skip to content

Last Updated: November 9, 2026

Dainik Savera Times Logo

Sheikh Hasina: ਬੰਗਲਾਦੇਸ਼ ਪਰਤਣ ਦੀ ਤਿਆਰੀ ‘ਚ ਸ਼ੇਖ ਹਸੀਨਾ, ਦਿੱਲੀ ਸਥਿਤ ਹਾਈ ਕਮਿਸ਼ਨ ਤੋਂ ਨਵੇਂ ਪਾਸਪੋਰਟ ਤੇ NID ਦੀ ਕੀਤੀ ਮੰਗ

9 November 2026 ਅੱਪਡੇਟ ਕੀਤਾ ਗਿਆ

Sheikh Hasina: ਬੰਗਲਾਦੇਸ਼ ਪਰਤਣ ਦੀ ਤਿਆਰੀ ‘ਚ ਸ਼ੇਖ ਹਸੀਨਾ, ਦਿੱਲੀ ਸਥਿਤ ਹਾਈ ਕਮਿਸ਼ਨ ਤੋਂ ਨਵੇਂ ਪਾਸਪੋਰਟ ਤੇ NID ਦੀ ਕੀਤੀ ਮੰਗ

Sheikh Hasina Return: ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਅਤੇ ਅਵਾਮੀ ਲੀਗ ਦੀ ਮੁਖੀ ਸ਼ੇਖ ਹਸੀਨਾ ਨੇ ਆਪਣੇ ਦੇਸ਼ ਪਰਤਣ ਦੀ ਪ੍ਰਕਿਰਿਆ ਅੱਗੇ ਵਧਾਉਣ ਲਈ ਨਵੀਂ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੇ ਦਿੱਲੀ ਸਥਿਤ ਬੰਗਲਾਦੇਸ਼ ਹਾਈ ਕਮਿਸ਼ਨ ਨੂੰ ਨਵਾਂ ਪਾਸਪੋਰਟ ਅਤੇ ਰਾਸ਼ਟਰੀ ਪਛਾਣ ਪੱਤਰ (NID) ਜਾਰੀ ਕਰਨ ਦੀ ਬੇਨਤੀ ਕੀਤੀ ਹੈ। ਹਸੀਨਾ ਨੇ ਦਸੰਬਰ ਵਿੱਚ ਬੰਗਲਾਦੇਸ਼ ਵਾਪਸ ਜਾਣ ਅਤੇ ਉੱਥੇ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨ ਦੀ ਇੱਛਾ ਜਤਾਈ ਹੈ।

ਇਸ ਸਬੰਧੀ ਜਾਣਕਾਰੀ ਅਵਾਮੀ ਲੀਗ ਨੇ ਆਪਣੇ ਅਧਿਕਾਰਤ ਐਕਸ ਅਕਾਊਂਟ ਰਾਹੀਂ ਸਾਂਝੀ ਕੀਤੀ ਹੈ। ਪਾਰਟੀ ਮੁਤਾਬਕ, ਲੰਡਨ ਦੀ ਕਾਨੂੰਨੀ ਫਰਮ ਮੈਟ੍ਰਿਕਸ ਚੈਂਬਰਜ਼ ਰਾਹੀਂ ਹਸੀਨਾ ਦੇ ਵਕੀਲਾਂ ਨੇ ਬੰਗਲਾਦੇਸ਼ ਦੀ ਕਾਰਜਕਾਰੀ ਹਾਈ ਕਮਿਸ਼ਨਰ ਪ੍ਰੀਤੀ ਰਹਿਮਾਨ ਨੂੰ ਪੱਤਰ ਭੇਜਿਆ ਹੈ। ਇਸ ਵਿੱਚ ਨਵੇਂ ਯਾਤਰਾ ਅਤੇ ਪਛਾਣ ਦਸਤਾਵੇਜ਼ ਜਾਰੀ ਕਰਨ ਦੀ ਪ੍ਰਕਿਰਿਆ ਜਲਦੀ ਪੂਰੀ ਕਰਨ ਦੀ ਅਪੀਲ ਕੀਤੀ ਗਈ ਹੈ।

ਵਕੀਲਾਂ ਨੇ ਪੱਤਰ ਵਿੱਚ ਦੱਸਿਆ ਹੈ ਕਿ ਅੰਤਰਿਮ ਪ੍ਰਸ਼ਾਸਨ ਅਤੇ ਸਬੰਧਤ ਅਧਿਕਾਰੀਆਂ ਵੱਲੋਂ ਹਸੀਨਾ ਦਾ ਪੁਰਾਣਾ ਬੰਗਲਾਦੇਸ਼ੀ ਪਾਸਪੋਰਟ ਅਤੇ ਰਾਸ਼ਟਰੀ ਪਛਾਣ ਪੱਤਰ ਰੱਦ ਕੀਤੇ ਜਾਣ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ। ਉਨ੍ਹਾਂ ਨੇ ਹਸੀਨਾ ਦੀ ਬੰਗਲਾਦੇਸ਼ੀ ਨਾਗਰਿਕਤਾ ਅਤੇ ਕੌਮਾਂਤਰੀ ਮਨੁੱਖੀ ਅਧਿਕਾਰ ਸੰਧੀਆਂ ਤਹਿਤ ਦੇਸ਼ ਦੀਆਂ ਜ਼ਿੰਮੇਵਾਰੀਆਂ ਦਾ ਹਵਾਲਾ ਦਿੰਦਿਆਂ ਨਵੇਂ ਦਸਤਾਵੇਜ਼ ਜਾਰੀ ਕਰਨ ਦੀ ਮੰਗ ਕੀਤੀ ਹੈ।

ਹਸੀਨਾ ਪਹਿਲਾਂ ਵੀ ਦਸੰਬਰ ਮਹੀਨੇ ਵਿੱਚ ਵਾਪਸੀ ਦੀ ਇੱਛਾ ਪ੍ਰਗਟ ਕਰ ਚੁੱਕੀ ਹੈ। ਉਨ੍ਹਾਂ ਨੇ ਵੱਖ-ਵੱਖ ਮੰਚਾਂ ਤੋਂ ਕਿਹਾ ਸੀ ਕਿ ਉਹ ਬੰਗਲਾਦੇਸ਼ ਪਹੁੰਚ ਕੇ ਅਦਾਲਤ ਵਿੱਚ ਆਤਮ ਸਮਰਪਣ ਕਰਨਾ ਚਾਹੁੰਦੀ ਹੈ। ਉਨ੍ਹਾਂ ਦੇ ਕਰੀਬੀਆਂ ਅਨੁਸਾਰ, ਵਾਪਸੀ ਦੀ ਪੱਕੀ ਤਾਰੀਖ ਦਾ ਐਲਾਨ ਲੋੜੀਂਦੀਆਂ ਦਸਤਾਵੇਜ਼ੀ ਕਾਰਵਾਈਆਂ ਪੂਰੀਆਂ ਹੋਣ ਤੋਂ ਬਾਅਦ ਕੀਤਾ ਜਾਵੇਗਾ।

ਅਗਸਤ 2024 ਵਿੱਚ ਵਿਦਿਆਰਥੀ ਅੰਦੋਲਨ ਤੋਂ ਬਾਅਦ ਸੱਤਾ ਗੁਆਉਣ ਉਪਰੰਤ ਸ਼ੇਖ ਹਸੀਨਾ ਬੰਗਲਾਦੇਸ਼ ਛੱਡ ਕੇ ਭਾਰਤ ਆ ਗਈ ਸੀ। ਉਹ ਵੱਖ-ਵੱਖ ਕਾਰਜਕਾਲਾਂ ਦੌਰਾਨ ਲਗਭਗ ਦੋ ਦਹਾਕਿਆਂ ਤੱਕ ਦੇਸ਼ ਦੀ ਪ੍ਰਧਾਨ ਮੰਤਰੀ ਰਹੀ। ਉਨ੍ਹਾਂ ਦੇ ਸੱਤਾ ਤੋਂ ਬਾਹਰ ਹੋਣ ਮਗਰੋਂ ਅਵਾਮੀ ਲੀਗ ‘ਤੇ ਪਾਬੰਦੀ ਲਗਾ ਦਿੱਤੀ ਗਈ, ਜਦਕਿ ਪਾਰਟੀ ਦੇ ਕਈ ਆਗੂ ਜੇਲ੍ਹਾਂ ਵਿੱਚ ਹਨ ਜਾਂ ਦੇਸ਼ ਛੱਡ ਕੇ ਰਹਿ ਰਹੇ ਹਨ।

ਨਵੰਬਰ 2025 ਵਿੱਚ ਬੰਗਲਾਦੇਸ਼ ਦੀ ਵਿਸ਼ੇਸ਼ ਅਦਾਲਤ ਨੇ 2024 ਦੇ ਵਿਦਿਆਰਥੀ ਅੰਦੋਲਨ ਦੌਰਾਨ ਹੋਈ ਹਿੰਸਕ ਕਾਰਵਾਈ ਦੇ ਮਾਮਲੇ ਵਿੱਚ ਹਸੀਨਾ ਨੂੰ ਗੈਰ-ਹਾਜ਼ਰੀ ਵਿੱਚ ਮੌਤ ਦੀ ਸਜ਼ਾ ਸੁਣਾਈ ਸੀ। ਉਨ੍ਹਾਂ ‘ਤੇ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਕਾਰਵਾਈ ਦੇ ਹੁਕਮ ਦੇਣ ਦਾ ਦੋਸ਼ ਹੈ, ਜਿਸ ਨੂੰ ਹਸੀਨਾ ਨੇ ਨਕਾਰਿਆ ਹੈ। ਉਨ੍ਹਾਂ ਦੀ ਸੰਭਾਵਿਤ ਵਾਪਸੀ ਭਾਰਤ-ਬੰਗਲਾਦੇਸ਼ ਸਬੰਧਾਂ ਲਈ ਵੀ ਅਹਿਮ ਮੰਨੀ ਜਾ ਰਹੀ ਹੈ, ਕਿਉਂਕਿ ਭਾਰਤ ਵਿੱਚ ਉਨ੍ਹਾਂ ਨੂੰ ਪਨਾਹ ਮਿਲਣ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਵਧਿਆ ਹੈ। ਬੰਗਲਾਦੇਸ਼ ਸਰਕਾਰ ਹਸੀਨਾ ਦੀ ਹਵਾਲਗੀ ਦੀ ਮੰਗ ਕਰ ਚੁੱਕੀ ਹੈ, ਪਰ ਭਾਰਤ ਨੇ ਹਾਲੇ ਤੱਕ ਉਨ੍ਹਾਂ ਨੂੰ ਵਾਪਸ ਨਹੀਂ ਭੇਜਿਆ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.