Last Updated: October 7, 2026

Dainik Savera Times Logo

Nobel Prize in Chemistry 2026: ਫਰਾਂਸ ਦੇ ਕਗਨ ਅਤੇ ਜਾਪਾਨ ਦੇ ਕੇਨਸੋ ਨੂੰ ਮਿਲਿਆ ਕੈਮਿਸਟਰੀ ਦਾ ਨੋਬਲ ਪੁਰਸਕਾਰ

3 hours ਪਹਿਲਾ

Nobel Prize in Chemistry 2026: ਫਰਾਂਸ ਦੇ ਕਗਨ ਅਤੇ ਜਾਪਾਨ ਦੇ ਕੇਨਸੋ ਨੂੰ ਮਿਲਿਆ ਕੈਮਿਸਟਰੀ ਦਾ ਨੋਬਲ ਪੁਰਸਕਾਰ

2026 ਕੇਮਿਸਟਰੀ ਨੋਬਲ ਪੁਰਸਕਾਰ: ਰਾਇਲ ਸਵੀਡਿਸ਼ ਅਕੈਡਮੀ ਆਫ ਸਾਇੰਸਿਜ਼ ਨੇ 2026 ਦੇ ਕੇਮਿਸਟਰੀ ਨੋਬਲ ਪੁਰਸਕਾਰ ਦੇ ਜੇਤੂਆਂ ਦਾ ਐਲਾਨ ਕਰ ਦਿੱਤਾ ਹੈ। ਇਸ ਸਾਲ ਫਰਾਂਸ ਦੇ ਹੇਨਰੀ ਬੀ. ਕਗਾਨ ਅਤੇ ਜਾਪਾਨ ਦੇ ਕੇਨਸੋ ਸੋਆਈ ਨੂੰ ਰਸਾਇਣ ਵਿਗਿਆਨ ਦੇ ਖੇਤਰ ਵਿੱਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਲਈ ਇਹ ਸਨਮਾਨ ਦਿੱਤਾ ਗਿਆ ਹੈ। ਦੋਵੇਂ ਵਿਗਿਆਨੀਆਂ ਨੂੰ ਅਸਿਮੈਟਰਿਕ ਆਰਗੈਨਿਕ ਸਿੰਥੇਸਿਸ, ਨਾਨ-ਲੀਨੀਅਰ ਇਫੈਕਟਸ ਅਤੇ ਆਟੋ-ਕੈਟਾਲਿਸਿਸ ਨਾਲ ਜੁੜੇ ਕੰਮ ਲਈ ਸਨਮਾਨਿਤ ਕੀਤਾ ਗਿਆ ਹੈ।

ਦੋਵੇਂ ਵਿਗਿਆਨੀਆਂ ਦੀ ਖੋਜ ਨੇ ਰਸਾਇਣ ਵਿਗਿਆਨ ਦੀ ਕਰੀਬ ਇੱਕ ਸਦੀ ਪੁਰਾਣੀ ਚੁਣੌਤੀ ਨੂੰ ਸਮਝਣ ਅਤੇ ਹੱਲ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਦਾ ਕੰਮ ਅਜਿਹੇ ਅਣੂਆਂ ਨਾਲ ਜੁੜਿਆ ਹੈ, ਜਿਨ੍ਹਾਂ ਦੇ ਦੋ ਰੂਪ ਇੱਕ-ਦੂਜੇ ਦੀ ਦਰਪਣ ਤਸਵੀਰ ਯਾਨੀ ‘ਮਿਰਰ ਇਮੇਜ’ ਹੁੰਦੇ ਹਨ। ਵਿਗਿਆਨੀਆਂ ਸਾਹਮਣੇ ਚੁਣੌਤੀ ਇਹ ਸੀ ਕਿ ਕਿਸੇ ਰਸਾਇਣਕ ਪ੍ਰਕਿਰਿਆ ਵਿੱਚ ਇਨ੍ਹਾਂ ਦੋ ਸੰਭਾਵਿਤ ਰੂਪਾਂ ਵਿੱਚੋਂ ਸਿਰਫ਼ ਮਨਚਾਹਾ ਰੂਪ ਹੀ ਕਿਸ ਤਰ੍ਹਾਂ ਤਿਆਰ ਕੀਤਾ ਜਾਵੇ। ਇਸ ਉਪਲਬਧੀ ਦੀ ਦਵਾਈਆਂ ਤੋਂ ਇਲਾਵਾ ਫਲੇਵਰ, ਖੁਸ਼ਬੂ ਅਤੇ ਹੋਰ ਰਸਾਇਣਕ ਪਦਾਰਥਾਂ ਦੇ ਨਿਰਮਾਣ ਵਿੱਚ ਵੀ ਅਹਿਮੀਅਤ ਹੈ।

ਨੋਬਲ ਕਮੇਟੀ ਦੇ ਇੱਕ ਮੈਂਬਰ ਨੇ ਇਸ ਜਟਿਲ ਪ੍ਰਕਿਰਿਆ ਨੂੰ ਹੱਥਾਂ ਦੀ ਉਦਾਹਰਨ ਦੇ ਕੇ ਸਮਝਾਇਆ। ਉਨ੍ਹਾਂ ਦੱਸਿਆ ਕਿ ਇਨਸਾਨ ਦੇ ਦੋਵੇਂ ਹੱਥ ਦੇਖਣ ਵਿੱਚ ਲਗਭਗ ਇੱਕੋ ਜਿਹੇ ਹੁੰਦੇ ਹਨ, ਪਰ ਖੱਬਾ ਹੱਥ ਸੱਜੇ ਹੱਥ ਦੀ ਥਾਂ ਨਹੀਂ ਲੈ ਸਕਦਾ। ਇਸੇ ਤਰ੍ਹਾਂ ਕੁਝ ਅਣੂਆਂ ਦੇ ਵੀ ਦੋ ਵੱਖ-ਵੱਖ ਰੂਪ ਹੁੰਦੇ ਹਨ, ਜੋ ਇੱਕ-ਦੂਜੇ ਦੇ ਦਰਪਣ ਪ੍ਰਤੀਬਿੰਬ ਹੁੰਦੇ ਹਨ। ਜਦੋਂ ਵਿਗਿਆਨੀ ਅਜਿਹੇ ਅਣੂ ਤਿਆਰ ਕਰਦੇ ਹਨ, ਤਾਂ ਕਈ ਵਾਰ ਦੋਵੇਂ ਰੂਪ ਇਕੱਠੇ ਬਣ ਜਾਂਦੇ ਹਨ। ਦਵਾਈਆਂ ਦੇ ਮਾਮਲੇ ਵਿੱਚ ਇਹ ਖਾਸ ਤੌਰ ‘ਤੇ ਮਹੱਤਵਪੂਰਨ ਹੈ, ਕਿਉਂਕਿ ਇੱਕ ਰੂਪ ਬਿਮਾਰੀ ਦੇ ਇਲਾਜ ਵਿੱਚ ਲਾਭਦਾਇਕ ਹੋ ਸਕਦਾ ਹੈ, ਜਦਕਿ ਦੂਜਾ ਸਰੀਰ ‘ਤੇ ਉਲਟ ਅਸਰ ਪਾ ਸਕਦਾ ਹੈ।

ਇਸ ਸਮੱਸਿਆ ਦਾ ਹੱਲ ਲੱਭਣ ਦੀ ਦਿਸ਼ਾ ਵਿੱਚ ਹੇਨਰੀ ਬੀ. ਕਗਾਨ ਦਾ ਕੰਮ ਬੇਹੱਦ ਮਹੱਤਵਪੂਰਨ ਰਿਹਾ। 1986 ਵਿੱਚ ਉਨ੍ਹਾਂ ਨੇ ਰਸਾਇਣਕ ਪ੍ਰਤੀਕਿਰਿਆਵਾਂ ਨੂੰ ਕੰਟਰੋਲ ਕਰਨ ਦਾ ਇੱਕ ਨਵਾਂ ਤਰੀਕਾ ਵਿਕਸਿਤ ਕੀਤਾ, ਜਿਸ ਦੀ ਮਦਦ ਨਾਲ ਕਿਸੇ ਅਣੂ ਦੇ ਇੱਕ ਖਾਸ ਦਰਪਣ-ਰੂਪ ਨੂੰ ਦੂਜੇ ਦੇ ਮੁਕਾਬਲੇ ਵੱਧ ਮਾਤਰਾ ਵਿੱਚ ਤਿਆਰ ਕੀਤਾ ਜਾ ਸਕਿਆ। ਉਨ੍ਹਾਂ ਦੀ ਇਸ ਖੋਜ ਨੇ ਉਨ੍ਹਾਂ ਵਿਗਿਆਨੀਆਂ ਲਈ ਨਵੀਆਂ ਸੰਭਾਵਨਾਵਾਂ ਖੋਲ੍ਹੀਆਂ, ਜੋ ਦਵਾਈਆਂ, ਸੁਆਦ ਅਤੇ ਖੁਸ਼ਬੂ ਨਾਲ ਜੁੜੇ ਰਸਾਇਣਾਂ ਅਤੇ ਨਵੇਂ ਪਦਾਰਥਾਂ ਦੇ ਨਿਰਮਾਣ ਲਈ ਵੱਖ-ਵੱਖ ਰਸਾਇਣਕ ਪ੍ਰਕਿਰਿਆਵਾਂ ਵਿਕਸਿਤ ਕਰਦੇ ਹਨ।

ਇਸ ਤੋਂ ਬਾਅਦ ਕੇਨਸੋ ਸੋਆਈ ਨੇ ਇਸ ਖੇਤਰ ਵਿੱਚ ਅੱਗੇ ਮਹੱਤਵਪੂਰਨ ਕੰਮ ਕੀਤਾ। ਉਨ੍ਹਾਂ ਨੇ ਅਜਿਹੀ ਰਸਾਇਣਕ ਪ੍ਰਤੀਕਿਰਿਆ ਵਿਕਸਿਤ ਕਰਨ ਦੀ ਦਿਸ਼ਾ ਵਿੱਚ ਯੋਗਦਾਨ ਦਿੱਤਾ, ਜਿਸ ਵਿੱਚ ਸੰਭਾਵਿਤ ਦਰਪਣ-ਰੂਪਾਂ ਵਿੱਚੋਂ ਇੱਕ ਨੂੰ ਤਰਜੀਹ ਮਿਲਦੀ ਹੈ। ਇਸ ਪ੍ਰਕਿਰਿਆ ਵਿੱਚ ਬਣਨ ਵਾਲਾ ਅਣੂ ਅੱਗੇ ਉਸੇ ਤਰ੍ਹਾਂ ਦੇ ਹੋਰ ਅਣੂਆਂ ਦੇ ਨਿਰਮਾਣ ਵਿੱਚ ਭੂਮਿਕਾ ਨਿਭਾ ਸਕਦਾ ਹੈ। ਦਿਲਚਸਪ ਗੱਲ ਇਹ ਹੈ ਕਿ ਦਰਪਣ-ਰੂਪ ਵਾਲੇ ਅਣੂਆਂ ਦੀ ਅਹਿਮੀਅਤ ਸਿਰਫ਼ ਪ੍ਰਯੋਗਸ਼ਾਲਾ ਤੱਕ ਸੀਮਿਤ ਨਹੀਂ ਹੈ। ਮਨੁੱਖੀ ਸਰੀਰ ਵੀ ਅਮੀਨੋ ਐਸਿਡ ਦੇ ਉਪਲਬਧ ਰੂਪਾਂ ਵਿੱਚੋਂ ਇੱਕ ਖਾਸ ਰੂਪ ਦੀ ਵਰਤੋਂ ਪ੍ਰੋਟੀਨ ਬਣਾਉਣ ਲਈ ਕਰਦਾ ਹੈ।

2026 ਦੇ ਕੇਮਿਸਟਰੀ ਨੋਬਲ ਪੁਰਸਕਾਰ ਦੇ ਜੇਤੂਆਂ ਨੂੰ ਦਸੰਬਰ ਵਿੱਚ ਸਵੀਡਨ ਦੀ ਰਾਜਧਾਨੀ ਸਟਾਕਹੋਮ ਵਿੱਚ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਨੂੰ ਨੋਬਲ ਮੈਡਲ, ਡਿਪਲੋਮਾ ਅਤੇ ਪੁਰਸਕਾਰ ਦੀ ਰਕਮ ਪ੍ਰਦਾਨ ਕੀਤੀ ਜਾਵੇਗੀ। ਇਸ ਸਾਲ ਵੱਖ-ਵੱਖ ਖੇਤਰਾਂ ਵਿੱਚ ਨੋਬਲ ਪੁਰਸਕਾਰਾਂ ਦੇ ਐਲਾਨਾਂ ਦਾ ਸਿਲਸਿਲਾ 6 ਅਕਤੂਬਰ ਤੋਂ ਸ਼ੁਰੂ ਹੋਇਆ ਹੈ। ਇਸ ਤਹਿਤ ਭੌਤਿਕ ਵਿਗਿਆਨ ਦੇ ਨੋਬਲ ਪੁਰਸਕਾਰ ਦਾ ਐਲਾਨ ਵੀ ਕੀਤਾ ਗਿਆ, ਜਦਕਿ ਹੁਣ ਰਸਾਇਣ ਵਿਗਿਆਨ ਦੇ ਖੇਤਰ ਵਿੱਚ ਹੇਨਰੀ ਬੀ. ਕਗਾਨ ਅਤੇ ਕੇਨਸੋ ਸੋਆਈ ਦੇ ਨਾਮ ਸਾਹਮਣੇ ਆਏ ਹਨ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.