
ਚੰਡੀਗੜ੍ਹ: 5 ਲੱਖ ਰੁਪਏ ਦੀ ਰਿਸ਼ਵਤ ਅਤੇ ਆਮਦਨ ਤੋਂ ਵੱਧ ਜਾਇਦਾਦ (Disproportionate Assets) ਦੇ ਮਾਮਲੇ ‘ਚ ਗ੍ਰਿਫ਼ਤਾਰ ਪੰਜਾਬ ਦੇ ਸਾਬਕਾ DIG ਹਰਚਰਨ ਸਿੰਘ ਭੁੱਲਰ ਨੂੰ ਅੱਜ CBI ਦੀ ਵਿਸ਼ੇਸ਼ ਅਦਾਲਤ ‘ਚ ਪੇਸ਼ ਕੀਤਾ ਗਿਆ। ਨਿਆਂਇਕ ਹਿਰਾਸਤ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਅਦਾਲਤ ਨੇ ਉਨ੍ਹਾਂ ਨੂੰ 14 ਦਿਨਾਂ ਦੀ ਹੋਰ ਨਿਆਂਇਕ ਹਿਰਾਸਤ ਵਿੱਚ ਭੇਜਣ ਦੇ ਹੁਕਮ ਦਿੱਤੇ। CBI ਨੇ ਭੁੱਲਰ ਵੱਲੋਂ 2017 ਤੋਂ ਹੁਣ ਤੱਕ ਇਕੱਠੀ ਕੀਤੀ ਗਈ ਜਾਇਦਾਦ ਬਾਰੇ ਪੁੱਛਗਿੱਛ ਲਈ ਰਿਮਾਂਡ ਦੀ ਮੰਗ ਕੀਤੀ ਸੀ, ਪਰ ਅਦਾਲਤ ਨੇ ਰਿਮਾਂਡ ਦੀ ਬਜਾਏ ਹਿਰਾਸਤ ਵਧਾ ਦਿੱਤੀ। ਮਾਮਲੇ ‘ਚ ਵਿਚੋਲੇ ਕ੍ਰਿਸ਼ਨੂੰ ਤੋਂ ਪਹਿਲਾਂ ਹੀ CBI ਰਿਮਾਂਡ ‘ਤੇ ਪੁੱਛਗਿੱਛ ਕਰ ਰਹੀ ਹੈ। ਸੂਤਰਾਂ ਦੇ ਅਨੁਸਾਰ, ਕ੍ਰਿਸ਼ਨੂੰ ਵੱਲੋਂ ਮਿਲੀ ਜਾਣਕਾਰੀ ਦੇ ਆਧਾਰ ‘ਤੇ ਹੁਣ DIG ਭੁੱਲਰ ਤੋਂ ਵੀ ਸਿੱਧੀ ਤਫਤੀਸ਼ ਕੀਤੀ ਜਾਵੇਗੀ।
ਬਰਨਾਲਾ ‘ਚ ₹1,400 ਕਰੋੜ ਦਾ ਨਵਾਂ API ਪਲਾਂਟ, 2,000 ਨਵੇਂ ਰੋਜ਼ਗਾਰ ਦੇ ਮੌਕੇ
CBI ਭੁੱਲਰ ਅਤੇ ਕ੍ਰਿਸ਼ਨੂੰ ਦੇ ਸੰਪਰਕਾਂ ਤੋਂ ਇਲਾਵਾ ਹੋਰ ਵਪਾਰੀਆਂ ਅਤੇ ਪੁਲਿਸ ਅਧਿਕਾਰੀਆਂ ਨਾਲ ਸੰਬੰਧਤ ਸਬੂਤ ਇਕੱਠੇ ਕਰਨ ‘ਚ ਲੱਗੀ ਹੋਈ ਹੈ। ਜਾਂਚ ਦੌਰਾਨ DIG ਭੁੱਲਰ ਦੀ ਐਲਾਨੀ ਆਮਦਨ ਅਤੇ ਉਨ੍ਹਾਂ ਦੇ ਘਰੋਂ ਮਿਲੀ ਜਾਇਦਾਦ ਵਿਚਾਲੇ ਵੱਡਾ ਅੰਤਰ ਸਾਹਮਣੇ ਆਇਆ। ਭੁੱਲਰ ਵੱਲੋਂ FY 2024-25 ਲਈ ਦਾਖਲ ਕੀਤੀ ITR ਅਨੁਸਾਰ ਉਨ੍ਹਾਂ ਦੀ ਸਾਲਾਨਾ ਆਮਦਨ ₹45.95 ਲੱਖ ਸੀ, ਜਦਕਿ ਤਨਖਾਹ ਖਾਤੇ ‘ਚ 1 ਅਗਸਤ ਤੋਂ 17 ਅਕਤੂਬਰ ਤੱਕ ₹4.74 ਲੱਖ ਆਏ। ਪਰ CBI ਦੀ ਤਲਾਸ਼ੀ ‘ਚ ਉਨ੍ਹਾਂ ਦੇ ਚੰਡੀਗੜ੍ਹ ਸਥਿਤ ਘਰ ਤੋਂ ₹7.36 ਕਰੋੜ ਨਕਦ, ₹2.32 ਕਰੋੜ ਦੇ ਗਹਿਣੇ, 26 ਮਹਿੰਗੀਆਂ ਘੜੀਆਂ, 5 ਲਗਜ਼ਰੀ ਗੱਡੀਆਂ ਅਤੇ 150 ਏਕੜ ਜ਼ਮੀਨ ਦੇ ਦਸਤਾਵੇਜ਼ ਮਿਲੇ।
VD : ਵੱਲਭ ਭਾਈ ਪਟੇਲ ਜਯੰਤੀ: ‘Run for Unity’ ਅਤੇ SSP ਨਾਲ ਖਾਸ ਗੱਲਬਾਤ”
CBI ਨੇ ਦੱਸਿਆ ਕਿ DIG ਭੁੱਲਰ ਆਪਣੀ ਆਮਦਨ ਦੇ ਮੁਕਾਬਲੇ ਇਸ ਜਾਇਦਾਦ ਬਾਰੇ ਕੋਈ ਤਸੱਲੀਬਖਸ਼ ਸਪੱਸ਼ਟੀਕਰਨ ਨਹੀਂ ਦੇ ਸਕੇ। ਇਹ ਮਾਮਲਾ ਮੰਡੀ ਗੋਬਿੰਦਗੜ੍ਹ ਦੇ ਕਾਰੋਬਾਰੀ ਆਕਾਸ਼ ਬੱਤਾ ਵੱਲੋਂ ਕੀਤੀ ਗਈ ਸ਼ਿਕਾਇਤ ਤੋਂ ਸ਼ੁਰੂ ਹੋਇਆ। 11 ਅਕਤੂਬਰ ਨੂੰ ਸ਼ਿਕਾਇਤ ਦਰਜ ਹੋਈ ਅਤੇ 15 ਅਕਤੂਬਰ ਨੂੰ CBI ਨੇ ਟਰੈਪ ਲਗਾ ਕੇ ਵਿਚੋਲੇ ਕ੍ਰਿਸ਼ਨੂੰ ਨੂੰ ₹5 ਲੱਖ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਫੜਿਆ। ਇਹ ਰਕਮ DIG ਭੁੱਲਰ ਵੱਲੋਂ ਮੰਗੀ ਗਈ ਦੱਸੀ ਗਈ, ਜਿਸ ਤੋਂ ਬਾਅਦ ਦੋਵਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।