skip to content

Last Updated: November 10, 2026

Dainik Savera Times Logo

Monsoon Research: ਮਾਨਸੂਨ ਦੀ ਪਛਾਣ ਲਈ IIT ਨੇ ਲੱਭਿਆ ਨਵਾਂ ਤਰੀਕਾ, 84 ਸਾਲਾਂ ਦੇ ਮੌਸਮੀ ਅੰਕੜਿਆਂ ਦਾ ਕੀਤਾ ਵਿਸ਼ਲੇਸ਼ਣ

10 November 2026 ਅੱਪਡੇਟ ਕੀਤਾ ਗਿਆ

Monsoon Research: ਮਾਨਸੂਨ ਦੀ ਪਛਾਣ ਲਈ IIT ਨੇ ਲੱਭਿਆ ਨਵਾਂ ਤਰੀਕਾ, 84 ਸਾਲਾਂ ਦੇ ਮੌਸਮੀ ਅੰਕੜਿਆਂ ਦਾ ਕੀਤਾ ਵਿਸ਼ਲੇਸ਼ਣ

Monsoon Research: ਮਾਨਸੂਨ ਦੀ ਅਸਲ ਆਮਦ ਦਾ ਸਹੀ ਸਮਾਂ ਪਤਾ ਲਗਾਉਣ ਲਈ ਆਈਆਈਟੀ ਮਦਰਾਸ ਅਤੇ ਗੁਵਾਹਾਟੀ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਇੱਕ ਨਵੀਂ ਤਕਨੀਕ ਵਿਕਸਿਤ ਕੀਤੀ ਹੈ। ਇਸ ਖੋਜ ਨਾਲ ਕਿਸਾਨਾਂ ਨੂੰ ਫ਼ਸਲਾਂ ਦੀ ਬਿਜਾਈ ਦਾ ਸਹੀ ਸਮਾਂ ਚੁਣਨ ਵਿੱਚ ਮਦਦ ਮਿਲ ਸਕਦੀ ਹੈ। ਇਸ ਤੋਂ ਇਲਾਵਾ ਸਰਕਾਰ ਲਈ ਪਾਣੀ ਦੇ ਸਰੋਤਾਂ ਦੀ ਸੰਭਾਲ, ਜਲ ਪ੍ਰਬੰਧਨ ਅਤੇ ਹੜ੍ਹਾਂ ਨਾਲ ਨਜਿੱਠਣ ਦੀਆਂ ਯੋਜਨਾਵਾਂ ਤਿਆਰ ਕਰਨਾ ਵੀ ਆਸਾਨ ਹੋ ਸਕਦਾ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਕਿਸੇ ਇਲਾਕੇ ਵਿੱਚ ਮੀਂਹ ਦੀਆਂ ਪਹਿਲੀਆਂ ਬੂੰਦਾਂ ਪੈਣ ਨੂੰ ਮਾਨਸੂਨ ਦੀ ਅਸਲ ਸ਼ੁਰੂਆਤ ਨਹੀਂ ਮੰਨਿਆ ਜਾ ਸਕਦਾ।

ਭਾਰਤ ਦੀ ਖੇਤੀਬਾੜੀ ਦਾ ਵੱਡਾ ਹਿੱਸਾ ਮਾਨਸੂਨ ‘ਤੇ ਨਿਰਭਰ ਕਰਦਾ ਹੈ, ਇਸ ਲਈ ਮੀਂਹ ਦੇ ਮੌਸਮ ਦੀ ਸਹੀ ਆਮਦ ਜਾਣਨਾ ਕਿਸਾਨਾਂ ਲਈ ਬੇਹੱਦ ਅਹਿਮ ਹੈ। ਜੇਕਰ ਕਿਸੇ ਖੇਤਰ ਵਿੱਚ ਹੋਈ ਥੋੜ੍ਹੀ ਜਿਹੀ ਬਾਰਿਸ਼ ਨੂੰ ਮਾਨਸੂਨ ਦੀ ਸ਼ੁਰੂਆਤ ਸਮਝ ਕੇ ਕਿਸਾਨ ਬਿਜਾਈ ਕਰ ਦੇਣ ਅਤੇ ਬਾਅਦ ਵਿੱਚ ਮੀਂਹ ਨਾ ਪਵੇ ਤਾਂ ਫ਼ਸਲਾਂ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ। ਇਸ ਸਮੱਸਿਆ ਨੂੰ ਧਿਆਨ ਵਿੱਚ ਰੱਖਦਿਆਂ ਖੋਜਕਰਤਾਵਾਂ ਨੇ 84 ਸਾਲਾਂ ਦੇ ਮੀਂਹ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ। ਇਸ ਅਧਿਐਨ ਮੁਤਾਬਕ ਉੱਤਰ-ਪੂਰਬੀ ਭਾਰਤ ਵਿੱਚ ਵੱਡੇ ਪੱਧਰ ‘ਤੇ ਮਾਨਸੂਨ ਦੀ ਸ਼ੁਰੂਆਤ ਔਸਤਨ 15 ਮਈ ਦੇ ਆਸ-ਪਾਸ ਹੁੰਦੀ ਹੈ, ਜਦਕਿ ਪ੍ਰਾਇਦੀਪੀ ਭਾਰਤ ਵਿੱਚ ਇਹ ਸਮਾਂ ਲਗਭਗ 9 ਜੂਨ ਹੁੰਦਾ ਹੈ।

ਖੋਜ ਦੌਰਾਨ ਵਿਗਿਆਨੀਆਂ ਨੇ ਦੇਖਿਆ ਕਿ ਮਾਨਸੂਨ ਦੇ ਸ਼ੁਰੂਆਤੀ ਪੜਾਅ ਵਿੱਚ ਮੀਂਹ ਨਾਲ ਬਣਨ ਵਾਲੇ ਸਭ ਤੋਂ ਵੱਡੇ ਸਮੂਹ ਦਾ ਆਕਾਰ ਅਚਾਨਕ ਵਧਣ ਲੱਗਦਾ ਹੈ। ਇਸ ਤੋਂ ਬਾਅਦ ਇਹ ਸਮੂਹ ਲਗਾਤਾਰ ਨਵੇਂ ਭੂਗੋਲਿਕ ਖੇਤਰਾਂ ਵਿੱਚ ਫੈਲਦਾ ਹੋਇਆ ਉੱਤਰ ਵੱਲ ਵਧਦਾ ਹੈ। ਵਿਗਿਆਨੀਆਂ ਅਨੁਸਾਰ ਇਹ ਪ੍ਰਕਿਰਿਆ ਇਸ ਗੱਲ ਦਾ ਸੰਕੇਤ ਦਿੰਦੀ ਹੈ ਕਿ ਮਾਨਸੂਨ ਹੁਣ ਕਿਸੇ ਇੱਕ ਇਲਾਕੇ ਤੱਕ ਸੀਮਤ ਨਹੀਂ ਰਿਹਾ, ਸਗੋਂ ਦੇਸ਼ ਦੇ ਵੱਡੇ ਹਿੱਸੇ ਵਿੱਚ ਸਰਗਰਮ ਹੋ ਰਿਹਾ ਹੈ। ਇਸ ਤਕਨੀਕ ਦੀ ਮਦਦ ਨਾਲ ਕਿਸੇ ਸਥਾਨ ‘ਤੇ ਮਾਨਸੂਨ ਦੀ ਅਸਲ ਅਤੇ ਵਿਆਪਕ ਸ਼ੁਰੂਆਤ ਦਾ ਸਮਾਂ ਪਛਾਣਿਆ ਜਾ ਸਕੇਗਾ।

ਇਸ ਖੋਜ ਵਿੱਚ ਜਲਵਾਯੂ ਨੈੱਟਵਰਕ ਅਤੇ ਗੁੰਝਲਦਾਰ ਪ੍ਰਣਾਲੀਆਂ ਦੇ ਸਿਧਾਂਤਾਂ ਦੀ ਵਰਤੋਂ ਕੀਤੀ ਗਈ ਹੈ। ਇਸ ਤਹਿਤ ਦੇਸ਼ ਦੇ ਵੱਖ-ਵੱਖ ਭੂਗੋਲਿਕ ਸਥਾਨਾਂ ਨੂੰ ਇੱਕ ਨੈੱਟਵਰਕ ਦੇ ਕੇਂਦਰਾਂ ਵਜੋਂ ਦੇਖਿਆ ਗਿਆ ਅਤੇ ਉਨ੍ਹਾਂ ਵਿਚਕਾਰ ਸਬੰਧ ਮੀਂਹ ਸ਼ੁਰੂ ਹੋਣ ਦੇ ਸਮੇਂ ਦੇ ਆਧਾਰ ‘ਤੇ ਤੈਅ ਕੀਤੇ ਗਏ। ਇਸ ਤੋਂ ਬਾਅਦ ਇਹ ਅਧਿਐਨ ਕੀਤਾ ਗਿਆ ਕਿ ਵੱਖ-ਵੱਖ ਇਲਾਕਿਆਂ ਵਿੱਚ ਬਣਨ ਵਾਲੇ ਛੋਟੇ ਮੀਂਹ ਦੇ ਸਮੂਹ ਕਿਵੇਂ ਆਪਸ ਵਿੱਚ ਜੁੜ ਕੇ ਇੱਕ ਵੱਡੀ ਪ੍ਰਣਾਲੀ ਦਾ ਰੂਪ ਧਾਰਨ ਕਰਦੇ ਹਨ। ਇਸ ਤਰੀਕੇ ਨਾਲ ਸਥਾਨਕ ਮੌਸਮ ਕਾਰਨ ਹੋਣ ਵਾਲੀ ਥੋੜ੍ਹੇ ਸਮੇਂ ਦੀ ਬਾਰਿਸ਼ ਅਤੇ ਲਗਾਤਾਰ ਸਰਗਰਮ ਮਾਨਸੂਨ ਵਿਚਕਾਰ ਫ਼ਰਕ ਕਰਨਾ ਸੰਭਵ ਹੋ ਸਕਦਾ ਹੈ। ਇਸ ਖੋਜ ਦੇ ਨਤੀਜੇ ਅਮਰੀਕਨ ਮੈਟੀਓਰੋਲੋਜੀਕਲ ਸੋਸਾਇਟੀ ਦੇ ਰਸਾਲੇ ‘ਜਰਨਲ ਆਫ਼ ਕਲਾਈਮੇਟ’ ਵਿੱਚ ਪ੍ਰਕਾਸ਼ਿਤ ਹੋਏ ਹਨ। ਇਸ ਅਧਿਐਨ ਦੇ ਸਹਿ-ਲੇਖਕਾਂ ਵਿੱਚ ਯੋਗੇਨਰਾਜ ਪਾਟਿਲ, ਗੌਰਵ ਚੋਪੜਾ, ਸ਼ਰੂਤੀ ਟੰਡਨ, ਪ੍ਰੋ. ਆਰ.ਆਈ. ਸੁਜੀਤ ਅਤੇ ਪ੍ਰੋ. ਬੀ.ਐਨ. ਗੋਸਵਾਮੀ ਸ਼ਾਮਲ ਹਨ।

ਆਈਆਈਟੀ ਮਦਰਾਸ ਦੇ ਪ੍ਰੋਫੈਸਰ ਆਰ.ਆਈ. ਸੁਜੀਤ ਨੇ ਸਮਝਾਇਆ ਕਿ ਕਿਸੇ ਇਲਾਕੇ ਵਿੱਚ ਮਾਨਸੂਨ ਦੀ ਆਮਦ ਸਿਰਫ਼ ਪਹਿਲੀ ਬਾਰਿਸ਼ ਦੇ ਆਧਾਰ ‘ਤੇ ਤੈਅ ਨਹੀਂ ਕੀਤੀ ਜਾ ਸਕਦੀ। ਜਦੋਂ ਉੱਥੇ ਹੋਣ ਵਾਲੀ ਬਾਰਿਸ਼ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸਰਗਰਮ ਸਭ ਤੋਂ ਵੱਡੇ ਮੀਂਹ ਦੇ ਸਮੂਹ ਨਾਲ ਜੁੜ ਜਾਂਦੀ ਹੈ, ਉਦੋਂ ਉਸ ਖੇਤਰ ਵਿੱਚ ਮਾਨਸੂਨ ਦੀ ਵਿਆਪਕ ਸ਼ੁਰੂਆਤ ਮੰਨੀ ਜਾਵੇਗੀ। ਇਸ ਦਾ ਮਤਲਬ ਹੈ ਕਿ ਮੀਂਹ ਹੁਣ ਸਿਰਫ਼ ਸਥਾਨਕ ਮੌਸਮੀ ਹਾਲਾਤਾਂ ਕਾਰਨ ਨਹੀਂ ਪੈ ਰਿਹਾ, ਬਲਕਿ ਉਹ ਦੇਸ਼ ਵਿੱਚ ਸਰਗਰਮ ਮਾਨਸੂਨੀ ਪ੍ਰਣਾਲੀ ਦਾ ਹਿੱਸਾ ਬਣ ਚੁੱਕਾ ਹੈ। ਪ੍ਰੋਫੈਸਰ ਮੁਤਾਬਕ ਇਸ ਤਰੀਕੇ ਨਾਲ ਮਾਨਸੂਨ ਦੀ ਗਲਤ ਸ਼ੁਰੂਆਤ ਦਾ ਅੰਦਾਜ਼ਾ ਲਗਾਉਣ ਦੀ ਸੰਭਾਵਨਾ ਘੱਟ ਹੋ ਸਕਦੀ ਹੈ।

ਮਾਨਸੂਨ ਦੇ ਅੱਗੇ ਵਧਣ ਦੀ ਪ੍ਰਕਿਰਿਆ ਨੂੰ ਸਮਝਾਉਣ ਲਈ ਖੋਜਕਰਤਾਵਾਂ ਨੇ ਉੱਤਰ-ਪੂਰਬੀ ਭਾਰਤ ਅਤੇ ਕੇਰਲ ਦੀ ਉਦਾਹਰਨ ਦਿੱਤੀ ਹੈ। ਅਪ੍ਰੈਲ ਮਹੀਨੇ ਦੌਰਾਨ ਉੱਤਰ-ਪੂਰਬ ਦੇ ਵੱਖ-ਵੱਖ ਹਿੱਸਿਆਂ ਵਿੱਚ ਸਥਾਨਕ ਬਾਰਿਸ਼ ਨਾਲ ਛੋਟੇ ਸਮੂਹ ਬਣਨੇ ਸ਼ੁਰੂ ਹੁੰਦੇ ਹਨ, ਜੋ ਬਾਅਦ ਵਿੱਚ ਬੰਗਾਲ ਦੀ ਖਾੜੀ ਦੇ ਖੇਤਰ ਵਿੱਚ ਬਣੇ ਹੋਰ ਸਮੂਹਾਂ ਨਾਲ ਜੁੜ ਜਾਂਦੇ ਹਨ। ਇਸ ਨਾਲ ਸਭ ਤੋਂ ਵੱਡੇ ਮੀਂਹ ਦੇ ਸਮੂਹ ਦਾ ਆਕਾਰ ਤੇਜ਼ੀ ਨਾਲ ਵਧਦਾ ਹੈ ਅਤੇ ਇਸ ਨੂੰ ਉੱਤਰ-ਪੂਰਬ ਵਿੱਚ ਮਾਨਸੂਨ ਦੀ ਵਿਆਪਕ ਸ਼ੁਰੂਆਤ ਮੰਨਿਆ ਜਾਂਦਾ ਹੈ। ਇਸੇ ਤਰ੍ਹਾਂ ਕੇਰਲ ਵਿੱਚ ਬਣਿਆ ਸਥਾਨਕ ਮੀਂਹ ਦਾ ਸਮੂਹ ਜਦੋਂ ਉੱਤਰ-ਪੂਰਬ ਤੋਂ ਪੱਛਮ ਵੱਲ ਵਧ ਰਹੇ ਵੱਡੇ ਸਮੂਹ ਨਾਲ ਜੁੜਦਾ ਹੈ ਤਾਂ ਪ੍ਰਾਇਦੀਪੀ ਭਾਰਤ ਵਿੱਚ ਮਾਨਸੂਨ ਦੀ ਸ਼ੁਰੂਆਤ ਮੰਨੀ ਜਾਂਦੀ ਹੈ। ਇਸ ਨਾਲ ਕੇਰਲ ਵਿੱਚ ਹੋਣ ਵਾਲੀ ਛਿੱਟ-ਪੁੱਟ ਬਾਰਿਸ਼ ਨੂੰ ਗਲਤੀ ਨਾਲ ਮਾਨਸੂਨ ਨਹੀਂ ਸਮਝਿਆ ਜਾਵੇਗਾ। ਖੋਜਕਰਤਾਵਾਂ ਨੇ ਇਹ ਵੀ ਪਾਇਆ ਕਿ ਪ੍ਰਾਇਦੀਪੀ ਭਾਰਤ ਵਿੱਚ ਮਾਨਸੂਨ ਦੇ ਸਥਾਪਤ ਹੋਣ ਤੋਂ ਬਾਅਦ ਮੀਂਹ ਉੱਤਰ ਵੱਲ ਵਧਦਾ ਹੈ। ਇਸ ਤਬਦੀਲੀ ਦਾ ਸਬੰਧ ਮਾਨਸੂਨ ਦੇ ਅੰਦਰ ਹੋਣ ਵਾਲੇ ਮੌਸਮੀ ਉਤਾਰ-ਚੜ੍ਹਾਅ ਦੀ ਪਹਿਲੀ ਸਰਗਰਮ ਲਹਿਰ ਨਾਲ ਹੈ। ਵਿਗਿਆਨੀਆਂ ਨੇ ਆਪਣੀ ਇਸ ਨਵੀਂ ਤਕਨੀਕ ਦੀ ਵਰਤੋਂ ਸਾਲ 2026 ਦੇ ਮਾਨਸੂਨ ਦਾ ਅਧਿਐਨ ਕਰਨ ਲਈ ਵੀ ਕੀਤੀ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.