Last Updated: October 20, 2026

Dainik Savera Times Logo

PUNJAB : ਲਹਿਰਾਗਾਗਾ ਦੇ ਪਿੰਡ ਅਲੀ ਸ਼ੇਰ ‘ਚ ਵਾਪਰਿਆ ਭਿਆਨਕ ਹਾਦਸਾ, ਨਰੇਗਾ ਦੇ 9 ਮਜ਼ਦੂਰਾਂ ਦੀ ਦਰਦਨਾਕ ਮੌਤ

19 October 2026 ਅੱਪਡੇਟ ਕੀਤਾ ਗਿਆ

PUNJAB : ਲਹਿਰਾਗਾਗਾ ਦੇ ਪਿੰਡ ਅਲੀ ਸ਼ੇਰ ‘ਚ ਵਾਪਰਿਆ ਭਿਆਨਕ ਹਾਦਸਾ, ਨਰੇਗਾ ਦੇ 9 ਮਜ਼ਦੂਰਾਂ ਦੀ ਦਰਦਨਾਕ ਮੌਤ

Lehragaga Road Accident News : ਸੰਗਰੂਰ ਦੇ ਲਹਿਰਾਗਾਗਾ ਇਲਾਕੇ ਵਿੱਚ, ਜਾਖਲ ਰੋਡ ‘ਤੇ ਐਤਵਾਰ ਸ਼ਾਮ ਨੂੰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਤੇਜ਼ ਰਫ਼ਤਾਰ ਅਤੇ ਬੇਕਾਬੂ ਹੋਈ ਇੱਕ ਕਾਰ ਨੇ ਨਰੇਗਾ (MGNREGA) ਸਕੀਮ ਤਹਿਤ ਕੰਮ ਕਰ ਰਹੀਆਂ ਮਹਿਲਾ ਮਜ਼ਦੂਰਾਂ ਦੇ ਇੱਕ ਸਮੂਹ ਨੂੰ ਟੱਕਰ ਮਾਰ ਦਿੱਤੀ। ਰਿਪੋਰਟਾਂ ਅਨੁਸਾਰ, ਲਗਭਗ 9 ਦੀ ਮੌਤ ਹੋ ਗਈ, ਜਦਕਿ ਕਈ ਹੋਰ ਗੰਭੀਰ ਜ਼ਖ਼ਮੀ ਹੋ ਗਈਆਂ।

ਮੁੱਢਲੀ ਜਾਣਕਾਰੀ ਮੁਤਾਬਕ, ਜਦੋਂ ਇਹ ਘਟਨਾ ਵਾਪਰੀ, ਤਾਂ ਨਰੇਗਾ ਸਕੀਮ ਤਹਿਤ ਲਗਭਗ 23 ਮਜ਼ਦੂਰ ਜਿਨ੍ਹਾਂ ਵਿੱਚ ਮਰਦ ਅਤੇ ਔਰਤਾਂ ਦੋਵੇਂ ਸ਼ਾਮਲ ਸਨ ਸੜਕ ਦੇ ਕਿਨਾਰੇ ਕੰਮ ਕਰ ਰਹੇ ਸਨ, ਅਚਾਨਕ ਇੱਕ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਗਈ ਅਤੇ ਮਜ਼ਦੂਰਾਂ ਦੇ ਉੱਪਰ ਚੜ੍ਹ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਪੀੜਤਾਂ ਨੂੰ ਸੰਭਲਣ ਜਾਂ ਬਚਣ ਦਾ ਕੋਈ ਮੌਕਾ ਨਹੀਂ ਮਿਲਿਆ।

ਜ਼ਖ਼ਮੀਆਂ ਦਾ ਹਸਪਤਾਲਾਂ ਵਿੱਚ ਚੱਲ ਰਿਹਾ ਇਲਾਜ

ਇਸ ਅਚਾਨਕ ਵਾਪਰੇ ਭਿਆਨਕ ਹਾਦਸੇ ਕਾਰਨ ਮੌਕੇ ‘ਤੇ ਹਫੜਾ-ਦਫੜੀ ਮੱਚ ਗਈ ਅਤੇ ਲੋਕ ਮਦਦ ਲਈ ਚੀਕਾਂ ਮਾਰਨ ਲੱਗੇ। ਸਥਾਨਕ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕੀਤੇ। ਜ਼ਖ਼ਮੀਆਂ ਨੂੰ ਤੁਰੰਤ ਲਹਿਰਾਗਾਗਾ ਅਤੇ ਸੁਨਾਮ ਦੇ ਸਰਕਾਰੀ ਹਸਪਤਾਲਾਂ ਵਿੱਚ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਕਈ ਪੀੜਤਾਂ ਦੀ ਹਾਲਤ ਨਾਜ਼ੁਕ ਹੋਣ ਕਾਰਨ, ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।

ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਪਹੁੰਚੇ

ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਅਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਹਾਦਸੇ ਵਾਲੀ ਥਾਂ ਅਤੇ ਹਸਪਤਾਲਾਂ ਵਿੱਚ ਪਹੁੰਚੇ। ਪੁਲਿਸ ਨੇ ਉਸ ਵਾਹਨ ਅਤੇ ਡਰਾਈਵਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ, ਜੋ ਘਟਨਾ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ ਸੀ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੜਕਾਂ ਦੇ ਕਿਨਾਰੇ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਸੁਰੱਖਿਆ ਲਈ ਪੁਖ਼ਤਾ ਪ੍ਰਬੰਧ ਕੀਤੇ ਜਾਣ ਅਤੇ ਤੇਜ਼ ਰਫ਼ਤਾਰ ਵਾਹਨ ਚਲਾਉਣ ਵਾਲਿਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.