ਪੰਜਾਬ ਡੈਕਸ: ਮੰਗਲਵਾਰ ਨੂੰ ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਵਿੱਚ ਕਾਫੀ ਤਬਦੀਲੀ ਨਜ਼ਰ ਆਈ। ਦੇਰ ਰਾਤ ਤੋਂ ਹੀ ਪੂਰਾ ਖੇਤਰ ਗਾੜ੍ਹੀ ਧੁੰਦ ਨਾਲ ਢੱਕਿਆ ਰਿਹਾ। ਸਵੇਰ ਵੇਲੇ ਵਿਜ਼ੀਬਿਲਟੀ ਇੰਨੀ ਘੱਟ ਹੋ ਗਈ ਕਿ ਵਾਹਨ ਚਾਲਕਾਂ ਨੂੰ ਦਿਨ ਦੇ ਸਮੇਂ ਵੀ ਲਾਈਟਾਂ ਜਗਾ ਕੇ ਸੜਕਾਂ ‘ਤੇ ਚਲਣਾ ਪਿਆ। ਮੌਸਮ ਵਿਗਿਆਨ ਕੇਂਦਰ ਦੇ ਮੁਤਾਬਕ ਪਹਾੜੀ ਇਲਾਕਿਆਂ ਵਿੱਚ ਹੋਈ ਤਾਜ਼ਾ ਬਰਫਬਾਰੀ ਦਾ ਸਿੱਧਾ ਪ੍ਰਭਾਵ ਮੈਦਾਨੀ ਖੇਤਰਾਂ ਵਿੱਚ ਪੈ ਰਿਹਾ ਹੈ ਜਿਸ ਕਰਕੇ ਅੱਜ ਤੋਂ ਤੇਜ਼ ਅਤੇ ਠੰਢੀਆਂ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਜੋ ਲੋਕਾਂ ਨੂੰ ਦਿਨ ਦੇ ਸਮੇਂ ਵੀ ਠੰਢ ਮਹਿਸੂਸ ਕਰਨ ‘ਤੇ ਮਜਬੂਰ ਕਰ ਸਕਦੀਆਂ ਹਨ।
ਅੱਜ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ(23-12-2025) ਅੰਮ੍ਰਿਤਸਰ ਤੋਂ।
ਚੰਡੀਗੜ੍ਹ ਮੌਸਮ ਵਿਭਾਗ ਨੇ ਅਗਲੇ ਸੱਤ ਦਿਨਾਂ ਲਈ ਅਨੁਮਾਨ ਜਾਰੀ ਕੀਤਾ ਹੈ। ਇਸ ਅਨੁਸਾਰ ਪੂਰੇ ਹਫ਼ਤੇ ਦੌਰਾਨ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ ਅਤੇ ਮੌਸਮ ਸੁੱਕਾ ਰਹੇਗਾ। ਹਵਾ ਵਿੱਚ ਨਮੀ ਦੀ ਘਾਟ ਕਾਰਨ ਧੁੰਦ ਦੇ ਨਾਲ ਨਾਲ ਪ੍ਰਦੂਸ਼ਣ ਵਧਣ ਦੀ ਸੰਭਾਵਨਾ ਹੈ। ਸਵੇਰ ਅਤੇ ਰਾਤ ਦੇ ਸਮੇਂ ਗਾੜ੍ਹੀ ਧੁੰਦ ਛਾਈ ਰਹੇਗੀ ਜਦਕਿ ਦਿਨ ਦੇ ਸਮੇਂ ਧੁੱਪ ਨਿਕਲਣ ਨਾਲ ਕੁਝ ਰਾਹਤ ਮਿਲ ਸਕਦੀ ਹੈ ਪਰ ਠੰਢੀਆਂ ਹਵਾਵਾਂ ਲਗਾਤਾਰ ਚੱਲਦੀਆਂ ਰਹਿਣਗੀਆਂ।
ਪਿਛਲੇ ਚੌਵੀ ਘੰਟਿਆਂ ਦੌਰਾਨ ਲੁਧਿਆਣਾ ਪੰਜਾਬ ਦਾ ਸਭ ਤੋਂ ਠੰਢਾ ਸ਼ਹਿਰ ਦਰਜ ਕੀਤਾ ਗਿਆ। ਸੋਮਵਾਰ ਨੂੰ ਦਿਨ ਦੇ ਸਮੇਂ ਧੁੱਪ ਨਿਕਲਣ ਨਾਲ ਲੋਕਾਂ ਨੂੰ ਕੁਝ ਰਾਹਤ ਮਿਲੀ ਪਰ ਜਿਵੇਂ ਹੀ ਰਾਤ ਹੋਈ ਤਾਪਮਾਨ ਵਿੱਚ ਤੇਜ਼ੀ ਨਾਲ ਕਮੀ ਆ ਗਈ। ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਲੁਧਿਆਣਾ ਵਿੱਚ ਘੱਟੋ ਘੱਟ ਤਾਪਮਾਨ 7.2 ਡਿਗਰੀ ਸੈਲਸੀਅਸ ਤੱਕ ਲੁੜਕ ਗਿਆ ਜੋ ਇਸ ਮੌਸਮ ਵਿੱਚ ਕਾਫੀ ਠੰਢਾ ਮੰਨਿਆ ਜਾ ਰਿਹਾ ਹੈ। ਸੂਬੇ ਦੇ ਹੋਰ ਇਲਾਕਿਆਂ ਵਿੱਚ ਦਿਨ ਦਾ ਔਸਤ ਤਾਪਮਾਨ 24.1 ਡਿਗਰੀ ਸੈਲਸੀਅਸ ਰਿਹਾ ਜਦਕਿ ਘੱਟੋ ਘੱਟ ਤਾਪਮਾਨ 9.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਅਗਲੇ ਦਿਨਾਂ ਵਿੱਚ ਵੀ ਠੰਢ ਦਾ ਇਹ ਰੁਝਾਨ ਜਾਰੀ ਰਹੇਗਾ ਅਤੇ ਲੋਕਾਂ ਨੂੰ ਸਵੇਰ ਤੇ ਰਾਤ ਦੇ ਸਮੇਂ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੋਵੇਗੀ।
ਸੁਕੂਨ ਦੀ ਨੀਂਦ ਜਾਂ ਜਾਨ ਦਾ ਜੋਖਮ ਇਲੈਕਟ੍ਰਿਕ ਬਲੈਂਕਟ
ਧੁੰਦ ਕਾਰਨ ਸੜਕਾਂ ‘ਤੇ ਹਾਦਸਿਆਂ ਦੀ ਗਿਣਤੀ ਵਧ ਰਹੀ ਹੈ। ਸੋਮਵਾਰ ਨੂੰ ਜਲੰਧਰ ਦੇ ਪੀਏਪੀ ਚੌਕ ‘ਤੇ ਇੱਕ ਟਰੱਕ ਪੰਜਾਬ ਰੋਡਵੇਜ਼ ਅਤੇ ਪ੍ਰਾਈਵੇਟ ਬੱਸ ਨਾਲ ਟਕਰਾ ਗਿਆ ਜਿਸ ਵਿੱਚ ਪਨਬੱਸ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ। ਇਸ ਤੋਂ ਇਲਾਵਾ ਗਿੱਦੜਬਾਹਾ ਮਲੋਟ ਰੋਡ ‘ਤੇ ਬਾਬਾ ਫਰੀਦ ਯੂਨੀਵਰਸਿਟੀ ਦੀ ਬੱਸ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਟਕਰਾਈ। ਖੁਸ਼ਕਿਸਮਤੀ ਨਾਲ ਬੱਸ ਵਿੱਚ ਸਵਾਰ ਸਟਾਫ ਅਤੇ ਵਿਦਿਆਰਥੀਆਂ ਨੂੰ ਗੰਭੀਰ ਸੱਟਾਂ ਨਹੀਂ ਆਈਆਂ। ਪ੍ਰਸ਼ਾਸਨ ਨੇ ਵਾਹਨ ਚਾਲਕਾਂ ਨੂੰ ਸਲਾਹ ਦਿੱਤੀ ਹੈ ਕਿ ਧੁੰਦ ਦੇ ਸਮੇਂ ਗੱਡੀਆਂ ਹੌਲੀ ਗਤੀ ਨਾਲ ਚਲਾਈਆਂ ਜਾਣ ਤਾਂ ਜੋ ਹਾਦਸਿਆਂ ਤੋਂ ਬਚਿਆ ਜਾ ਸਕੇ।
