Last Updated: November 19, 2026

Dainik Savera Times Logo

Bab-el-Mandeb Strait: ਬਾਬ-ਅਲ-ਮੰਦਬ ਜਲਡਮਰੂਮੱਧ ਨੇੜੇ ਮਾਲਵਾਹਕ ਜਹਾਜ਼ ਡੁੱਬਿਆ, 2 ਭਾਰਤੀ ਮਲਾਹ ਬਚਾਏ ਗਏ; ਇੱਕ ਅਜੇ ਵੀ ਲਾਪਤਾ

18 November 2026 ਅੱਪਡੇਟ ਕੀਤਾ ਗਿਆ

Bab-el-Mandeb Strait: ਬਾਬ-ਅਲ-ਮੰਦਬ ਜਲਡਮਰੂਮੱਧ ਨੇੜੇ ਮਾਲਵਾਹਕ ਜਹਾਜ਼ ਡੁੱਬਿਆ, 2 ਭਾਰਤੀ ਮਲਾਹ ਬਚਾਏ ਗਏ; ਇੱਕ ਅਜੇ ਵੀ ਲਾਪਤਾ

Indian Sailors Rescued: ਬਾਬ-ਅਲ-ਮੰਦਬ ਜਲਡਮਰੂਮੱਧ ਨੇੜੇ ਮਾਲਵਾਹਕ ਜਹਾਜ਼ ‘ਅਲ-ਫਤਹ’ ਡੁੱਬਣ ਦੀ ਘਟਨਾ ਤੋਂ ਬਾਅਦ ਦੋ ਭਾਰਤੀ ਮਲਾਹਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ, ਜਦਕਿ ਇੱਕ ਹੋਰ ਭਾਰਤੀ ਅਜੇ ਵੀ ਲਾਪਤਾ ਹੈ। ਨੈਰੋਬੀ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਬੁੱਧਵਾਰ ਨੂੰ ਇਸ ਦੀ ਪੁਸ਼ਟੀ ਕੀਤੀ। ਮਿਸ਼ਨ ਵੱਲੋਂ ਬਚਾਏ ਗਏ ਮਲਾਹਾਂ ਦੀ ਭਾਰਤ ਵਾਪਸੀ ਅਤੇ ਲਾਪਤਾ ਵਿਅਕਤੀ ਦੀ ਭਾਲ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।

ਭਾਰਤੀ ਹਾਈ ਕਮਿਸ਼ਨ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਜਹਾਜ਼ ਡੁੱਬਣ ਤੋਂ ਬਾਅਦ ਬਚਾਏ ਗਏ ਦੋਵੇਂ ਭਾਰਤੀਆਂ ਦੀ ਸੁਰੱਖਿਅਤ ਵਾਪਸੀ ਯਕੀਨੀ ਬਣਾਉਣ ਲਈ ਹਰ ਸੰਭਵ ਸਹਾਇਤਾ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਤੀਜੇ ਲਾਪਤਾ ਭਾਰਤੀ ਮਲਾਹ ਦਾ ਪਤਾ ਲਗਾਉਣ ਲਈ ਚੱਲ ਰਹੇ ਸਰਚ ਆਪਰੇਸ਼ਨ ਵਿੱਚ ਵੀ ਸਹਿਯੋਗ ਕੀਤਾ ਜਾ ਰਿਹਾ ਹੈ।

ਹਾਈ ਕਮਿਸ਼ਨ ਅਨੁਸਾਰ, ਇਸ ਪੂਰੇ ਮਾਮਲੇ ਨੂੰ ਲੈ ਕੇ ਸਬੰਧਤ ਅਧਿਕਾਰੀਆਂ, ਸ਼ਿਪਿੰਗ ਏਜੰਟ ਅਤੇ ਬਚਾਏ ਗਏ ਮਲਾਹਾਂ ਨਾਲ ਲਗਾਤਾਰ ਸੰਪਰਕ ਬਣਾਇਆ ਹੋਇਆ ਹੈ। ਮਿਸ਼ਨ ਦਾ ਧਿਆਨ ਇੱਕ ਪਾਸੇ ਦੋਵੇਂ ਮਲਾਹਾਂ ਦੀ ਵਾਪਸੀ ਦੀ ਪ੍ਰਕਿਰਿਆ ਪੂਰੀ ਕਰਵਾਉਣ ਅਤੇ ਦੂਜੇ ਪਾਸੇ ਲਾਪਤਾ ਚਾਲਕ ਦਲ ਦੇ ਮੈਂਬਰ ਦੀ ਭਾਲ ਵਿੱਚ ਮਦਦ ਕਰਨ ‘ਤੇ ਹੈ।

ਇਹ ਘਟਨਾ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਇਸ ਤੋਂ ਇੱਕ ਦਿਨ ਪਹਿਲਾਂ ਭਾਰਤ ਨੇ ਹੋਰਮੁਜ਼ ਜਲਡਮਰੂਮੱਧ ਵਿੱਚ ਪਨਾਮਾ ਦੇ ਝੰਡੇ ਵਾਲੇ LPG ਟੈਂਕਰ ‘MT Tara Gas’ ‘ਤੇ ਹੋਏ ਹਮਲੇ ਦੀ ਨਿੰਦਾ ਕੀਤੀ ਸੀ। ਵਿਦੇਸ਼ ਮੰਤਰਾਲੇ ਮੁਤਾਬਕ, ਇਸ ਜਹਾਜ਼ ‘ਤੇ ਕੁੱਲ 24 ਭਾਰਤੀ ਨਾਗਰਿਕ ਸਵਾਰ ਸਨ, ਜਿਨ੍ਹਾਂ ਵਿੱਚੋਂ 21 ਨੂੰ ਸੁਰੱਖਿਅਤ ਬਾਹਰ ਕੱਢ ਕੇ ਓਮਾਨ ਦੇ ਖਾਸਾਬ ਤੱਟ ਤੱਕ ਪਹੁੰਚਾਇਆ ਗਿਆ।

ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਟੈਂਕਰ ਘਟਨਾ ਵਿੱਚ ਜ਼ਖ਼ਮੀ ਹੋਏ ਦੋ ਭਾਰਤੀ ਚਾਲਕ ਦਲ ਦੇ ਮੈਂਬਰਾਂ ਨੂੰ ਸਥਾਨਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਦਕਿ ਇੱਕ ਹੋਰ ਭਾਰਤੀ ਲਾਪਤਾ ਹੈ। ਮੰਤਰਾਲੇ ਨੇ 16 ਨਵੰਬਰ ਨੂੰ ਹੋਏ ਇਸ ਹਮਲੇ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਸਭ ਤੋਂ ਮਹੱਤਵਪੂਰਨ ਹੈ।

ਓਮਾਨ ਵਿੱਚ ਭਾਰਤੀ ਦੂਤਾਵਾਸ ਸਥਾਨਕ ਅਧਿਕਾਰੀਆਂ ਨਾਲ ਮਿਲ ਕੇ ਖੋਜ ਅਤੇ ਬਚਾਅ ਕਾਰਜਾਂ ‘ਤੇ ਨਜ਼ਰ ਰੱਖ ਰਿਹਾ ਹੈ। ਭਾਰਤ ਨੇ ਸਮੇਂ ਸਿਰ ਮਦਦ ਅਤੇ ਬਚਾਅ ਮੁਹਿੰਮ ਵਿੱਚ ਸਹਿਯੋਗ ਦੇਣ ਲਈ ਓਮਾਨ ਸਰਕਾਰ ਦਾ ਧੰਨਵਾਦ ਵੀ ਕੀਤਾ ਹੈ। ਦੋਵੇਂ ਜਹਾਜ਼ਾਂ ਨਾਲ ਜੁੜੀਆਂ ਘਟਨਾਵਾਂ ਤੋਂ ਬਾਅਦ ਭਾਰਤੀ ਮਿਸ਼ਨ ਪ੍ਰਭਾਵਿਤ ਨਾਗਰਿਕਾਂ ਦੀ ਸਹਾਇਤਾ ਲਈ ਸਰਗਰਮ ਹਨ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.