ਨੈਸ਼ਨਲ ਡੈਸਕ : ਮੈਸੇਜਿੰਗ ਐਪ WhatsApp ਜਲਦੀ ਹੀ ਆਪਣਾ ਨਵਾਂ ਇਨਕ੍ਰਿਪਟਡ ਕਲਾਉਡ ਸਟੋਰੇਜ ਸਿਸਟਮ ਲਾਂਚ ਕਰ ਸਕਦਾ ਹੈ, ਜਿਸ ਨਾਲ ਯੂਜ਼ਰਜ਼ ਨੂੰ ਆਪਣੇ ਡੇਟਾ ‘ਤੇ ਹੋਰ ਵੱਧ ਕੰਟਰੋਲ ਮਿਲੇਗਾ। ਹੁਣ ਤੱਕ WhatsApp ਬੈਕਅੱਪ ਲਈ ਤੀਜੀ-ਧਿਰ ਸੇਵਾਵਾਂ ਜਿਵੇਂ Google Drive ਅਤੇ iCloud ‘ਤੇ ਨਿਰਭਰ ਕਰਦਾ ਹੈ, ਪਰ ਆਉਣ ਵਾਲਾ ਫੀਚਰ ਇਸ ਪ੍ਰਣਾਲੀ ਨੂੰ ਬਦਲ ਸਕਦਾ ਹੈ।
ਨਵਾਂ ਕਲਾਉਡ ਬੈਕਅੱਪ ਸਿਸਟਮ ਕਿਵੇਂ ਕੰਮ ਕਰੇਗਾ?
ਰਿਪੋਰਟਾਂ ਮੁਤਾਬਕ, WhatsApp ਇੱਕ ਐਸੀ ਵਿਸ਼ੇਸ਼ਤਾ ਦੀ ਟੈਸਟਿੰਗ ਕਰ ਰਿਹਾ ਹੈ ਜਿਸ ਨਾਲ ਯੂਜ਼ਰਜ਼ ਨੂੰ ਦੋ ਵਿਕਲਪ ਮਿਲਣਗੇ । ਪਹਿਲਾਂ ਵਾਂਗ Google Drive ਜਾਂ iCloud ‘ਤੇ ਬੈਕਅੱਪ ਜਾਂ WhatsApp ਦੇ ਆਪਣੇ ਕਲਾਉਡ ਸਟੋਰੇਜ ਦੀ ਵਰਤੋਂ ਇਹ ਫੀਚਰ ਖਾਸ ਕਰਕੇ ਉਹਨਾਂ ਲਈ ਲਾਭਦਾਇਕ ਹੋਵੇਗਾ ਜਿਨ੍ਹਾਂ ਦੀ ਕਲਾਉਡ ਸਟੋਰੇਜ ਅਕਸਰ ਫੁੱਲ ਹੋ ਜਾਂਦੀ ਹੈ।
ਸਟੋਰੇਜ ਅਤੇ ਕੀਮਤ
ਨਵੇਂ ਸਿਸਟਮ ਅਧੀਨ ਲਗਭਗ 2GB ਤੱਕ ਮੁਫ਼ਤ ਸਟੋਰੇਜ ਦਿੱਤੀ ਜਾ ਸਕਦੀ ਹੈ । ਵਧੇਰੇ ਸਟੋਰੇਜ ਲਈ ਪੇਡ ਪਲਾਨ ਉਪਲਬਧ ਹੋ ਸਕਦਾ ਹੈ । ਲਗਭਗ $0.99 (ਕਰੀਬ 94 ਰੁਪਏ) ਪ੍ਰਤੀ ਮਹੀਨਾ ‘ਤੇ 50GB ਸਟੋਰੇਜ ਮਿਲ ਸਕਦੀ ਹੈ।ਹਾਲਾਂਕਿ, ਇਹ ਹਾਲੇ ਸਪੱਸ਼ਟ ਨਹੀਂ ਕਿ ਮੁਫ਼ਤ ਸਟੋਰੇਜ ਸਾਰੇ ਯੂਜ਼ਰਜ਼ ਲਈ ਹੋਵੇਗੀ ਜਾਂ ਕਿਸੇ ਪ੍ਰੀਮੀਅਮ ਪਲਾਨ ਨਾਲ ਜੁੜੀ ਹੋਵੇਗੀ।
ਮੌਜੂਦਾ ਸਮੱਸਿਆ ਅਤੇ ਬਦਲਾਅ ਦੀ ਲੋੜ
ਮੌਜੂਦਾ ਸਮੇਂ ‘ਚ Android ਯੂਜ਼ਰਜ਼ ਨੂੰ Google Drive ਦੀ 15GB ਮੁਫ਼ਤ ਸਟੋਰੇਜ ‘ਤੇ ਹੀ ਨਿਰਭਰ ਰਹਿਣਾ ਪੈਂਦਾ ਹੈ, ਜਿਸ ਵਿੱਚ ਫੋਟੋਆਂ, ਵੀਡੀਓਜ਼, ਡਾਕੂਮੈਂਟਸ ਅਤੇ WhatsApp ਚੈਟ ਸਭ ਕੁਝ ਸ਼ਾਮਲ ਹੁੰਦਾ ਹੈ। ਇਸ ਕਾਰਨ ਸਟੋਰੇਜ ਜਲਦੀ ਭਰ ਜਾਂਦੀ ਹੈ ਅਤੇ ਬੈਕਅੱਪ ਸਮੱਸਿਆਵਾਂ ਆਉਂਦੀਆਂ ਹਨ।ਨਵਾਂ ਕਲਾਉਡ ਸਿਸਟਮ ਇਸ ਸਮੱਸਿਆ ਦਾ ਹੱਲ ਦੇ ਸਕਦਾ ਹੈ, ਯੂਜ਼ਰਜ਼ ਨੂੰ ਵਧੇਰੇ ਲਚਕਤਾ, ਸੁਰੱਖਿਆ ਅਤੇ ਸਹੂਲਤ ਪ੍ਰਦਾਨ ਕਰੇਗਾ।