
ਨੈਸ਼ਨਲ ਨਿਊਜ਼ : National Testing Agency ਵੱਲੋਂ CUET UG 2026 ਦੀਆਂ ਨਵੀਆਂ ਪ੍ਰੀਖਿਆ ਤਰੀਕਾਂ ਦਾ ਐਲਾਨ ਹੋਣ ਤੋਂ ਬਾਅਦ ਵਿਦਿਆਰਥੀਆਂ ਵਿੱਚ ਨਾਰਾਜ਼ਗੀ ਵਧ ਗਈ ਹੈ। 28 ਮਈ ਦੀ ਪ੍ਰੀਖਿਆ ਬਕਰੀਦ ਕਾਰਨ ਮੁਲਤਵੀ ਕੀਤੀ ਗਈ ਸੀ, ਜਿਸ ਤੋਂ ਬਾਅਦ ਹੁਣ ਇਹ ਪ੍ਰੀਖਿਆ 31 ਮਈ, 6 ਜੂਨ ਅਤੇ 7 ਜੂਨ 2026 ਨੂੰ ਕਰਵਾਈ ਜਾਵੇਗੀ।
ਨਵੀਆਂ ਤਰੀਕਾਂ ਕਾਰਨ ਕਈ ਉਮੀਦਵਾਰ ਹੋਰ ਦਾਖਲਾ ਪ੍ਰੀਖਿਆਵਾਂ ਨਾਲ ਟਕਰਾਅ ਨੂੰ ਲੈ ਕੇ ਚਿੰਤਤ ਹਨ। ਕੁਝ ਵਿਦਿਆਰਥੀਆਂ ਦੇ ਪ੍ਰੀਖਿਆ ਕੇਂਦਰ ਵੀ ਅਚਾਨਕ ਬਦਲ ਦਿੱਤੇ ਗਏ ਹਨ, ਜਿਸ ਨਾਲ ਉਨ੍ਹਾਂ ਨੂੰ ਦੂਜੇ ਸ਼ਹਿਰਾਂ ਵਿੱਚ ਯਾਤਰਾ ਕਰਨੀ ਪੈ ਰਹੀ ਹੈ।
ਅਜੀਤ ਸਮਾਲ ਨਾਮ ਦੇ ਇੱਕ ਉਮੀਦਵਾਰ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਲਿਖਿਆ ਕਿ CUET UG ਦੀਆਂ ਨਵੀਆਂ ਤਰੀਕਾਂ 6 ਅਤੇ 7 ਜੂਨ ਨੂੰ ਹੋਣ ਵਾਲੀਆਂ NISER ਅਤੇ IISER ਪ੍ਰਵੇਸ਼ ਪ੍ਰੀਖਿਆਵਾਂ ਨਾਲ ਟਕਰਾ ਰਹੀਆਂ ਹਨ। ਉਸਨੇ NTA ਤੋਂ ਵਿਦਿਆਰਥੀਆਂ ਦੇ ਹਿੱਤ ਵਿੱਚ ਤਰੀਕਾਂ ਮੁੜ ਤਹਿ ਕਰਨ ਦੀ ਮੰਗ ਕੀਤੀ।
ਸੋਸ਼ਲ ਮੀਡੀਆ ‘ਤੇ ਕਈ ਵਿਦਿਆਰਥੀਆਂ ਨੇ NTA ਦੇ ਫੈਸਲੇ ਨੂੰ “ਇੱਕ ਹੋਰ ਵੱਡੀ ਗਲਤੀ” ਕਰਾਰ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ IAT ਅਤੇ NEST ਵਰਗੀਆਂ ਰਾਸ਼ਟਰੀ ਪੱਧਰ ਦੀਆਂ ਪ੍ਰੀਖਿਆਵਾਂ ਨਾਲ ਤਰੀਕਾਂ ਦੇ ਟਕਰਾਅ ਕਾਰਨ ਹਜ਼ਾਰਾਂ ਵਿਦਿਆਰਥੀ ਪ੍ਰਭਾਵਿਤ ਹੋਣਗੇ।
ਅਨਿਆ ਨਾਮ ਦੀ ਇੱਕ ਵਿਦਿਆਰਥਣ ਨੇ ਦੱਸਿਆ ਕਿ ਉਸਦਾ ਪ੍ਰੀਖਿਆ ਕੇਂਦਰ ਬਿਨਾਂ ਕਿਸੇ ਨੋਟਿਸ ਦੇ ਜੈਪੁਰ ਤੋਂ ਦਿੱਲੀ ਬਦਲ ਦਿੱਤਾ ਗਿਆ। ਉਸਨੇ ਸਵਾਲ ਕੀਤਾ ਕਿ ਸਿਰਫ਼ 48 ਘੰਟਿਆਂ ਦੇ ਨੋਟਿਸ ‘ਤੇ ਵਿਦਿਆਰਥੀਆਂ ਤੋਂ ਦੂਜੇ ਰਾਜ ਦੀ ਯਾਤਰਾ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ।
CUET UG 2026 ਦੀਆਂ ਨਵੀਆਂ ਤਰੀਕਾਂ ਅਤੇ ਪ੍ਰੀਖਿਆ ਕੇਂਦਰਾਂ ਵਿੱਚ ਤਬਦੀਲੀਆਂ ਨੂੰ ਲੈ ਕੇ ਵਿਦਿਆਰਥੀਆਂ ਦਾ ਗੁੱਸਾ ਸੋਸ਼ਲ ਮੀਡੀਆ ‘ਤੇ ਲਗਾਤਾਰ ਵੱਧ ਰਿਹਾ ਹੈ। ਵਿਦਿਆਰਥੀ NTA ਤੋਂ ਤੁਰੰਤ ਹੱਲ ਦੀ ਮੰਗ ਕਰ ਰਹੇ ਹਨ।