skip to content

Last Updated: November 25, 2026

Dainik Savera Times Logo

Hockey: ਬਠਿੰਡਾ ‘ਚ ਸੂਬਾ ਪੱਧਰੀ ਹਾਕੀ ਮੁਕਾਬਲੇ ‘ਚ ਮੋਗਾ ਅਤੇ ਲੁਧਿਆਣਾ ਦੀਆਂ ਟੀਮਾਂ ਨੇ ਜਿੱਤੇ ਖ਼ਿਤਾਬ

25 November 2026 ਅੱਪਡੇਟ ਕੀਤਾ ਗਿਆ

Hockey: ਬਠਿੰਡਾ ‘ਚ ਸੂਬਾ ਪੱਧਰੀ ਹਾਕੀ ਮੁਕਾਬਲੇ ‘ਚ ਮੋਗਾ ਅਤੇ ਲੁਧਿਆਣਾ ਦੀਆਂ ਟੀਮਾਂ ਨੇ ਜਿੱਤੇ ਖ਼ਿਤਾਬ

Khedan Watan Punjab: ਖੇਡਾਂ ਵਤਨ ਪੰਜਾਬ ਸੀਜ਼ਨ-4 ਤਹਿਤ ਸੂਬਾ ਪੱਧਰੀ ਹਾਕੀ ਮੁਕਾਬਲੇ ਬਠਿੰਡਾ ਦੇ ਸਪੋਰਟਸ ਸਟੇਡੀਅਮ ਅਤੇ ਸਰਕਾਰੀ ਸਪੋਰਟਸ ਸਕੂਲ ਘੁੱਦਾ ਦੇ ਮੈਦਾਨ ਵਿੱਚ ਕਰਵਾਏ ਗਏ। ਇਹ ਖੇਡ ਮੁਕਾਬਲੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਦੀ ਅਗਵਾਈ ਅਤੇ ਜ਼ਿਲ੍ਹਾ ਖੇਡ ਅਫ਼ਸਰ ਐੱਸ. ਰੂਪਿੰਦਰ ਸਿੰਘ ਬਰਾੜ ਦੀ ਦੇਖ-ਰੇਖ ਹੇਠ ਸੁਚੱਜੇ ਢੰਗ ਨਾਲ ਨੇਪਰੇ ਚੜ੍ਹੇ। ਵੱਖ-ਵੱਖ ਜ਼ਿਲ੍ਹਿਆਂ ਤੋਂ ਪਹੁੰਚੀਆਂ ਟੀਮਾਂ ਦੇ ਖਿਡਾਰੀਆਂ ਨੇ ਪੂਰੇ ਜੋਸ਼ ਨਾਲ ਹਿੱਸਾ ਲੈਂਦਿਆਂ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।

31 ਤੋਂ 40 ਸਾਲ ਉਮਰ ਵਰਗ ਦੇ ਲੜਕਿਆਂ ਦੇ ਮੁਕਾਬਲਿਆਂ ਵਿੱਚ ਮੋਗਾ ਦੀ ਟੀਮ ਨੇ ਰੂਪਨਗਰ ਨੂੰ 3-0 ਨਾਲ ਅਤੇ ਲੁਧਿਆਣਾ ਨੇ ਸੰਗਰੂਰ ਨੂੰ 4-0 ਨਾਲ ਹਰਾਇਆ। ਅੰਤਿਮ ਨਤੀਜਿਆਂ ਵਿੱਚ ਮੋਗਾ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਰੂਪਨਗਰ ਦੂਜੇ, ਲੁਧਿਆਣਾ ਤੀਜੇ ਅਤੇ ਸੰਗਰੂਰ ਚੌਥੇ ਸਥਾਨ ‘ਤੇ ਰਿਹਾ। ਮੋਗਾ ਦੇ ਖਿਡਾਰੀਆਂ ਨੇ ਪੂਰੇ ਟੂਰਨਾਮੈਂਟ ਦੌਰਾਨ ਸ਼ਾਨਦਾਰ ਤਾਲਮੇਲ ਅਤੇ ਹਮਲਾਵਰ ਖੇਡ ਦਾ ਪ੍ਰਦਰਸ਼ਨ ਕੀਤਾ।

ਅੰਡਰ-21 ਲੜਕਿਆਂ ਦੇ ਵਰਗ ਵਿੱਚ ਲੁਧਿਆਣਾ ਨੇ ਰੂਪਨਗਰ ਨੂੰ 3-0 ਨਾਲ ਮਾਤ ਦਿੱਤੀ, ਜਦਕਿ ਜਲੰਧਰ ਦੀ ਟੀਮ ਨੇ ਬਠਿੰਡਾ ਨੂੰ 2-0 ਨਾਲ ਹਰਾਇਆ। ਇਸ ਵਰਗ ਵਿੱਚ ਲੁਧਿਆਣਾ ਪਹਿਲੇ, ਰੂਪਨਗਰ ਦੂਜੇ, ਜਲੰਧਰ ਤੀਜੇ ਅਤੇ ਬਠਿੰਡਾ ਚੌਥੇ ਸਥਾਨ ‘ਤੇ ਰਿਹਾ। ਜੇਤੂ ਟੀਮਾਂ ਦੇ ਖਿਡਾਰੀਆਂ ਨੇ ਤੇਜ਼ ਪਾਸਿੰਗ ਅਤੇ ਸ਼ਾਨਦਾਰ ਫਿਨਿਸ਼ਿੰਗ ਨਾਲ ਆਪਣੀ ਖੇਡ ਦਾ ਲੋਹਾ ਮਨਵਾਇਆ।

21 ਤੋਂ 30 ਸਾਲ ਉਮਰ ਵਰਗ ਦੇ ਮੁਕਾਬਲੇ ਵਿੱਚ ਮੋਗਾ ਨੇ ਬਠਿੰਡਾ ਨੂੰ 2-0 ਨਾਲ ਹਰਾ ਕੇ ਜਿੱਤ ਦਰਜ ਕੀਤੀ। ਇਸ ਵਰਗ ਵਿੱਚ ਮੋਗਾ ਦੇ ਅਨਮੋਲਪ੍ਰੀਤ ਸਿੰਘ ਨੂੰ ਸਰਵੋਤਮ ਖਿਡਾਰੀ ਚੁਣਿਆ ਗਿਆ। ਇਸੇ ਉਮਰ ਵਰਗ ਦੇ ਇੱਕ ਹੋਰ ਮੁਕਾਬਲੇ ਵਿੱਚ ਪਠਾਨਕੋਟ ਦੀ ਟੀਮ ਨੇ ਪਟਿਆਲਾ ਨੂੰ 1-0 ਨਾਲ ਹਰਾ ਕੇ ਜਿੱਤ ਆਪਣੇ ਨਾਂ ਕੀਤੀ।

ਮੁਕਾਬਲਿਆਂ ਦੌਰਾਨ ਖੇਡ ਵਿਭਾਗ ਵੱਲੋਂ ਦੂਜੇ ਜ਼ਿਲ੍ਹਿਆਂ ਤੋਂ ਆਏ ਖਿਡਾਰੀਆਂ ਦੇ ਰਹਿਣ ਅਤੇ ਖਾਣ-ਪੀਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ। ਪ੍ਰਬੰਧਕਾਂ ਨੇ ਖਿਡਾਰੀਆਂ ਦੀ ਸਹੂਲਤ ਲਈ ਲੋੜੀਂਦੀਆਂ ਸਾਰੀਆਂ ਵਿਵਸਥਾਵਾਂ ਯਕੀਨੀ ਬਣਾਈਆਂ, ਜਿਸ ਦੀ ਖਿਡਾਰੀਆਂ ਅਤੇ ਟੀਮਾਂ ਵੱਲੋਂ ਸ਼ਲਾਘਾ ਕੀਤੀ ਗਈ।

ਇਸ ਮੌਕੇ ਹਾਕੀ ਕੋਚ ਅਵਤਾਰ ਸਿੰਘ, ਕੋਚ ਰਾਜਵੰਤ ਸਿੰਘ ਅਤੇ ਹਾਕੀ ਕੋਚ ਅਮਨਦੀਪ ਸਿੰਘ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ। ਉਨ੍ਹਾਂ ਨੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਖੇਡਾਂ ਵਤਨ ਪੰਜਾਬ ਵਰਗੇ ਮੁਕਾਬਲੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਉਨ੍ਹਾਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਅਹਿਮ ਮੰਚ ਸਾਬਤ ਹੁੰਦੇ ਹਨ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.