
India US Trade Deal: ਭਾਰਤ ਅਤੇ ਅਮਰੀਕਾ ਵਿਚਾਲੇ ਪ੍ਰਸਤਾਵਿਤ ਵਪਾਰ ਸਮਝੌਤੇ ਨੂੰ ਲੈ ਕੇ ਅਹਿਮ ਬਿਆਨ ਸਾਹਮਣੇ ਆਇਆ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਹੈ ਕਿ ਦੋਵੇਂ ਦੇਸ਼ ਸਮਝੌਤੇ ਨੂੰ ਅੰਤਿਮ ਰੂਪ ਦੇਣ ਦੇ ਕਾਫ਼ੀ ਨੇੜੇ ਪਹੁੰਚ ਚੁੱਕੇ ਹਨ। ਭਾਰਤ ਦੇ ਦੌਰੇ ਤੋਂ ਇੱਕ ਦਿਨ ਪਹਿਲਾਂ ਉਨ੍ਹਾਂ ਨੇ ਕਿਹਾ ਕਿ ਸਮਝੌਤੇ ਸਬੰਧੀ ਜ਼ਿਆਦਾਤਰ ਕੰਮ ਪੂਰਾ ਹੋ ਚੁੱਕਾ ਹੈ ਅਤੇ ਹੁਣ ਇਸ ਨੂੰ ਅੰਤਿਮ ਰੂਪ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਰੂਬੀਓ ਨੇ ਰੂਸੀ ਤੇਲ ਅਤੇ ਗੈਸ ਦੀ ਖਰੀਦ ਦੇ ਮੁੱਦੇ ’ਤੇ ਵੀ ਅਮਰੀਕਾ ਦਾ ਪੱਖ ਰੱਖਿਆ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਪਾਬੰਦੀਆਂ ਦੇ ਵਿਸ਼ਵ ਪੱਧਰੀ ਸਪਲਾਈ ਅਤੇ ਕੀਮਤਾਂ ’ਤੇ ਪੈਣ ਵਾਲੇ ਪ੍ਰਭਾਵ ਨੂੰ ਦੇਖਦਿਆਂ ਕੁਝ ਮਾਮਲਿਆਂ ਵਿੱਚ ਛੋਟ ਦੇਣੀ ਪਈ ਹੈ। ਉਨ੍ਹਾਂ ਮੁਤਾਬਕ, ਅਜਿਹੇ ਫੈਸਲੇ ਕਰਦੇ ਸਮੇਂ ਕੌਮੀ ਸੁਰੱਖਿਆ, ਭੂਗੋਲਿਕ ਹਾਲਾਤ ਅਤੇ ਵਿਕਲਪਕ ਊਰਜਾ ਸਰੋਤਾਂ ਦੀ ਉਪਲਬਧਤਾ ਵਰਗੇ ਪਹਿਲੂਆਂ ਨੂੰ ਧਿਆਨ ਵਿੱਚ ਰੱਖਣਾ ਪੈਂਦਾ ਹੈ। ਰੂਬੀਓ ਨੇ ਕਿਹਾ ਕਿ ਹਰ ਦੇਸ਼ ਦੀਆਂ ਸਥਿਤੀਆਂ ਵੱਖਰੀਆਂ ਹੁੰਦੀਆਂ ਹਨ, ਇਸ ਲਈ ਵਿਦੇਸ਼ ਨੀਤੀ ਬਣਾਉਂਦਿਆਂ ਕਈ ਕਾਰਕਾਂ ਵਿਚਾਲੇ ਸੰਤੁਲਨ ਕਾਇਮ ਕਰਨਾ ਜ਼ਰੂਰੀ ਹੈ।
ਭਾਰਤ ਅਤੇ ਅਮਰੀਕਾ ਵਿਚਾਲੇ ਵਪਾਰ ਸਮਝੌਤੇ ਦੇ ਪਹਿਲੇ ਪੜਾਅ ’ਤੇ ਗੱਲਬਾਤ ਅੰਤਿਮ ਦੌਰ ਵਿੱਚ ਦੱਸੀ ਜਾ ਰਹੀ ਹੈ, ਪਰ ਖੇਤੀਬਾੜੀ ਖੇਤਰ, ਖ਼ਾਸ ਕਰਕੇ ਡੇਅਰੀ ਉਤਪਾਦਾਂ ਲਈ ਭਾਰਤੀ ਬਾਜ਼ਾਰ ਤੱਕ ਪਹੁੰਚ ਦਾ ਮੁੱਦਾ ਅਜੇ ਵੀ ਵੱਡੀ ਰੁਕਾਵਟ ਬਣਿਆ ਹੋਇਆ ਹੈ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ ਅਤੇ ਈਰਾਨ ਵਿਰੁੱਧ ਪਾਬੰਦੀਆਂ ਨਾਲ ਸਬੰਧਤ ‘ਲਿੰਡਸੇ ਓ. ਗ੍ਰਾਹਮ ਸੈਂਕਸ਼ਨਿੰਗ ਰਸ਼ੀਆ ਐਂਡ ਈਰਾਨ ਐਕਟ’ ਨੂੰ ਲਾਗੂ ਕਰਨ ਸਬੰਧੀ ਹੁਕਮਾਂ ’ਤੇ ਦਸਤਖ਼ਤ ਕੀਤੇ ਹਨ। ਇਸ ਦੇ ਨਾਲ ਰੂਸੀ ਤੇਲ ਖਰੀਦਣ ਵਾਲੇ ਦੇਸ਼ਾਂ ’ਤੇ ਲਗਾਏ ਜਾਣ ਵਾਲੇ ਟੈਰਿਫਾਂ ਵਿੱਚ ਛੋਟ ਵੀ ਦਿੱਤੀ ਗਈ ਹੈ।
ਇਸ ਵਪਾਰ ਸਮਝੌਤੇ ਦਾ ਮੁੱਖ ਮਕਸਦ ਭਾਰਤੀ ਉਤਪਾਦਾਂ ਨੂੰ ਅਮਰੀਕੀ ਬਾਜ਼ਾਰ ਵਿੱਚ ਘੱਟ ਅਤੇ ਸਥਿਰ ਟੈਰਿਫ ਦਰਾਂ ’ਤੇ ਪਹੁੰਚ ਮੁਹੱਈਆ ਕਰਵਾਉਣਾ ਹੈ। ਇਸ ਦੇ ਬਦਲੇ ਭਾਰਤ ਵੱਲੋਂ ਅਮਰੀਕੀ ਉਤਪਾਦਾਂ ਲਈ ਆਪਣੇ ਬਾਜ਼ਾਰ ਵਿੱਚ ਵਧੇਰੇ ਮੌਕੇ ਦੇਣ ਦੀ ਵਿਵਸਥਾ ਕੀਤੀ ਜਾ ਰਹੀ ਹੈ। ਫਰਵਰੀ ਵਿੱਚ ਐਲਾਨੇ ਗਏ ਢਾਂਚੇ ਤਹਿਤ ਅਮਰੀਕਾ ਨੇ ਭਾਰਤੀ ਵਸਤਾਂ ’ਤੇ ਲਾਗੂ ਪਰਸਪਰ ਟੈਰਿਫ 25 ਫ਼ੀਸਦੀ ਤੋਂ ਘਟਾ ਕੇ 18 ਫ਼ੀਸਦੀ ਕਰ ਦਿੱਤਾ ਸੀ। ਇਸ ਤੋਂ ਇਲਾਵਾ, ਰੂਸੀ ਤੇਲ ਦੀ ਖਰੀਦ ਨਾਲ ਜੁੜਿਆ ਵਾਧੂ 25 ਫ਼ੀਸਦੀ ਟੈਰਿਫ ਵੀ ਹਟਾ ਦਿੱਤਾ ਗਿਆ ਸੀ।
ਸਮਝੌਤੇ ਦੇ ਬਦਲੇ ਭਾਰਤ ਨੇ ਅਮਰੀਕੀ ਉਦਯੋਗਿਕ ਵਸਤਾਂ ਅਤੇ ਕਈ ਖੇਤੀਬਾੜੀ ਉਤਪਾਦਾਂ ’ਤੇ ਦਰਾਮਦ ਡਿਊਟੀ ਘਟਾਉਣ ਜਾਂ ਖ਼ਤਮ ਕਰਨ ਦੀ ਵਚਨਬੱਧਤਾ ਜਤਾਈ ਸੀ। ਇਨ੍ਹਾਂ ਉਤਪਾਦਾਂ ਵਿੱਚ ਟ੍ਰੀ ਨਟਸ, ਫਲ, ਸੋਇਆਬੀਨ ਤੇਲ, ਵਾਈਨ ਅਤੇ ਹੋਰ ਸ਼ਰਾਬੀ ਪਦਾਰਥ ਸ਼ਾਮਲ ਹਨ। ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਪਹਿਲਾਂ ਕਹਿ ਚੁੱਕੇ ਹਨ ਕਿ ਸਮਝੌਤੇ ਦੇ ਪਹਿਲੇ ਪੜਾਅ ਨੂੰ ਅੰਤਿਮ ਰੂਪ ਦਿੱਤਾ ਜਾ ਚੁੱਕਾ ਹੈ ਅਤੇ ਇਸ ਦਾ ਕਾਨੂੰਨੀ ਖਰੜਾ ਤਿਆਰ ਕੀਤਾ ਜਾ ਰਿਹਾ ਹੈ। ਹਾਲਾਂਕਿ, ਇਸ ਨੂੰ ਲਾਗੂ ਕਰਨ ਦਾ ਅਗਲਾ ਕਦਮ ਭਾਰਤ ਦੇ ਮੁਕਾਬਲੇਬਾਜ਼ੀ ਨਾਲ ਜੁੜੇ ਹਿੱਤਾਂ ਬਾਰੇ ਸਪੱਸ਼ਟਤਾ ਮਿਲਣ ’ਤੇ ਨਿਰਭਰ ਕਰੇਗਾ।
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਵੀ ਹਾਲ ਹੀ ਵਿੱਚ ਕਹਿ ਚੁੱਕੇ ਹਨ ਕਿ ਗੱਲਬਾਤ ਹੁਣ ਸਮਝੌਤੇ ਦੇ ਅੰਤਿਮ ਪੜਾਅ ਜਾਂ ‘ਲੈਂਡਿੰਗ ਪੁਆਇੰਟ’ ਦੇ ਨੇੜੇ ਹੈ। ਦੂਜੇ ਪਾਸੇ, ਅਮਰੀਕੀ ਵਪਾਰ ਪ੍ਰਤੀਨਿਧੀ ਜੇਮੀਸਨ ਗ੍ਰੀਅਰ ਨੇ 2 ਅਕਤੂਬਰ ਨੂੰ ਕਿਹਾ ਸੀ ਕਿ ਸਮਝੌਤਾ ਤੁਰੰਤ ਹੋਣ ਦੀ ਉਮੀਦ ਨਹੀਂ ਕਰਨੀ ਚਾਹੀਦੀ। ਇਸੇ ਦੌਰਾਨ ਭਾਰਤ ਦੇ ਵਪਾਰਕ ਅੰਕੜਿਆਂ ਵਿੱਚ ਵੀ ਵਾਧਾ ਦਰਜ ਕੀਤਾ ਗਿਆ। ਸਤੰਬਰ 2026 ਵਿੱਚ ਦੇਸ਼ ਦਾ ਵਸਤੂ ਨਿਰਯਾਤ 23 ਫ਼ੀਸਦੀ ਵਧ ਕੇ 44.4 ਅਰਬ ਡਾਲਰ ਹੋ ਗਿਆ, ਜਦਕਿ ਵਪਾਰ ਘਾਟੇ ਵਿੱਚ ਵੀ ਕਮੀ ਆਈ।