ਪੰਜਾਬ ਡੈਕਸ: ਅੱਜ ਇੱਥੇ ਕਈ ਪ੍ਰਮੁੱਖ ਪੰਥਕ ਆਗੂਆਂ ਨੇ ਸ਼੍ਰੋਮਣੀ ਕਮੇਟੀ ਵੱਲੋਂ ਨਿਯੁਕਤ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਨਿਮਰਤਾ ਨਾਲ ਅਪੀਲ ਕੀਤੀ ਕਿ ਉਹ 328 ਪਾਵਨ ਸਰੂਪਾਂ ਦੀ ਜਾਂਚ ਦੇ ਸੰਵੇਦਨਸ਼ੀਲ ਮਾਮਲੇ ਵਿੱਚ ਕਿਸੇ ਵੀ ਰਾਜਨੀਤਿਕ ਦਬਾਅ ਜਾਂ ਲੀਡਰਸ਼ਿਪ ਦੀ ਢਾਲ ਨਾ ਬਣਨ।
ਭਾਈ ਮੋਹਕਮ ਸਿੰਘ ਭਾਈ ਮਨਜੀਤ ਸਿੰਘ ਭੋਮਾ ਸਤਨਾਮ ਸਿੰਘ ਮਨਾਵਾਂ ਭਾਈ ਮੇਜਰ ਸਿੰਘ ਜੋ ਕਿ ਸਾਬਕਾ ਪੰਜ ਪਿਆਰੇ ਰਹਿ ਚੁੱਕੇ ਹਨ ਅਤੇ ਭਾਈ ਕੁਲਵਿੰਦਰ ਸਿੰਘ ਅਰਦਾਸੀਆਂ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਜਥੇਦਾਰ ਦੀ ਇਹ ਨੈਤਿਕ ਜਿੰਮੇਵਾਰੀ ਬਣਦੀ ਹੈ ਕਿ ਉਹ ਪੂਰੀ ਨਿਰਪੱਖਤਾ ਨਾਲ ਜਾਂਚ ਨੂੰ ਅੱਗੇ ਵਧਾਉਣ ਅਤੇ ਜੋ ਵੀ ਵਿਅਕਤੀ ਜਾਂ ਧਿਰ ਇਸ ਜਾਂਚ ਵਿੱਚ ਰੁਕਾਵਟ ਪੈਦਾ ਕਰ ਰਹੀ ਹੈ ਉਸਨੂੰ ਅਕਾਲ ਤਖ਼ਤ ਸਾਹਿਬ ਉੱਤੇ ਤਲਬ ਕਰਕੇ ਪੰਥਕ ਜਵਾਬਦੇਹੀ ਨੂੰ ਯਕੀਨੀ ਬਣਾਏ।
ਇਹ ਵੀ ਪੜ੍ਹੋ: ਮਾਨ ਦੀ ਰਾਜਪਾਲ ਨਾਲ ਮੁਲਾਕਾਤ: ਨਸ਼ਾ ਮੁਕਤੀ ਲਈ ਨਵੀਂ ਉਮੀਦ
ਉਨ੍ਹਾਂ ਕਿਹਾ ਕਿ ਹੁਣ ਇਹ ਮਾਮਲਾ ਕਿਸੇ ਵੀ ਤਰੀਕੇ ਨਾਲ ਓਹਲੇ ਨਹੀਂ ਪਾਇਆ ਜਾ ਸਕਦਾ ਕਿਉਂਕਿ ਜਾਂਚ ਕਾਫੀ ਅੱਗੇ ਵਧ ਚੁੱਕੀ ਹੈ ਅਤੇ ਸੱਚਾਈ ਸਾਹਮਣੇ ਆਉਣੀ ਲਾਜ਼ਮੀ ਹੈ। ਉਨ੍ਹਾਂ ਜਥੇਦਾਰ ਸਾਹਿਬ ਤੋਂ ਉਮੀਦ ਜਤਾਈ ਕਿ ਉਹ ਕਿਸੇ ਵੀ ਰਾਜਨੀਤਿਕ ਦਬਾਅ ਤੋਂ ਉਪਰ ਉੱਠ ਕੇ ਡਟ ਕੇ ਖੜ੍ਹਨ ਅਤੇ ਅਸਲ ਦੋਸ਼ੀਆਂ ਨੂੰ ਪੰਥ ਦੇ ਸਾਹਮਣੇ ਲਿਆਉਣ।
ਪੰਥਕ ਆਗੂਆਂ ਨੇ ਇਹ ਵੀ ਕਿਹਾ ਕਿ ਜੇਕਰ ਅਕਾਲ ਤਖ਼ਤ ਦੀ ਗਰਿਮਾ ਅਤੇ ਵਿਸ਼ਵਾਸ ਨੂੰ ਕਾਇਮ ਰੱਖਣਾ ਹੈ ਤਾਂ ਇਹ ਲਾਜ਼ਮੀ ਹੈ ਕਿ ਜਾਂਚ ਪੂਰੀ ਪਾਰਦਰਸ਼ਤਾ ਨਾਲ ਹੋਵੇ ਅਤੇ ਜੋ ਵੀ ਦੋਸ਼ੀ ਹੋਵੇ ਉਸਨੂੰ ਬਿਨਾਂ ਕਿਸੇ ਭੇਦਭਾਵ ਦੇ ਜਵਾਬਦੇਹ ਬਣਾਇਆ ਜਾਵੇ।
