
UPI Money Transfer: ਕੈਨੇਡਾ ਵਿੱਚ ਰਹਿਣ ਵਾਲੇ ਭਾਰਤੀਆਂ ਅਤੇ ਖਾਸ ਕਰਕੇ ਪੰਜਾਬੀ ਭਾਈਚਾਰੇ ਲਈ ਭਾਰਤ ਨਾਲ ਜੁੜੀ ਇੱਕ ਅਹਿਮ ਪਹਿਲ ਬਾਰੇ ਚਰਚਾ ਚੱਲ ਰਹੀ ਹੈ। ਭਾਰਤ ਅਤੇ ਕੈਨੇਡਾ ਸਰਹੱਦ ਪਾਰ ਪੈਸੇ ਭੇਜਣ ਲਈ ਯੂਪੀਆਈ ਦੀ ਵਰਤੋਂ ਦੀਆਂ ਸੰਭਾਵਨਾਵਾਂ ਤਲਾਸ਼ ਰਹੇ ਹਨ। ਇਸ ਦੇ ਨਾਲ ਹੀ ਕੈਨੇਡਾ ਵਿੱਚ ਦੁਕਾਨਦਾਰਾਂ ਨੂੰ ਸਿੱਧੇ ਯੂਪੀਆਈ ਰਾਹੀਂ ਭੁਗਤਾਨ ਕਰਨ ਦੀ ਸਹੂਲਤ ਦੇਣ ਬਾਰੇ ਵੀ ਗੱਲਬਾਤ ਹੋ ਰਹੀ ਹੈ। ਹਾਲਾਂਕਿ, ਇਹ ਵਿਵਸਥਾ ਅਜੇ ਲਾਗੂ ਨਹੀਂ ਹੋਈ ਹੈ ਅਤੇ ਇਸ ਲਈ ਦੋਵਾਂ ਦੇਸ਼ਾਂ ਨੂੰ ਤਕਨੀਕੀ, ਨਿਯਮ-ਕਾਨੂੰਨਾਂ, ਸੁਰੱਖਿਆ ਅਤੇ ਵਿਦੇਸ਼ੀ ਮੁਦਰਾ ਨਾਲ ਜੁੜੇ ਪਹਿਲੂਆਂ ‘ਤੇ ਕੰਮ ਕਰਨਾ ਹੋਵੇਗਾ।
ਕੈਨੇਡਾ ਵਿੱਚ ਭਾਰਤੀ ਭਾਈਚਾਰੇ ਦੀ ਆਰਥਿਕ ਅਤੇ ਸਮਾਜਿਕ ਮੌਜੂਦਗੀ ਕਾਫ਼ੀ ਵੱਡੀ ਹੈ। ਸਾਲ 2025 ਦੇ ਅੰਤ ਵਿੱਚ ਕੈਨੇਡਾ ਵਿੱਚ ਲਗਭਗ 6 ਲੱਖ 91 ਹਜ਼ਾਰ 215 ਸਟਡੀ ਪਰਮਿਟ ਧਾਰਕ ਮੌਜੂਦ ਸਨ ਅਤੇ ਭਾਰਤ ਵਿਦੇਸ਼ੀ ਵਿਦਿਆਰਥੀਆਂ ਦੇ ਪ੍ਰਮੁੱਖ ਸਰੋਤ ਦੇਸ਼ਾਂ ਵਿੱਚ ਬਣਿਆ ਰਿਹਾ। ਸਾਲ 2024 ਵਿੱਚ 5 ਲੱਖ 10 ਹਜ਼ਾਰ 235 ਭਾਰਤੀ ਨਾਗਰਿਕ ਸਟਡੀ ਪਰਮਿਟ ਧਾਰਕ ਸਨ। ਕੈਨੇਡਾ ਦੀ 2025 ਦੀ ਇਮੀਗ੍ਰੇਸ਼ਨ ਰਿਪੋਰਟ ਦੇ ਅਨੁਸਾਰ, ਭਾਰਤ ਤੋਂ ਕੁੱਲ 1,25,530 ਲੋਕਾਂ ਨੂੰ ਸਥਾਈ ਨਿਵਾਸ ਮਿਲਿਆ, ਜਿਨ੍ਹਾਂ ਵਿੱਚ 94,105 ਲੋਕ ਆਰਥਿਕ ਸ਼੍ਰੇਣੀ ਅਤੇ 31,425 ਲੋਕ ਪਰਿਵਾਰਕ ਪੁਨਰਮਿਲਾਪ ਸ਼੍ਰੇਣੀ ਵਿੱਚ ਸ਼ਾਮਲ ਸਨ।
ਭਾਰਤ ਅਤੇ ਕੈਨੇਡਾ ਵਿਚਕਾਰ ਸਿੱਖਿਆ, ਕਾਰੋਬਾਰ, ਨਿਵੇਸ਼ ਅਤੇ ਪੈਸੇ ਭੇਜਣ ਦੇ ਮਾਧਿਅਮ ਰਾਹੀਂ ਆਰਥਿਕ ਸਬੰਧ ਲਗਾਤਾਰ ਮਜ਼ਬੂਤ ਹੋਏ ਹਨ। ਦੋਵਾਂ ਦੇਸ਼ਾਂ ਦੀ ਪਹਿਲੀ ਆਰਥਿਕ ਅਤੇ ਵਿੱਤੀ ਗੱਲਬਾਤ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਅਤੇ ਕੈਨੇਡਾ ਦੇ ਵਿੱਤ ਮੰਤਰੀ ਫ੍ਰਾਂਸਵਾ-ਫਿਲਿਪ ਸ਼ੈਂਪੇਨ ਨੇ ਵਿੱਤੀ ਸਹਿਯੋਗ ਵਧਾਉਣ ਬਾਰੇ ਚਰਚਾ ਕੀਤੀ। ਇਸ ਦੌਰਾਨ ਸਰਹੱਦ ਪਾਰ ਪੈਸੇ ਭੇਜਣ ਅਤੇ ਦੁਕਾਨਦਾਰਾਂ ਨੂੰ ਸਿੱਧੇ ਭੁਗਤਾਨ ਕਰਨ ਦੇ ਮੌਕੇ ਤਲਾਸ਼ਣ ‘ਤੇ ਜ਼ੋਰ ਦਿੱਤਾ ਗਿਆ। ਕੈਨੇਡਾ ਵਿੱਚ ਭਾਈਵਾਲ ਭੁਗਤਾਨ ਸੇਵਾ ਪ੍ਰਦਾਤਾਵਾਂ ਰਾਹੀਂ ਯੂਪੀਆਈ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਬਾਰੇ ਵੀ ਗੱਲਬਾਤ ਹੋਈ।
ਕੈਨੇਡਾ ਵਿੱਚ ਪੰਜਾਬੀ ਭਾਈਚਾਰੇ ਦੀ ਕਾਰੋਬਾਰੀ ਮੌਜੂਦਗੀ ਵੀ ਮਜ਼ਬੂਤ ਹੈ। ਪੰਜਾਬੀ ਕਾਮਰਸ ਚੈਂਬਰ ਦੇ ਨੈੱਟਵਰਕ ਵਿੱਚ 2,500 ਤੋਂ ਵੱਧ ਮੈਂਬਰ ਅਤੇ 200 ਤੋਂ ਵੱਧ ਕਾਰੋਬਾਰ ਜੁੜੇ ਹੋਏ ਹਨ। ਹਾਲਾਂਕਿ, ਕੈਨੇਡਾ ਸਰਕਾਰ ਪੰਜਾਬੀ ਕਾਰੋਬਾਰੀਆਂ ਦੀ ਵੱਖਰੀ ਅਧਿਕਾਰਤ ਗਿਣਤੀ ਉਪਲਬਧ ਨਹੀਂ ਕਰਵਾਉਂਦੀ। ਭਾਰਤ ਅਤੇ ਕੈਨੇਡਾ ਵਿਚਕਾਰ ਯੂਪੀਆਈ ਆਧਾਰਿਤ ਭੁਗਤਾਨ ਵਿਵਸਥਾ ਸ਼ੁਰੂ ਹੋਣ ‘ਤੇ ਪੰਜਾਬੀ ਭਾਈਚਾਰੇ ਦੇ ਪਰਿਵਾਰਾਂ ਅਤੇ ਕਾਰੋਬਾਰੀਆਂ ਨੂੰ ਵੀ ਇਸ ਦਾ ਫਾਇਦਾ ਮਿਲਣ ਦੀ ਉਮੀਦ ਹੈ।
ਜੇਕਰ ਯੂਪੀਆਈ ਰਾਹੀਂ ਸਰਹੱਦ ਪਾਰ ਪੈਸੇ ਭੇਜਣ ਦੀ ਸਹੂਲਤ ਸ਼ੁਰੂ ਹੁੰਦੀ ਹੈ ਤਾਂ ਕੈਨੇਡਾ ਵਿੱਚ ਰਹਿਣ ਵਾਲੇ ਭਾਰਤੀ ਨਿਯਮਿਤ ਤੌਰ ‘ਤੇ ਭਾਰਤ ਵਿੱਚ ਆਪਣੇ ਪਰਿਵਾਰਾਂ ਨੂੰ ਵਧੇਰੇ ਆਸਾਨੀ ਨਾਲ ਪੈਸੇ ਭੇਜ ਸਕਣਗੇ। ਮੌਜੂਦਾ ਬੈਂਕਿੰਗ ਮਾਧਿਅਮਾਂ ਅਤੇ ਪੈਸੇ ਟ੍ਰਾਂਸਫਰ ਸੇਵਾਵਾਂ ਵਿੱਚ ਫੀਸ ਲੱਗਦੀ ਹੈ, ਜਦਕਿ ਯੂਪੀਆਈ ਆਧਾਰਿਤ ਵਿਵਸਥਾ ਪੈਸੇ ਭੇਜਣ ਦੀ ਪ੍ਰਕਿਰਿਆ ਨੂੰ ਤੇਜ਼, ਪਾਰਦਰਸ਼ੀ ਅਤੇ ਘੱਟ ਖਰਚ ਵਾਲੀ ਬਣਾ ਸਕਦੀ ਹੈ। ਕੈਨੇਡਾ ਵਿੱਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਦੇ ਪਰਿਵਾਰਾਂ ਲਈ ਫੀਸ, ਕਿਰਾਇਆ ਜਾਂ ਐਮਰਜੈਂਸੀ ਦੀ ਸਥਿਤੀ ਵਿੱਚ ਪੈਸੇ ਭੇਜਣਾ ਵੀ ਆਸਾਨ ਅਤੇ ਤੇਜ਼ ਹੋ ਸਕਦਾ ਹੈ।
ਯੂਪੀਆਈ ਦਾ ਫਾਇਦਾ ਸਿਰਫ਼ ਪਰਿਵਾਰਾਂ ਨੂੰ ਪੈਸੇ ਭੇਜਣ ਤੱਕ ਸੀਮਿਤ ਨਹੀਂ ਰਹੇਗਾ। ਭਾਰਤ ਤੋਂ ਕੈਨੇਡਾ ਜਾਣ ਵਾਲੇ ਵਿਦਿਆਰਥੀ, ਸੈਲਾਨੀ ਅਤੇ ਕਾਰੋਬਾਰੀ ਆਪਣੇ ਭਾਰਤੀ ਬੈਂਕ ਖਾਤੇ ਰਾਹੀਂ ਭੁਗਤਾਨ ਕਰ ਸਕਣਗੇ। ਪੰਜਾਬੀ ਕਾਰੋਬਾਰੀਆਂ ਲਈ ਵੀ ਇਹ ਇੱਕ ਮਹੱਤਵਪੂਰਨ ਮੌਕਾ ਬਣ ਸਕਦਾ ਹੈ, ਕਿਉਂਕਿ ਭਾਰਤ ਤੋਂ ਸਮਾਨ ਖਰੀਦਣ, ਸੇਵਾਵਾਂ ਲਈ ਭੁਗਤਾਨ ਕਰਨ ਅਤੇ ਕਾਰੋਬਾਰ ਨਾਲ ਜੁੜੇ ਲੈਣ-ਦੇਣ ਆਸਾਨ ਹੋ ਸਕਦੇ ਹਨ। ਸੀਏ ਦਿਨੇਸ਼ ਸਰਨਾ ਦੇ ਅਨੁਸਾਰ, ਯੂਪੀਆਈ ਨਾਲ ਪੰਜਾਬੀਆਂ ਦੇ ਪਰਿਵਾਰਾਂ ਅਤੇ ਕਾਰੋਬਾਰਾਂ ਦੋਵਾਂ ਨੂੰ ਫਾਇਦਾ ਹੋਵੇਗਾ ਅਤੇ ਇਹ ਭਾਰਤ ਦੀ ਡਿਜੀਟਲ ਭੁਗਤਾਨ ਵਿਵਸਥਾ ਦੇ ਵਿਸ਼ਵ ਪੱਧਰੀ ਵਿਸਥਾਰ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਸਾਬਤ ਹੋ ਸਕਦਾ ਹੈ।