
PM Modi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਲੱਦਾਖ ਦੇ ਨੌਜਵਾਨਾਂ ਨੂੰ ਮਿਆਰੀ ਸਿੱਖਿਆ ਅਤੇ ਆਧੁਨਿਕ ਤਕਨਾਲੋਜੀ ਸਿੱਖਣ ਦੇ ਮੌਕੇ ਮੁਹੱਈਆ ਕਰਵਾਉਣ ਲਈ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦਾ ਉਦੇਸ਼ ਹੈ ਕਿ ਨੌਜਵਾਨਾਂ ਨੂੰ ਇਨ੍ਹਾਂ ਸਹੂਲਤਾਂ ਲਈ ਦੂਜੇ ਸ਼ਹਿਰਾਂ ’ਤੇ ਨਿਰਭਰ ਨਾ ਰਹਿਣਾ ਪਵੇ। ਪ੍ਰਧਾਨ ਮੰਤਰੀ ਨੇ ਲੱਦਾਖ ਵਿੱਚ ਹਵਾਈ ਅੱਡੇ ਦੇ ਬੁਨਿਆਦੀ ਢਾਂਚੇ ਅਤੇ ਸਰਹੱਦੀ ਸੜਕ ਸੰਪਰਕ ਨਾਲ ਜੁੜੇ ਲਗਭਗ 3,350 ਕਰੋੜ ਰੁਪਏ ਦੇ ਪੰਜ ਵਿਕਾਸ ਪ੍ਰੋਜੈਕਟਾਂ ਦਾ ਆਨਲਾਈਨ ਉਦਘਾਟਨ ਕੀਤਾ। ਉਨ੍ਹਾਂ ਦੱਸਿਆ ਕਿ ਜੰਮੂ ਸਥਿਤ ਭਾਰਤੀ ਤਕਨਾਲੋਜੀ ਸੰਸਥਾਨ (ਆਈਆਈਟੀ) ਅਤੇ ਭਾਰਤੀ ਪ੍ਰਬੰਧਨ ਸੰਸਥਾਨ (ਆਈਆਈਐਮ) ਦੇ ਕੈਂਪਸ ਸਥਾਪਤ ਕਰਨ ਦੇ ਪ੍ਰਸਤਾਵਾਂ ਨੂੰ ਅੱਗੇ ਵਧਾਇਆ ਜਾ ਰਿਹਾ ਹੈ।
ਮੋਦੀ ਨੇ ਕਿਹਾ ਕਿ ਇਨ੍ਹਾਂ ਸਿੱਖਿਆ ਕੇਂਦਰਾਂ ਰਾਹੀਂ ਲੱਦਾਖ ਦੇ ਨੌਜਵਾਨਾਂ ਨੂੰ ਆਪਣੇ ਹੀ ਖੇਤਰ ਵਿੱਚ ਉੱਚ ਸਿੱਖਿਆ, ਖੋਜ ਅਤੇ ਨਵੇਂ ਹੁਨਰ ਸਿੱਖਣ ਦੇ ਬਿਹਤਰ ਮੌਕੇ ਮਿਲ ਸਕਣਗੇ। ਉਨ੍ਹਾਂ ਕਿਹਾ ਕਿ ਲੱਦਾਖ ਦੀ ਨਵੀਂ ਪੀੜ੍ਹੀ ਨੂੰ ਚੰਗੀ ਸਿੱਖਿਆ ਅਤੇ ਨਵੀਂ ਤਕਨਾਲੋਜੀ ਨਾਲ ਜੋੜਨਾ ਸਰਕਾਰ ਦੀਆਂ ਮੁੱਖ ਤਰਜੀਹਾਂ ਵਿੱਚ ਸ਼ਾਮਲ ਹੈ। ਇਸੇ ਮਕਸਦ ਨਾਲ ਲੇਹ ਵਿੱਚ ਇੱਕ ਪ੍ਰਮੁੱਖ ਉੱਤਮਤਾ ਕੇਂਦਰ ਸਥਾਪਤ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਨਾਲ ਲੱਦਾਖ ਦੇ ਵਿਕਾਸ ਵਿੱਚ ਇੱਕ ਹੋਰ ਮਹੱਤਵਪੂਰਨ ਅਧਿਆਇ ਜੁੜਿਆ ਹੈ।
ਉਨ੍ਹਾਂ ਦੱਸਿਆ ਕਿ ਉਦਘਾਟਨ ਕੀਤੇ ਗਏ ਪ੍ਰੋਜੈਕਟਾਂ ਨਾਲ ਲੋਕਾਂ ਦੀ ਆਵਾਜਾਈ ਸੁਖਾਲੀ ਹੋਵੇਗੀ, ਕੁਝ ਖੇਤਰਾਂ ਵਿੱਚ ਬਿਜਲੀ ਦੀ ਸਪਲਾਈ ਵਿੱਚ ਸੁਧਾਰ ਆਵੇਗਾ ਅਤੇ ਪਾਣੀ ਦੀ ਉਪਲਬਧਤਾ ਵਧੇਗੀ। ਇਸ ਦੇ ਨਾਲ ਹੀ ਖੇਤਰ ਦੀ ਪੁਰਾਤਨ ਵਿਰਾਸਤ ਦੀ ਸੰਭਾਲ ਨੂੰ ਵੀ ਹੁਲਾਰਾ ਮਿਲੇਗਾ। ਅਧਿਕਾਰੀਆਂ ਅਨੁਸਾਰ, ਇਨ੍ਹਾਂ ਪ੍ਰੋਜੈਕਟਾਂ ਵਿੱਚ ਲੇਹ ਦੇ ਕੁਸ਼ੋਕ ਬਕੁਲਾ ਰਿੰਪੋਚੇ ਹਵਾਈ ਅੱਡੇ ’ਤੇ 640 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਨਵਾਂ ਯਾਤਰੀ ਟਰਮੀਨਲ ਵੀ ਸ਼ਾਮਲ ਹੈ। ਲਗਭਗ 23,800 ਵਰਗ ਮੀਟਰ ਵਿੱਚ ਫੈਲੇ ਇਸ ਟਰਮੀਨਲ ਨੂੰ ਹਰ ਸਾਲ 35 ਲੱਖ ਯਾਤਰੀਆਂ ਦੀ ਆਵਾਜਾਈ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ।
ਇਸ ਆਧੁਨਿਕ ਟਰਮੀਨਲ ਵਿੱਚ ਊਰਜਾ ਦੀ ਬਚਤ ਅਤੇ ਕਾਰਬਨ ਨਿਕਾਸ ਘਟਾਉਣ ਲਈ ਭੂ-ਤਾਪੀ ਊਰਜਾ ਦੀ ਵਰਤੋਂ ਕੀਤੀ ਗਈ ਹੈ। ਮੋਦੀ ਨੇ ਸੀਮਾ ਸੜਕ ਸੰਗਠਨ (ਬੀਆਰਓ) ਵੱਲੋਂ ਬਣਾਈ ਗਈ 298 ਕਿਲੋਮੀਟਰ ਲੰਬੀ ਨਿਮੂ-ਪਦਮ-ਦਰਚਾ ਸੜਕ, ਨੌਂ ਮੈਗਾਵਾਟ ਦੀ ਹਨੂ ਲਘੂ ਪਣ-ਬਿਜਲੀ ਯੋਜਨਾ ਅਤੇ 66 ਕਿਲੋਵਾਟ ਦੀ ਡਬਲ-ਸਰਕਟ ਦਾਹ-ਹਨੂ-ਖਾਲਤਸੀ ਟਰਾਂਸਮਿਸ਼ਨ ਲਾਈਨ ਦਾ ਵੀ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਸਹੂਲਤਾਂ ਨਾਲ ਖੇਤਰ ਵਿੱਚ ਸੰਪਰਕ ਅਤੇ ਬਿਜਲੀ ਸਪਲਾਈ ਨੂੰ ਮਜ਼ਬੂਤੀ ਮਿਲੇਗੀ।
ਪ੍ਰਧਾਨ ਮੰਤਰੀ ਨੇ ਲੇਹ ਦੇ ਸਿੰਧੂ ਘਾਟ ’ਤੇ ਦੇਸ਼ ਦੇ ਪਹਿਲੇ ਸ਼ੈਲਚਿੱਤਰ ਸੰਭਾਲ ਪਾਰਕ ਅਤੇ ‘ਹਿਮ ਸਰੋਵਰ’ ਯੋਜਨਾ ਤਹਿਤ 40 ਪਿੰਡਾਂ ਵਿੱਚ ਤਿਆਰ ਕੀਤੇ ਗਏ 40 ਜਲ ਭੰਡਾਰਾਂ ਦਾ ਵੀ ਉਦਘਾਟਨ ਕੀਤਾ। ਉਨ੍ਹਾਂ ਇਨ੍ਹਾਂ ਪ੍ਰੋਜੈਕਟਾਂ ਨਾਲ ਜੁੜੇ ਇੰਜੀਨੀਅਰਾਂ, ਮਜ਼ਦੂਰਾਂ ਅਤੇ ਸਥਾਨਕ ਸਹਿਯੋਗੀਆਂ ਦੀ ਸ਼ਲਾਘਾ ਕੀਤੀ ਅਤੇ ਬੀਆਰਓ ਦੇ ਕਰਮਚਾਰੀਆਂ ਦੀ ਵਿਸ਼ੇਸ਼ ਤੌਰ ’ਤੇ ਪ੍ਰਸ਼ੰਸਾ ਕੀਤੀ। ਮੋਦੀ ਨੇ ਕਿਹਾ ਕਿ ਲੱਦਾਖ ਵਿੱਚ ਸੈਰ-ਸਪਾਟੇ ਦੀਆਂ ਸੰਭਾਵਨਾਵਾਂ ਕਾਫ਼ੀ ਹਨ ਅਤੇ ਨਵਾਂ ਹਵਾਈ ਅੱਡਾ ਟਰਮੀਨਲ ਇਸ ਖੇਤਰ ਦੇ ਸੈਰ-ਸਪਾਟਾ ਉਦਯੋਗ ਨੂੰ ਨਵੀਂ ਰਫ਼ਤਾਰ ਦੇ ਸਕਦਾ ਹੈ। ਉਨ੍ਹਾਂ ਮੁਤਾਬਕ, ਜਿਸ ਸਫ਼ਰ ਨੂੰ ਪਹਿਲਾਂ ਲਗਭਗ 12 ਘੰਟੇ ਲੱਗਦੇ ਸਨ, ਉਹ ਹੁਣ ਤਿੰਨ ਘੰਟਿਆਂ ਵਿੱਚ ਪੂਰਾ ਕੀਤਾ ਜਾ ਸਕੇਗਾ, ਜਿਸ ਨਾਲ ਵਪਾਰ ਅਤੇ ਕਾਰੋਬਾਰ ਨੂੰ ਵੀ ਲਾਭ ਮਿਲੇਗਾ।
ਮੋਦੀ ਨੇ ਲੱਦਾਖ ਵਿੱਚ ਖੇਡਾਂ ਦੀਆਂ ਸੰਭਾਵਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇੱਥੋਂ ਦੇ ਨੌਜਵਾਨਾਂ ਨੇ ਆਈਸ ਹਾਕੀ, ਸਰਦ ਰੁੱਤ ਦੀਆਂ ਖੇਡਾਂ ਅਤੇ ਪਹਾੜ ਚੜ੍ਹਾਈ ਵਰਗੇ ਖੇਤਰਾਂ ਵਿੱਚ ਆਪਣੀ ਪਛਾਣ ਬਣਾਈ ਹੈ। ਉਨ੍ਹਾਂ ਕਿਹਾ ਕਿ ਨਵੀਂ ਖੇਡ ਨੀਤੀ ਰਾਹੀਂ ਖਿਡਾਰੀਆਂ ਦੀ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਸਰਕਾਰ ਦਾ ਉਦੇਸ਼ ਨੌਜਵਾਨਾਂ ਨੂੰ ਬਿਹਤਰ ਸਿਖਲਾਈ ਅਤੇ ਲੋੜੀਂਦੀਆਂ ਸਹੂਲਤਾਂ ਦੇਣਾ ਹੈ, ਤਾਂ ਜੋ ਉਹ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਨਵੀਆਂ ਪ੍ਰਾਪਤੀਆਂ ਕਰ ਸਕਣ। ਪ੍ਰਧਾਨ ਮੰਤਰੀ ਨੇ ਕਿਹਾ ਕਿ ਲੱਦਾਖ ਵਿੱਚ ਆਧੁਨਿਕ ਬੁਨਿਆਦੀ ਢਾਂਚੇ ਦਾ ਵਿਕਾਸ ਕਰਦੇ ਸਮੇਂ ਵਾਤਾਵਰਣ ਦੀ ਸੁਰੱਖਿਆ ਨੂੰ ਵੀ ਤਰਜੀਹ ਦਿੱਤੀ ਜਾ ਰਹੀ ਹੈ।