Egypt Train Accident: ਮਿਸਰ ਦੇ ਗੀਜ਼ਾ ਸੂਬੇ ਵਿੱਚ ਐਤਵਾਰ ਨੂੰ ਦੋ ਰੇਲਗੱਡੀਆਂ ਵਿਚਾਲੇ ਹੋਈ ਜ਼ਬਰਦਸਤ ਟੱਕਰ ਨੇ ਵੱਡਾ ਹਾਦਸਾ ਵਾਪਰ ਦਿੱਤਾ। ਇਸ ਘਟਨਾ ਵਿੱਚ ਹੁਣ ਤੱਕ 7 ਲੋਕਾਂ ਦੀ ਜਾਨ ਜਾ ਚੁੱਕੀ ਹੈ, ਜਦਕਿ 112 ਹੋਰ ਵਿਅਕਤੀ ਜ਼ਖ਼ਮੀ ਹੋਏ ਹਨ। ਮਿਸਰ ਦੇ ਸਿਹਤ ਅਤੇ ਆਬਾਦੀ ਮੰਤਰਾਲੇ ਵੱਲੋਂ ਜਾਰੀ ਜਾਣਕਾਰੀ ਵਿੱਚ ਮੌਤਾਂ ਅਤੇ ਜ਼ਖ਼ਮੀਆਂ ਦੀ ਪੁਸ਼ਟੀ ਕੀਤੀ ਗਈ ਹੈ।
ਸਿਹਤ ਮੰਤਰਾਲੇ ਮੁਤਾਬਕ, ਹਸਪਤਾਲਾਂ ਵਿੱਚ ਦਾਖ਼ਲ ਜ਼ਖ਼ਮੀਆਂ ਵਿੱਚੋਂ 45 ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਇਸ ਤੋਂ ਇਲਾਵਾ 7 ਹੋਰ ਮਰੀਜ਼ਾਂ ਦੀ ਹਾਲਤ ਵਿੱਚ ਸੁਧਾਰ ਹੋਣ ਕਾਰਨ ਉਨ੍ਹਾਂ ਨੂੰ ਵੀ ਜਲਦ ਘਰ ਭੇਜਣ ਦੀ ਸੰਭਾਵਨਾ ਹੈ। ਬਾਕੀ ਜ਼ਖ਼ਮੀਆਂ ਦਾ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ।
ਹਾਦਸੇ ਤੋਂ ਬਾਅਦ ਰਾਹਤ ਅਤੇ ਬਚਾਅ ਕਾਰਜਾਂ ਲਈ 72 ਐਂਬੂਲੈਂਸਾਂ ਤਾਇਨਾਤ ਕੀਤੀਆਂ ਗਈਆਂ ਸਨ। ਜ਼ਖ਼ਮੀਆਂ ਨੂੰ ਗੀਜ਼ਾ ਅਤੇ ਨੇੜਲੇ ਬੇਨੀ ਸੂਏਫ ਸੂਬੇ ਦੇ ਕਈ ਹਸਪਤਾਲਾਂ ਵਿੱਚ ਪਹੁੰਚਾਇਆ ਗਿਆ। ਸਿਹਤ ਮੰਤਰੀ ਖਾਲਿਦ ਅਬਦੇਲ ਗੱਫਾਰ ਨੇ ਦੋਵਾਂ ਸੂਬਿਆਂ ਦੇ ਸਿਹਤ ਕੇਂਦਰਾਂ ਨੂੰ ਪੂਰੀ ਤਰ੍ਹਾਂ ਤਿਆਰ ਰਹਿਣ ਅਤੇ ਮਰੀਜ਼ਾਂ ਨੂੰ ਹਰ ਲੋੜੀਂਦੀ ਐਮਰਜੈਂਸੀ ਸਹਾਇਤਾ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ।
ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਾਹ ਅਲ-ਸੀਸੀ ਨੇ ਵੀ ਇਸ ਘਟਨਾ ‘ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਰਾਹੀਂ ਕਿਹਾ ਕਿ ਉਹ ਹਾਦਸੇ ਤੋਂ ਬਾਅਦ ਪੈਦਾ ਹੋਏ ਹਾਲਾਤਾਂ ‘ਤੇ ਲਗਾਤਾਰ ਨਜ਼ਰ ਰੱਖ ਰਹੇ ਹਨ। ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਜਤਾਉਂਦਿਆਂ ਜ਼ਖ਼ਮੀਆਂ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ। ਇਸ ਦੇ ਨਾਲ ਹੀ ਸਰਕਾਰੀ ਵਿਭਾਗਾਂ ਨੂੰ ਤੁਰੰਤ ਮੈਡੀਕਲ ਸਹੂਲਤਾਂ ਦੇਣ ਅਤੇ ਹਾਦਸੇ ਦੀ ਤੇਜ਼ੀ ਨਾਲ ਜਾਂਚ ਕਰਨ ਲਈ ਕਿਹਾ ਗਿਆ ਹੈ।
ਇਜਿਪਸ਼ੀਅਨ ਨੈਸ਼ਨਲ ਰੇਲਵੇ ਅਥਾਰਟੀ ਅਨੁਸਾਰ, ਇਹ ਹਾਦਸਾ ਕਫਰ ਅੱਮਾਰ ਅਤੇ ਅਲ-ਰੱਕਾ ਰੇਲਵੇ ਸਟੇਸ਼ਨਾਂ ਵਿਚਾਲੇ ਵਾਪਰਿਆ। ਗੀਜ਼ਾ ਤੋਂ ਫਯੂਮ ਜਾ ਰਹੀ ਇੱਕ ਰੇਲਗੱਡੀ ਕਾਹਿਰਾ ਤੋਂ ਅਸਵਾਨ ਜਾਣ ਵਾਲੀ ਦੂਜੀ ਟ੍ਰੇਨ ਦੇ ਪਿਛਲੇ ਹਿੱਸੇ ਨਾਲ ਟਕਰਾ ਗਈ। ਘਟਨਾ ਤੋਂ ਬਾਅਦ ਰੇਲਵੇ ਵਿਭਾਗ ਨੇ ਕਰੇਨਾਂ ਅਤੇ ਐਮਰਜੈਂਸੀ ਟੀਮਾਂ ਨੂੰ ਮੌਕੇ ‘ਤੇ ਭੇਜਿਆ, ਤਾਂ ਜੋ ਨੁਕਸਾਨੇ ਡੱਬਿਆਂ ਨੂੰ ਹਟਾ ਕੇ ਰੇਲ ਆਵਾਜਾਈ ਮੁੜ ਸ਼ੁਰੂ ਕੀਤੀ ਜਾ ਸਕੇ।
ਜ਼ਿਕਰਯੋਗ ਹੈ ਕਿ ਮਿਸਰ ਦਾ ਰੇਲਵੇ ਨੈੱਟਵਰਕ ਲੰਬੇ ਸਮੇਂ ਤੋਂ ਪੁਰਾਣੇ ਉਪਕਰਨਾਂ ਅਤੇ ਪ੍ਰਬੰਧਕੀ ਕਮੀਆਂ ਕਾਰਨ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਇਸ ਕਾਰਨ ਦੇਸ਼ ਵਿੱਚ ਪਹਿਲਾਂ ਵੀ ਕਈ ਗੰਭੀਰ ਰੇਲ ਹਾਦਸੇ ਵਾਪਰ ਚੁੱਕੇ ਹਨ। ਸਾਲ 2002 ਵਿੱਚ ਗੀਜ਼ਾ ਦੇ ਅਯਾਤ ਜ਼ਿਲ੍ਹੇ ਵਿੱਚ ਕਾਹਿਰਾ-ਲਕਸਰ ਰੇਲਗੱਡੀ ਨੂੰ ਅੱਗ ਲੱਗਣ ਕਾਰਨ 380 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ, ਜਿਸ ਨੂੰ ਮਿਸਰ ਦੇ ਇਤਿਹਾਸ ਦੇ ਸਭ ਤੋਂ ਭਿਆਨਕ ਰੇਲ ਹਾਦਸਿਆਂ ਵਿੱਚ ਗਿਣਿਆ ਜਾਂਦਾ ਹੈ।
मेष: दिन शुभ रहेगा...