Sonia Gandhi: ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਦੀ ਆਤਮਕਥਾ ‘ਬਿਲੌਂਗਿੰਗ: ਏ ਜਰਨੀ ਆਫ਼ ਲਵ’ ਇਨ੍ਹੀਂ ਦਿਨੀਂ ਕਾਫ਼ੀ ਚਰਚਾ ਵਿੱਚ ਹੈ। 544 ਪੰਨਿਆਂ ਦੀ ਇਸ ਕਿਤਾਬ ਵਿੱਚ ਉਨ੍ਹਾਂ ਨੇ ਆਪਣੀ ਨਿੱਜੀ ਜ਼ਿੰਦਗੀ ਦੇ ਨਾਲ-ਨਾਲ ਸਿਆਸੀ ਸਫ਼ਰ ਨਾਲ ਜੁੜੀਆਂ ਕਈ ਅਹਿਮ ਘਟਨਾਵਾਂ ਦਾ ਜ਼ਿਕਰ ਕੀਤਾ ਹੈ। ਖ਼ਾਸ ਤੌਰ ‘ਤੇ ਸਾਲ 2004 ਵਿੱਚ ਪ੍ਰਧਾਨ ਮੰਤਰੀ ਦਾ ਅਹੁਦਾ ਸਵੀਕਾਰ ਨਾ ਕਰਨ ਦੇ ਫ਼ੈਸਲੇ ਪਿੱਛੇ ਰਹੇ ਕਾਰਨਾਂ ਬਾਰੇ ਉਨ੍ਹਾਂ ਦੇ ਖੁਲਾਸੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ।
ਸੋਨੀਆ ਗਾਂਧੀ ਮੁਤਾਬਕ, ਉਨ੍ਹਾਂ ਦੇ ਬੱਚੇ ਰਾਹੁਲ ਅਤੇ ਪ੍ਰਿਯੰਕਾ ਗਾਂਧੀ ਨਹੀਂ ਚਾਹੁੰਦੇ ਸਨ ਕਿ ਉਹ ਦੇਸ਼ ਦੀ ਪ੍ਰਧਾਨ ਮੰਤਰੀ ਬਣਨ। ਦੋਵੇਂ ਆਪਣੀ ਦਾਦੀ ਇੰਦਰਾ ਗਾਂਧੀ ਅਤੇ ਪਿਤਾ ਰਾਜੀਵ ਗਾਂਧੀ ਦੀ ਹੱਤਿਆ ਦੇ ਸਦਮੇ ਵਿੱਚੋਂ ਪੂਰੀ ਤਰ੍ਹਾਂ ਬਾਹਰ ਨਹੀਂ ਆ ਸਕੇ ਸਨ। ਉਨ੍ਹਾਂ ਨੂੰ ਡਰ ਸੀ ਕਿ ਜੇਕਰ ਉਨ੍ਹਾਂ ਦੀ ਮਾਂ ਪ੍ਰਧਾਨ ਮੰਤਰੀ ਬਣਦੀ ਹੈ ਤਾਂ ਪਰਿਵਾਰ ਨੂੰ ਮੁੜ ਕਿਸੇ ਅਣਸੁਖਾਵੀਂ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੋਨੀਆ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਾ ਬਣਨ ਦੀ ਗੱਲ ਕਹੀ ਤਾਂ ਰਾਹੁਲ ਅਤੇ ਪ੍ਰਿਯੰਕਾ ਨੇ ਸੁੱਖ ਦਾ ਸਾਹ ਲਿਆ ਸੀ।
ਕਿਤਾਬ ਵਿੱਚ ਸੋਨੀਆ ਨੇ 2004 ਦੀਆਂ ਲੋਕ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਬੱਚਿਆਂ ਨਾਲ ਹੋਈ ਗੱਲਬਾਤ ਦਾ ਵੀ ਜ਼ਿਕਰ ਕੀਤਾ ਹੈ। ਉਨ੍ਹਾਂ ਅਨੁਸਾਰ, ਰਾਹੁਲ ਅਤੇ ਪ੍ਰਿਯੰਕਾ ਨੇ ਉਨ੍ਹਾਂ ਨੂੰ ਸਿੱਧਾ ਪੁੱਛਿਆ ਸੀ ਕਿ ਜੇਕਰ ਕਾਂਗਰਸ ਚੋਣਾਂ ਜਿੱਤ ਜਾਂਦੀ ਹੈ ਤਾਂ ਕੀ ਉਹ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣਗੇ? ਇਸ ਸਵਾਲ ਦੇ ਜਵਾਬ ਵਿੱਚ ਸੋਨੀਆ ਨੇ ਸਪੱਸ਼ਟ ਤੌਰ ‘ਤੇ ਕਿਹਾ ਸੀ ਕਿ ਉਹ ਅਜਿਹਾ ਬਿਲਕੁਲ ਨਹੀਂ ਕਰਨਗੇ। ਬੱਚਿਆਂ ਵੱਲੋਂ ਦੁਬਾਰਾ ਪੁੱਛਣ ‘ਤੇ ਵੀ ਉਨ੍ਹਾਂ ਆਪਣੇ ਫ਼ੈਸਲੇ ਬਾਰੇ ਭਰੋਸਾ ਦਿਵਾਇਆ ਸੀ।
ਹਾਲਾਂਕਿ, ਸੋਨੀਆ ਗਾਂਧੀ ਨੇ ਇਹ ਵੀ ਦੱਸਿਆ ਕਿ ਬਾਅਦ ਵਿੱਚ ਕਾਂਗਰਸ ਦੇ ਕਈ ਸੀਨੀਅਰ ਆਗੂਆਂ ਨੇ ਉਨ੍ਹਾਂ ‘ਤੇ ਪ੍ਰਧਾਨ ਮੰਤਰੀ ਦਾ ਅਹੁਦਾ ਸਵੀਕਾਰ ਕਰਨ ਲਈ ਦਬਾਅ ਬਣਾਇਆ। 10 ਜਨਪਥ ਸਥਿਤ ਉਨ੍ਹਾਂ ਦੀ ਰਿਹਾਇਸ਼ ‘ਤੇ ਹੋਈ ਇੱਕ ਬੈਠਕ ਦੌਰਾਨ ਆਗੂਆਂ ਦੀ ਮੰਗ ਅੱਗੇ ਉਨ੍ਹਾਂ ਨੇ ਬਹੁਤ ਹੌਲੀ ਆਵਾਜ਼ ਵਿੱਚ ‘ਠੀਕ ਹੈ’ ਕਹਿ ਦਿੱਤਾ ਸੀ। ਇਸ ਗੱਲ ਨੂੰ ਸੁਣ ਕੇ ਕਮਰੇ ਦੇ ਬਾਹਰ ਖੜ੍ਹੀ ਪ੍ਰਿਯੰਕਾ ਭਾਵੁਕ ਹੋ ਗਈ ਅਤੇ ਰੋਣ ਲੱਗ ਪਈ।
ਸੋਨੀਆ ਦੇ ਇਸ ਜਵਾਬ ਤੋਂ ਬਾਅਦ ਪ੍ਰਿਯੰਕਾ ਤੁਰੰਤ ਘਰ ਦੇ ਅੰਦਰ ਰਾਹੁਲ ਨੂੰ ਲੱਭਣ ਲਈ ਪਹੁੰਚੀ ਅਤੇ ਉਸ ਨੂੰ ਦੱਸਿਆ ਕਿ ਮਾਂ ਨੇ ਆਗੂਆਂ ਦੀ ਮੰਗ ਮੰਨ ਲਈ ਹੈ। ਇਹ ਸੁਣ ਕੇ ਰਾਹੁਲ ਗਾਂਧੀ ਹੈਰਾਨ ਅਤੇ ਨਾਰਾਜ਼ ਹੋ ਗਏ। ਉਨ੍ਹਾਂ ਨੇ ਸਵਾਲ ਕੀਤਾ ਕਿ ਮਾਂ ਨੇ ਅਜਿਹਾ ਕਿਉਂ ਕੀਤਾ ਅਤੇ ਉਹ ਕਿੱਥੇ ਹਨ। ਇਸ ਤੋਂ ਬਾਅਦ ਰਾਹੁਲ ਨੇ ਆਪਣੀ ਮਾਂ ਕੋਲ ਜਾ ਕੇ ਪੁੱਛਿਆ ਕਿ ਕੀ ਉਨ੍ਹਾਂ ਨੇ ਸੱਚਮੁੱਚ ਹਾਂ ਕਰ ਦਿੱਤੀ ਹੈ।
ਸੋਨੀਆ ਗਾਂਧੀ ਨੇ ਦੱਸਿਆ ਕਿ ਰਾਹੁਲ ਨੇ ਉਨ੍ਹਾਂ ਨੂੰ ਕਿਹਾ ਕਿ ਜਦੋਂ ਉਹ ਪਹਿਲਾਂ ਹੀ ਆਪਣਾ ਫ਼ੈਸਲਾ ਸਪੱਸ਼ਟ ਕਰ ਚੁੱਕੇ ਸਨ ਤਾਂ ਫਿਰ ਦੂਜਿਆਂ ਦੇ ਦਬਾਅ ਹੇਠ ਆਉਣ ਦੀ ਕੀ ਲੋੜ ਸੀ। ਇਸ ਦੌਰਾਨ ਪ੍ਰਿਯੰਕਾ ਨੇ ਵੀ ਆਪਣੀ ਮਾਂ ਨੂੰ ਹੌਸਲਾ ਦਿੰਦਿਆਂ ਕਿਹਾ ਕਿ ਉਹ ਆਪਣੇ ਫ਼ੈਸਲੇ ‘ਤੇ ਕਾਇਮ ਰਹਿਣ ਅਤੇ ਕਿਸੇ ਦੇ ਦਬਾਅ ਵਿੱਚ ਨਾ ਆਉਣ। ਉਸ ਨੇ ਭਰੋਸਾ ਦਿੱਤਾ ਕਿ ਉਹ ਅਤੇ ਰਾਹੁਲ ਹਰ ਹਾਲਤ ਵਿੱਚ ਉਨ੍ਹਾਂ ਦੇ ਨਾਲ ਖੜ੍ਹੇ ਹਨ।
मेष: दिन शुभ रहेगा...