
ਲਾਈਫਸਟਾਈਲ ਨਿਊਜ਼ : ਜੇਕਰ ਤੁਸੀਂ ਹਰ ਰੋਜ਼ ਦੀ ਆਮ ਸਬਜ਼ੀ ਤੋਂ ਕੁਝ ਵੱਖਰਾ ਅਤੇ ਮਜ਼ੇਦਾਰ ਬਣਾਉਣਾ ਚਾਹੁੰਦੇ ਹੋ, ਤਾਂ ਅੱਜ ਡਿਨਰ ਵਿੱਚ ਢਾਬਾ-ਸਟਾਈਲ ਕੜ੍ਹੀ ਪਕੌੜਾ ਇੱਕ ਸ਼ਾਨਦਾਰ ਚੋਣ ਹੋ ਸਕਦੀ ਹੈ। ਗਰਮਾ-ਗਰਮ ਕੜ੍ਹੀ, ਕਰੰਚੀ ਪਕੌੜੇ ਅਤੇ ਉੱਤੇ ਘਿਓ ਦਾ ਤੜਕਾ ਇਹ ਕੰਬੀਨੇਸ਼ਨ ਕਿਸੇ ਵੀ ਖਾਣੇ ਨੂੰ ਖਾਸ ਬਣਾ ਦਿੰਦਾ ਹੈ। ਪੰਜਾਬੀ ਢਾਬਿਆਂ ਵਾਲਾ ਇਹ ਸੁਆਦ ਘਰ ਵਿੱਚ ਵੀ ਬਹੁਤ ਆਸਾਨੀ ਨਾਲ ਤਿਆਰ ਕੀਤਾ ਜਾ ਸਕਦਾ ਹੈ।
ਕਿਉਂ ਖਾਸ ਹੈ ਢਾਬਾ-ਸਟਾਈਲ ਕੜ੍ਹੀ?
ਭਾਰਤ ਵਿੱਚ ਕੜ੍ਹੀ ਨੂੰ ਕਈ ਤਰੀਕਿਆਂ ਨਾਲ ਬਣਾਇਆ ਜਾਂਦਾ ਹੈ, ਪਰ ਪੰਜਾਬੀ ਢਾਬਾ-ਸਟਾਈਲ ਕੜ੍ਹੀ ਦੀ ਗੱਲ ਹੀ ਵੱਖਰੀ ਹੁੰਦੀ ਹੈ। ਇਸਦੀ ਗਾੜ੍ਹੀ ਗ੍ਰੇਵੀ, ਮਸਾਲੇਦਾਰ ਸੁਆਦ ਅਤੇ ਨਰਮ ਪਕੌੜੇ ਇਸਨੂੰ ਹਰ ਉਮਰ ਦੇ ਲੋਕਾਂ ਦੀ ਪਸੰਦ ਬਣਾਉਂਦੇ ਹਨ। ਖਾਸ ਕਰਕੇ ਮੀਂਹ ਦੇ ਮੌਸਮ ਜਾਂ ਹਲਕੀ ਠੰਢ ਵਿੱਚ ਕੜ੍ਹੀ-ਚੌਲ ਖਾਣ ਦਾ ਮਜ਼ਾ ਦੋਗੁਣਾ ਹੋ ਜਾਂਦਾ ਹੈ।
ਪਕੌੜੇ ਬਣਾਉਣ ਲਈ ਸਮੱਗਰੀ
1 ਕੱਪ ਬੇਸਨ
1 ਛੋਟਾ ਪਿਆਜ਼ ਬਾਰੀਕ ਕੱਟਿਆ ਹੋਇਆ
1 ਹਰੀ ਮਿਰਚ ਕੱਟੀ ਹੋਈ
ਥੋੜ੍ਹੀ ਮੇਥੀ ਅਤੇ ਧਨੀਆ ਪੱਤੀ
1 ਚੁਟਕੀ ਬੇਕਿੰਗ ਸੋਡਾ
½ ਚਮਚ ਲਾਲ ਮਿਰਚ ਪਾਊਡਰ
¼ ਚਮਚ ਹਲਦੀ
ਨਮਕ ਸੁਆਦ ਅਨੁਸਾਰ
ਪਾਣੀ ਲੋੜ ਅਨੁਸਾਰ
ਤਲਣ ਲਈ ਤੇਲ
ਕਿਵੇਂ ਬਣਾਉਣੇ ਹਨ ਪਕੌੜੇ?
ਇੱਕ ਵੱਡੇ ਬਾਊਲ ਵਿੱਚ ਬੇਸਨ ਅਤੇ ਸਾਰੀਆਂ ਸਮੱਗਰੀਆਂ ਮਿਲਾਓ। ਹੁਣ ਹੌਲੀ-ਹੌਲੀ ਪਾਣੀ ਪਾ ਕੇ ਗਾੜ੍ਹਾ ਘੋਲ ਤਿਆਰ ਕਰੋ। ਕੜਾਹੀ ਵਿੱਚ ਤੇਲ ਗਰਮ ਕਰੋ ਅਤੇ ਛੋਟੇ-ਛੋਟੇ ਪਕੌੜੇ ਸੁਨਹਿਰੀ ਹੋਣ ਤੱਕ ਤਲ ਲਵੋ। ਤਿਆਰ ਪਕੌੜਿਆਂ ਨੂੰ ਇਕ ਪਾਸੇ ਰੱਖ ਦਿਓ।
ਕੜ੍ਹੀ ਲਈ ਲੋੜੀਂਦੀ ਸਮੱਗਰੀ
1 ਕੱਪ ਖੱਟਾ ਦਹੀਂ
3 ਵੱਡੇ ਚਮਚ ਬੇਸਨ
½ ਚਮਚ ਹਲਦੀ
1 ਚਮਚ ਲਾਲ ਮਿਰਚ ਪਾਊਡਰ
ਨਮਕ ਸੁਆਦ ਅਨੁਸਾਰ
5-6 ਕੜੀ ਪੱਤੇ
½ ਚਮਚ ਮੇਥੀ ਦਾਣਾ
1 ਚੁਟਕੀ ਹੀੰਗ
2 ਸੁੱਕੀਆਂ ਲਾਲ ਮਿਰਚਾਂ
1 ਪਿਆਜ਼ ਕੱਟਿਆ ਹੋਇਆ
1 ਚਮਚ ਅਦਰਕ ਪੇਸਟ
2 ਵੱਡੇ ਚਮਚ ਘਿਓ
ਕੜ੍ਹੀ ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਦਹੀਂ ਅਤੇ ਬੇਸਨ ਨੂੰ ਚੰਗੀ ਤਰ੍ਹਾਂ ਫੈਂਟ ਲਵੋ ਤਾਂ ਜੋ ਕੋਈ ਗੰਢ ਨਾ ਰਹਿ ਜਾਵੇ। ਹੁਣ ਇਸ ਵਿੱਚ ਹਲਦੀ, ਨਮਕ ਅਤੇ ਲਾਲ ਮਿਰਚ ਪਾ ਕੇ ਪਾਣੀ ਮਿਲਾਓ ਅਤੇ ਪਤਲਾ ਘੋਲ ਤਿਆਰ ਕਰੋ।
ਹੁਣ ਇੱਕ ਪੈਨ ਵਿੱਚ ਘਿਓ ਗਰਮ ਕਰੋ। ਇਸ ਵਿੱਚ ਹੀੰਗ, ਮੇਥੀ ਦਾਣਾ, ਕੜੀ ਪੱਤੇ ਅਤੇ ਸੁੱਕੀ ਲਾਲ ਮਿਰਚ ਦਾ ਤੜਕਾ ਲਗਾਓ। ਫਿਰ ਪਿਆਜ਼ ਅਤੇ ਅਦਰਕ ਪੇਸਟ ਪਾ ਕੇ ਸੁਨਹਿਰੀ ਹੋਣ ਤੱਕ ਭੁੰਨੋ।
ਇਸ ਤੋਂ ਬਾਅਦ ਦਹੀਂ-ਬੇਸਨ ਵਾਲਾ ਘੋਲ ਪੈਨ ਵਿੱਚ ਪਾਓ ਅਤੇ ਹੌਲੀ ਅੱਗ ‘ਤੇ ਲਗਾਤਾਰ ਚਲਾਉਂਦੇ ਹੋਏ ਪਕਾਉ। ਜਦੋਂ ਕੜ੍ਹੀ ਗਾੜ੍ਹੀ ਹੋਣ ਲੱਗੇ ਤਾਂ ਤਿਆਰ ਪਕੌੜੇ ਇਸ ਵਿੱਚ ਪਾ ਦਿਓ ਅਤੇ 10 ਮਿੰਟ ਤੱਕ ਹੌਲੀ ਅੱਗ ‘ਤੇ ਪਕਣ ਦਿਓ।
ਢਾਬਾ-ਸਟਾਈਲ ਤੜਕੇ ਨਾਲ ਵਧਾਓ ਸੁਆਦ
ਆਖਿਰ ਵਿੱਚ ਇੱਕ ਛੋਟੇ ਪੈਨ ਵਿੱਚ ਘਿਓ ਗਰਮ ਕਰਕੇ ਜੀਰਾ, ਲਾਲ ਮਿਰਚ ਪਾਊਡਰ ਅਤੇ ਸੁੱਕੀ ਲਾਲ ਮਿਰਚ ਦਾ ਤੜਕਾ ਲਗਾਓ। ਇਹ ਤੜਕਾ ਕੜ੍ਹੀ ਉੱਤੇ ਪਾ ਦਿਓ। ਇਸ ਨਾਲ ਸੁਆਦ ਅਤੇ ਖੁਸ਼ਬੂ ਦੋਵੇਂ ਕਈ ਗੁਣਾ ਵੱਧ ਜਾਣਗੇ।
ਕਿਸ ਨਾਲ ਖਾਓ?
ਢਾਬਾ-ਸਟਾਈਲ ਕੜ੍ਹੀ ਪਕੌੜਾ ਗਰਮਾ-ਗਰਮ ਚੌਲਾਂ ਨਾਲ ਸਭ ਤੋਂ ਵਧੀਆ ਲੱਗਦਾ ਹੈ। ਤੁਸੀਂ ਇਸਨੂੰ ਤੰਦੂਰੀ ਰੋਟੀ, ਫੁਲਕਿਆਂ ਜਾਂ ਜੀਰਾ ਰਾਈਸ ਨਾਲ ਵੀ ਸਰਵ ਕਰ ਸਕਦੇ ਹੋ। ਨਾਲ ਵਿੱਚ ਪਿਆਜ਼ ਅਤੇ ਅਚਾਰ ਹੋਵੇ ਤਾਂ ਖਾਣੇ ਦਾ ਮਜ਼ਾ ਹੀ ਵੱਖਰਾ ਹੋ ਜਾਂਦਾ ਹੈ।
ਇੱਕ ਵਾਰੀ ਜ਼ਰੂਰ ਅਜ਼ਮਾਓ
ਜੇਕਰ ਤੁਸੀਂ ਘਰ ਵਿੱਚ ਰੈਸਟੋਰੈਂਟ ਜਾਂ ਢਾਬੇ ਵਾਲਾ ਸੁਆਦ ਲਿਆਉਣਾ ਚਾਹੁੰਦੇ ਹੋ, ਤਾਂ ਇਹ ਕੜ੍ਹੀ ਪਕੌੜਾ ਰੈਸਿਪੀ ਜ਼ਰੂਰ ਟਰਾਈ ਕਰੋ। ਘੱਟ ਸਮੇਂ ਵਿੱਚ ਬਣਨ ਵਾਲੀ ਇਹ ਡਿਸ਼ ਪੂਰੇ ਪਰਿਵਾਰ ਨੂੰ ਖੁਸ਼ ਕਰ ਦੇਵੇਗੀ।