Fungal Infection: ਅੱਜ ਦੇ ਸਮੇਂ ਵਿੱਚ ਲੋਕ ਆਪਣੀ ਸਿਹਤ ਅਤੇ ਫਿਟਨੈੱਸ ਨੂੰ ਲੈ ਕੇ ਕਾਫ਼ੀ ਜਾਗਰੂਕ ਹੋ ਰਹੇ ਹਨ। ਕਈ ਲੋਕ ਜਿਮ ਵਿੱਚ ਕਸਰਤ ਕਰਦੇ ਹਨ, ਜਦਕਿ ਕੁਝ ਰੋਜ਼ਾਨਾ ਸੈਰ ਜਾਂ ਦੌੜ ਲਗਾਉਣਾ ਪਸੰਦ ਕਰਦੇ ਹਨ। ਪਰ ਕਸਰਤ ਦੌਰਾਨ ਪੈਰਾਂ ਦੀ ਸਫ਼ਾਈ ਅਤੇ ਦੇਖਭਾਲ ਵਿੱਚ ਕੀਤੀ ਗਈ ਛੋਟੀ ਜਿਹੀ ਲਾਪਰਵਾਹੀ ਫੰਗਲ ਇਨਫੈਕਸ਼ਨ ਦਾ ਕਾਰਨ ਬਣ ਸਕਦੀ ਹੈ।
ਵਿਸ਼ਵ ਸਿਹਤ ਸੰਗਠਨ (WHO) ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਸਾਂਝੀ ਕੀਤੀ ਜਾਣਕਾਰੀ ਵਿੱਚ ਦੱਸਿਆ ਹੈ ਕਿ ਲੰਬੇ ਸਮੇਂ ਤੱਕ ਪਸੀਨੇ ਨਾਲ ਭਿੱਜੀਆਂ ਜੁਰਾਬਾਂ ਪਹਿਨਣ ਜਾਂ ਪੈਰਾਂ ਨੂੰ ਗਿੱਲਾ ਰੱਖਣ ਨਾਲ ਐਥਲੀਟ ਫੁੱਟ ਨਾਮਕ ਫੰਗਲ ਇਨਫੈਕਸ਼ਨ ਹੋਣ ਦਾ ਖ਼ਤਰਾ ਵਧ ਸਕਦਾ ਹੈ। ਇਹ ਸਮੱਸਿਆ ਖਾਸ ਤੌਰ ‘ਤੇ ਪੈਰਾਂ ਦੀ ਚਮੜੀ ਨੂੰ ਪ੍ਰਭਾਵਿਤ ਕਰਦੀ ਹੈ।
ਐਥਲੀਟ ਫੁੱਟ ਇੱਕ ਆਮ ਫੰਗਲ ਇਨਫੈਕਸ਼ਨ ਹੈ, ਜਿਸ ਦਾ ਫੰਗਸ ਗਰਮ ਅਤੇ ਨਮੀ ਵਾਲੇ ਮਾਹੌਲ ਵਿੱਚ ਤੇਜ਼ੀ ਨਾਲ ਵਧਦਾ ਹੈ। ਜਿਨ੍ਹਾਂ ਲੋਕਾਂ ਦੇ ਪੈਰਾਂ ਵਿੱਚ ਜ਼ਿਆਦਾ ਪਸੀਨਾ ਆਉਂਦਾ ਹੈ ਜਾਂ ਜੋ ਲੰਬੇ ਸਮੇਂ ਤੱਕ ਗਿੱਲੀਆਂ ਜੁਰਾਬਾਂ ਪਹਿਨਦੇ ਹਨ, ਉਨ੍ਹਾਂ ਨੂੰ ਇਸ ਦਾ ਵਧੇਰੇ ਖ਼ਤਰਾ ਰਹਿੰਦਾ ਹੈ। ਜਿਮ, ਸਵੀਮਿੰਗ ਪੂਲ, ਜਨਤਕ ਬਾਥਰੂਮ ਅਤੇ ਸਾਂਝੇ ਸ਼ਾਵਰ ਵਾਲੀਆਂ ਥਾਵਾਂ ‘ਤੇ ਵੀ ਇਸ ਇਨਫੈਕਸ਼ਨ ਦੇ ਸੰਪਰਕ ਵਿੱਚ ਆਉਣ ਦੀ ਸੰਭਾਵਨਾ ਹੁੰਦੀ ਹੈ। ਇਹ ਸੰਕਰਮਣ ਕਿਸੇ ਪ੍ਰਭਾਵਿਤ ਵਿਅਕਤੀ ਜਾਂ ਦੂਸ਼ਿਤ ਸਤਹ ਦੇ ਸੰਪਰਕ ਰਾਹੀਂ ਫੈਲ ਸਕਦਾ ਹੈ।
ਇਸ ਇਨਫੈਕਸ਼ਨ ਦੇ ਸ਼ੁਰੂਆਤੀ ਲੱਛਣ ਅਕਸਰ ਪੈਰਾਂ ਦੀਆਂ ਉਂਗਲਾਂ ਵਿਚਕਾਰ ਦਿਖਾਈ ਦਿੰਦੇ ਹਨ। ਪ੍ਰਭਾਵਿਤ ਥਾਂ ‘ਤੇ ਲਾਲੀ, ਖੁਜਲੀ ਅਤੇ ਚਮੜੀ ਫਟਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਕਈ ਵਾਰ ਚਮੜੀ ਬਹੁਤ ਖੁਸ਼ਕ ਹੋ ਜਾਂਦੀ ਹੈ ਅਤੇ ਉਸ ਉੱਪਰ ਪਪੜੀ ਜੰਮਣ ਲੱਗਦੀ ਹੈ। ਜੇਕਰ ਖੁਜਲੀ ਜਾਂ ਹੋਰ ਲੱਛਣ ਲਗਾਤਾਰ ਬਣੇ ਰਹਿਣ ਤਾਂ ਉਨ੍ਹਾਂ ਨੂੰ ਆਮ ਸਮਝ ਕੇ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ, ਕਿਉਂਕਿ ਇਨਫੈਕਸ਼ਨ ਪੈਰਾਂ ਦੇ ਹੋਰ ਹਿੱਸਿਆਂ ਤੱਕ ਵੀ ਫੈਲ ਸਕਦਾ ਹੈ।
WHO ਮੁਤਾਬਕ ਇਸ ਸਮੱਸਿਆ ਤੋਂ ਬਚਣ ਲਈ ਪੈਰਾਂ ਨੂੰ ਸਾਫ਼ ਅਤੇ ਸੁੱਕਾ ਰੱਖਣਾ ਬੇਹੱਦ ਜ਼ਰੂਰੀ ਹੈ। ਨਹਾਉਣ ਜਾਂ ਪੈਰ ਧੋਣ ਤੋਂ ਬਾਅਦ ਉਂਗਲਾਂ ਵਿਚਕਾਰਲੀ ਜਗ੍ਹਾ ਨੂੰ ਵੀ ਚੰਗੀ ਤਰ੍ਹਾਂ ਸੁਕਾਉਣਾ ਚਾਹੀਦਾ ਹੈ। ਜਿਮ ਜਾਂ ਸੈਰ ਦੌਰਾਨ ਜੇਕਰ ਜੁਰਾਬਾਂ ਪਸੀਨੇ ਨਾਲ ਭਿੱਜ ਜਾਣ ਤਾਂ ਉਨ੍ਹਾਂ ਨੂੰ ਜਲਦੀ ਬਦਲ ਲੈਣਾ ਚਾਹੀਦਾ ਹੈ। ਹਰ ਰੋਜ਼ ਸਾਫ਼ ਜੁਰਾਬਾਂ ਪਹਿਨੋ ਅਤੇ ਅਜਿਹੇ ਜੁੱਤੇ ਵਰਤੋ ਜਿਨ੍ਹਾਂ ਵਿੱਚ ਹਵਾ ਆਸਾਨੀ ਨਾਲ ਲੰਘ ਸਕੇ। ਜਨਤਕ ਸ਼ਾਵਰ ਅਤੇ ਸਾਂਝੇ ਬਾਥਰੂਮਾਂ ਵਿੱਚ ਨੰਗੇ ਪੈਰ ਜਾਣ ਦੀ ਬਜਾਏ ਚੱਪਲਾਂ ਪਹਿਨੋ ਅਤੇ ਆਪਣੀਆਂ ਜੁਰਾਬਾਂ, ਜੁੱਤੇ ਤੇ ਤੌਲੀਆ ਦੂਜਿਆਂ ਨਾਲ ਸਾਂਝੇ ਕਰਨ ਤੋਂ ਬਚੋ।