Vietnam Army: ਵਿਅਤਨਾਮ ਵਿੱਚ ਫੌਜੀ ਸਿਖਲਾਈ ਦੌਰਾਨ ਇੱਕ ਦਰਦਨਾਕ ਹਾਦਸਾ ਵਾਪਰਨ ਕਾਰਨ ਛੇ ਸੈਨਿਕਾਂ ਦੀ ਜਾਨ ਚਲੀ ਗਈ। ਇਹ ਹਾਦਸਾ ਵੀਰਵਾਰ ਨੂੰ ਹੋਇਆ ਸੀ, ਜਿਸ ਬਾਰੇ ਦੇਸ਼ ਦੇ ਰੱਖਿਆ ਮੰਤਰਾਲੇ ਨੇ ਸ਼ਨੀਵਾਰ ਨੂੰ ਅਧਿਕਾਰਤ ਜਾਣਕਾਰੀ ਸਾਂਝੀ ਕੀਤੀ। ਸਿਖਲਾਈ ਅਭਿਆਸ ਦੌਰਾਨ ਇੱਕ ਬਖ਼ਤਰਬੰਦ ਫੌਜੀ ਵਾਹਨ ਪਾਣੀ ਵਿੱਚ ਡੁੱਬ ਗਿਆ, ਜਿਸ ਵਿੱਚ ਸਵਾਰ ਸਾਰੇ ਛੇ ਜਵਾਨਾਂ ਦੀ ਮੌਤ ਹੋ ਗਈ।
ਵਿਅਤਨਾਮ ਦੇ ਰਾਸ਼ਟਰੀ ਰੱਖਿਆ ਮੰਤਰਾਲੇ ਮੁਤਾਬਕ ਇਹ ਘਟਨਾ ਉੱਤਰੀ ਸੂਬੇ ਬਾਕ ਨਿਨ ਦੇ ਟੀਬੀ1 ਨੈਸ਼ਨਲ ਸ਼ੂਟਿੰਗ ਰੇਂਜ ਵਿੱਚ ਵਾਪਰੀ। ਇੱਥੇ ਫੌਜੀ ਅਭਿਆਸ ਚੱਲ ਰਿਹਾ ਸੀ, ਜਦੋਂ ਬੀਐੱਮਪੀ-1 ਬਖ਼ਤਰਬੰਦ ਵਾਹਨ ਹਾਦਸੇ ਦਾ ਸ਼ਿਕਾਰ ਹੋ ਕੇ ਪਾਣੀ ਵਿੱਚ ਡੁੱਬ ਗਿਆ। ਮਾਰੇ ਗਏ ਸਾਰੇ ਸੈਨਿਕ 12ਵੀਂ ਕੋਰ ਦੀ 308ਵੀਂ ਡਿਵੀਜ਼ਨ ਅਧੀਨ ਆਉਂਦੀ 102ਵੀਂ ਰੈਜੀਮੈਂਟ ਨਾਲ ਸਬੰਧਤ ਸਨ।
ਰਿਪੋਰਟਾਂ ਅਨੁਸਾਰ ਬੀਏਨ ਸੋਨ ਕਮਿਊਨ ਵਿੱਚ ਸਵੇਰੇ ਕਰੀਬ 8:25 ਵਜੇ ਵਾਹਨ ਵਿੱਚ ਤਕਨੀਕੀ ਖ਼ਰਾਬੀ ਆ ਗਈ ਸੀ, ਜਿਸ ਤੋਂ ਬਾਅਦ ਇਹ ਪਾਣੀ ਵਿੱਚ ਡੁੱਬ ਗਿਆ। ਹਾਦਸੇ ਵਿੱਚ ਜਾਨ ਗੁਆਉਣ ਵਾਲੇ ਜਵਾਨ ਨੌਵੀਂ ਬਟਾਲੀਅਨ ਦੀ ਕੰਪਨੀ 10, ਪਲਟੂਨ 5 ਅਤੇ ਸਕੁਐਡ 4 ਨਾਲ ਜੁੜੇ ਹੋਏ ਸਨ। ਮ੍ਰਿਤਕਾਂ ਵਿੱਚ ਦੋ ਕਾਰਪੋਰਲ ਅਤੇ ਚਾਰ ਸਾਰਜੈਂਟ ਸ਼ਾਮਲ ਸਨ।
ਇਸ ਘਟਨਾ ਤੋਂ ਬਾਅਦ ਵਿਅਤਨਾਮ ਦੇ ਪ੍ਰਧਾਨ ਮੰਤਰੀ ਲੇ ਮਿਨ੍ਹ ਹੰਗ ਨੇ ਮ੍ਰਿਤਕ ਸੈਨਿਕਾਂ ਦੇ ਪਰਿਵਾਰਾਂ ਨਾਲ ਦੁੱਖ ਪ੍ਰਗਟਾਇਆ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਇੱਕ ਵਿਸ਼ੇਸ਼ ਹੁਕਮ ‘ਤੇ ਦਸਤਖ਼ਤ ਕਰਦਿਆਂ ਜਾਨ ਗੁਆਉਣ ਵਾਲੇ ਜਵਾਨਾਂ ਨੂੰ ਸਨਮਾਨਿਤ ਕਰਨ ਦਾ ਫੈਸਲਾ ਕੀਤਾ। ਇਸ ਤਹਿਤ ਸਾਰੇ ਮ੍ਰਿਤਕ ਸੈਨਿਕਾਂ ਨੂੰ ‘ਫਾਦਰਲੈਂਡਜ਼ ਰਿਕਗਨੀਸ਼ਨ’ ਸਰਟੀਫਿਕੇਟ ਦਿੱਤੇ ਜਾਣਗੇ, ਜੋ ਦੇਸ਼ ਵੱਲੋਂ ਉਨ੍ਹਾਂ ਦੀ ਸੇਵਾ ਅਤੇ ਕੁਰਬਾਨੀ ਨੂੰ ਦਿੱਤਾ ਜਾਣ ਵਾਲਾ ਸਨਮਾਨ ਹੈ।
ਵਿਅਤਨਾਮ ਵਿੱਚ ਫੌਜੀ ਸਿਖਲਾਈ ਦੌਰਾਨ ਜਾਨੀ ਨੁਕਸਾਨ ਦੀ ਇਹ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਦਸੰਬਰ 2024 ਵਿੱਚ ਡੋਂਗ ਨਾਈ ਸਥਿਤ ਸੱਤਵੇਂ ਮਿਲਟਰੀ ਖੇਤਰ ਦੀ ਫਾਇਰਿੰਗ ਰੇਂਜ ਵਿੱਚ ਅਭਿਆਸ ਦੌਰਾਨ ਧਮਾਕਾ ਹੋਇਆ ਸੀ। ਇਸ ਹਾਦਸੇ ਵਿੱਚ 12 ਸੈਨਿਕਾਂ ਦੀ ਮੌਤ ਹੋ ਗਈ ਸੀ। ਦੱਸਿਆ ਗਿਆ ਸੀ ਕਿ ਭਿਆਨਕ ਤੂਫ਼ਾਨ ਦੌਰਾਨ ਬਿਜਲੀ ਡਿੱਗਣ ਕਾਰਨ ਬਾਰੂਦ ਲਿਜਾ ਰਹੀ ਟੀਮ ਦਾ ਇਲੈਕਟ੍ਰਿਕ ਡੈਟੋਨੇਟਰ ਸਰਗਰਮ ਹੋ ਗਿਆ ਸੀ, ਜਿਸ ਨਾਲ ਧਮਾਕਾ ਵਾਪਰਿਆ।
ਇਸੇ ਤਰ੍ਹਾਂ ਜੁਲਾਈ 2014 ਵਿੱਚ ਵੀ ਰਾਜਧਾਨੀ ਹਨੋਈ ਦੇ ਨੇੜੇ ਇੱਕ ਨਿਯਮਤ ਫੌਜੀ ਅਭਿਆਸ ਦੌਰਾਨ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ। ਇਸ ਘਟਨਾ ਵਿੱਚ 16 ਲੋਕਾਂ ਦੀ ਜਾਨ ਚਲੀ ਗਈ ਸੀ। ਲਗਾਤਾਰ ਵਾਪਰ ਰਹੇ ਅਜਿਹੇ ਹਾਦਸਿਆਂ ਨੇ ਵਿਅਤਨਾਮ ਵਿੱਚ ਫੌਜੀ ਸਿਖਲਾਈ ਦੌਰਾਨ ਸੁਰੱਖਿਆ ਪ੍ਰਬੰਧਾਂ ਅਤੇ ਸਾਵਧਾਨੀਆਂ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ।
मेष: दिन शुभ रहेगा...