿੱਚ 75 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲੀਆਂ ਹਵਾਵਾਂ ਨੇ ਜਨਜੀਵਨ ਨੂੰ ਪ੍ਰਭਾਵਿਤ ਕੀਤਾ। ਪ੍ਰਯਾਗਰਾਜ ਵਿੱਚ ਕੇਵਲ 4 ਘੰਟਿਆਂ ਵਿੱਚ 61 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜਿਸ ਨਾਲ ਮਈ ਮਹੀਨੇ ਦਾ 55 ਸਾਲ ਪੁਰਾਣਾ ਰਿਕਾਰਡ ਟੁੱਟ ਗਿਆ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅਧਿਕਾਰੀਆਂ ਨੂੰ ਤੁਰੰਤ ਰਾਹਤ ਕਾਰਜ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ।

ਬਿਹਾਰ ਵਿੱਚ ਬਿਜਲੀ ਤੇ ਝੱਖੜ ਦਾ ਕਹਿਰ

ਬਿਹਾਰ ਵਿੱਚ ਵੀ ਤੂਫ਼ਾਨ ਅਤੇ ਬਿਜਲੀ ਡਿੱਗਣ ਕਾਰਨ ਵੱਡਾ ਨੁਕਸਾਨ ਹੋਇਆ ਹੈ। ਪਟਨਾ ਵਿੱਚ 107 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲੀਆਂ ਹਵਾਵਾਂ ਕਾਰਨ ਹਵਾਈ ਸੇਵਾਵਾਂ ਪ੍ਰਭਾਵਿਤ ਹੋਈਆਂ। 4 ਉਡਾਣਾਂ ਨੂੰ ਡਾਇਵਰਟ ਕਰਨਾ ਪਿਆ, ਜਦਕਿ 18 ਫਲਾਈਟਾਂ ਦੇਰੀ ਨਾਲ ਚੱਲੀਆਂ।

ਮੋਤੀਹਾਰੀ ਵਿੱਚ 116 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਨੇਪਾਲ ਵਿੱਚ ਹੋ ਰਹੀ ਲਗਾਤਾਰ ਬਾਰਿਸ਼ ਕਾਰਨ ਗੰਡਕ ਨਦੀ ਦਾ ਜਲ ਪੱਧਰ ਵਧ ਗਿਆ ਹੈ, ਜਿਸ ਨਾਲ ਹੜ੍ਹ ਦਾ ਖ਼ਤਰਾ ਮੰਡਰਾ ਰਿਹਾ ਹੈ। ਆਫ਼ਤ ਪ੍ਰਬੰਧਨ ਵਿਭਾਗ ਨੂੰ ਐਮਰਜੈਂਸੀ ਸਹਾਇਤਾ ਲਈ ਤਿਆਰ ਰਹਿਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।

ਉੱਤਰਾਖੰਡ ਵਿੱਚ ਜੰਗਲਾਂ ਦੀ ਅੱਗ ਬੁਝੀ, ਪਰ ਦੋ ਸੈਲਾਨੀਆਂ ਦੀ ਮੌਤ

ਭਾਰੀ ਬਾਰਿਸ਼ ਨੇ ਉੱਤਰਾਖੰਡ ਦੇ ਜੰਗਲਾਂ ਵਿੱਚ ਲੱਗੀ ਭਿਆਨਕ ਅੱਗ ‘ਤੇ ਕਾਬੂ ਪਾ ਲਿਆ ਹੈ, ਪਰ ਰੁਦਰਪ੍ਰਯਾਗ ਦੇ ਤੁੰਗਨਾਥ-ਚੋਪਟਾ ਖੇਤਰ ਵਿੱਚ ਬਿਜਲੀ ਡਿੱਗਣ ਕਾਰਨ ਲਖਨਊ ਦੇ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦਿਆਂ 50 ਤੋਂ ਵੱਧ ਫਸੇ ਸੈਲਾਨੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ।

ਹਿਮਾਚਲ ਅਤੇ ਜੰਮੂ-ਕਸ਼ਮੀਰ ਵਿੱਚ ਵੀ ਅਸਰ

ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਗੜੇਮਾਰੀ ਅਤੇ ਉੱਚਾਈ ਵਾਲੇ ਇਲਾਕਿਆਂ ਵਿੱਚ ਹਲਕੀ ਬਰਫ਼ਬਾਰੀ ਦਰਜ ਕੀਤੀ ਗਈ। ਰੋਹਤਾਂਗ ਅਤੇ ਬਾਰਾਲਾਚਾ ਵਿੱਚ ਮੌਸਮ ਅਚਾਨਕ ਬਦਲ ਗਿਆ। ਉੱਥੇ ਹੀ ਜੰਮੂ-ਕਸ਼ਮੀਰ ਦੇ ਅਨੰਤਨਾਗ ਵਿੱਚ ਦਰੱਖਤ ਡਿੱਗਣ ਕਾਰਨ ਇੱਕ ਬਜ਼ੁਰਗ ਮਹਿਲਾ ਦੀ ਮੌਤ ਹੋ ਗਈ।

ਪ੍ਰਸ਼ਾਸਨ ਅਲਰਟ ‘ਤੇ

ਵੱਖ-ਵੱਖ ਰਾਜ ਸਰਕਾਰਾਂ ਨੇ ਪ੍ਰਭਾਵਿਤ ਪਰਿਵਾਰਾਂ ਲਈ ਮੁਆਵਜ਼ੇ ਅਤੇ ਰਾਹਤ ਪੈਕੇਜਾਂ ਦਾ ਐਲਾਨ ਕੀਤਾ ਹੈ। ਅਧਿਕਾਰੀਆਂ ਨੂੰ ਨੁਕਸਾਨ ਦਾ ਜਾਇਜ਼ਾ ਲੈਣ ਅਤੇ ਪ੍ਰਭਾਵਿਤ ਲੋਕਾਂ ਤੱਕ ਤੁਰੰਤ ਮਦਦ ਪਹੁੰਚਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.