
ਅਮਰੀਕਾ ਵੱਲੋਂ ਵੈਨੇਜ਼ੁਏਲਾ ’ਤੇ ਹਮਲਾ ਕਰਕੇ ਉੱਥੋਂ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਵਿਸ਼ਵ ਰਾਜਨੀਤੀ ਵਿੱਚ ਤਣਾਅ ਕਾਫ਼ੀ ਵਧ ਗਿਆ ਹੈ। ਇਸ ਕਾਰਵਾਈ ਦੀ ਚੀਨ ਨੇ ਕੜੀ ਨਿੰਦਾ ਕੀਤੀ ਹੈ। ਇਤਨਾ ਹੀ ਨਹੀਂ, ਚੀਨ ਨੇ ਹੁਣ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਨੀਤੀਆਂ ’ਤੇ ਤੰਜ ਕੱਸਣ ਲਈ ਆਰਟੀਫ਼ੀਸ਼ੀਅਲ ਇੰਟੈਲੀਜੈਂਸ (AI) ਦੀ ਮਦਦ ਨਾਲ ਇੱਕ ਵਿਵਾਦਿਤ ਵੀਡੀਓ ਜਾਰੀ ਕੀਤੀ ਹੈ, ਜੋ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਚੀਨ ਦੀ ਸਰਕਾਰੀ ਮੀਡੀਆ ਦਾ ਤੰਜ
ਚੀਨ ਦੀ ਸਰਕਾਰੀ ਮੀਡੀਆ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ (X) ’ਤੇ ਸਾਂਝੀ ਕੀਤੀ ਗਈ ਇਸ AI ਵੀਡੀਓ ਵਿੱਚ ਇੱਕ ਅਜਿਹਾ ਕਿਰਦਾਰ ਦਿਖਾਇਆ ਗਿਆ ਹੈ, ਜਿਸ ਨੇ ਅਮਰੀਕੀ ਝੰਡੇ ਵਾਲੀ ਟੋਪੀ ਪਾਈ ਹੋਈ ਹੈ। ਇਸ ਕਿਰਦਾਰ ਦਾ ਸਿੱਧਾ ਇਸ਼ਾਰਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲ ਕੀਤਾ ਜਾ ਰਿਹਾ ਹੈ। ਵੀਡੀਓ ਵਿੱਚ ਇਹ ਕਿਰਦਾਰ ਕਹਿੰਦਾ ਹੈ, “ਤੁਹਾਡਾ ਤੇਲ, ਤੁਹਾਡੀ ਜ਼ਮੀਨ ਇਹ ਸਭ ਮੇਰਾ ਸ਼ਿਕਾਰ ਹੈ।”
READ ALSO : ਲੋਹੜੀ ਮੌਕੇ ਪੰਜਾਬ ’ਚ ਠੰਢ ਦਾ ਰੈਡ ਅਲਰਟ, ਸਕੂਲ ਛੁੱਟੀਆਂ ਵਧਣ ਦੀ ਸੰਭਾਵਨਾ
ਵੀਡੀਓ ਦੇ ਕੈਪਸ਼ਨ ਵਿੱਚ ਵੀ ਤਿੱਖੇ ਸ਼ਬਦ ਵਰਤੇ ਗਏ ਹਨ। ਇਸ ਵਿੱਚ ਲਿਖਿਆ ਹੈ, “ਮਾਦੁਰੋ ਨੂੰ ਹਟਾਉਣਾ ਸਿਰਫ਼ ਇੱਕ ਛੋਟੀ ਜਿਹੀ ਖੇਡ ਹੈ। ਮੇਰੇ ਲਈ ਅੰਤਰਰਾਸ਼ਟਰੀ ਨਿਯਮਾਂ ਦੀ ਕੋਈ ਅਹਿਮੀਅਤ ਨਹੀਂ।” ਅੱਗੇ ਕਿਹਾ ਗਿਆ ਹੈ, “ਮੈਨੂੰ ਕਿਸੇ ਦੀ ਇਜਾਜ਼ਤ ਦੀ ਲੋੜ ਨਹੀਂ। ਮੇਰੇ ਕੋਲ ਬਹੁਤ ਵੱਡੀ ਫ਼ੌਜ ਹੈ। ਮੈਂ ਜੋ ਚਾਹਾਂ ਉਹ ਕਰ ਸਕਦਾ ਹਾਂ ਅਤੇ ਜੋ ਚਾਹਾਂ ਉਹ ਖੋਹ ਸਕਦਾ ਹਾਂ।”
ਟਰੰਪ ਦੀਆਂ ਨੀਤੀਆਂ ’ਤੇ ਸਿੱਧਾ ਨਿਸ਼ਾਨਾ
ਇਹ AI ਵੀਡੀਓ ਅਜਿਹੇ ਸਮੇਂ ਸਾਹਮਣੇ ਆਈ ਹੈ, ਜਦੋਂ ਡੋਨਾਲਡ ਟਰੰਪ ਵੱਲੋਂ ਵੈਨੇਜ਼ੁਏਲਾ ਦੇ ਤੇਲ ’ਤੇ ਕਬਜ਼ੇ ਤੋਂ ਬਾਅਦ ਹੁਣ ਗ੍ਰੀਨਲੈਂਡ ’ਤੇ ਵੀ ਦਾਅਵਾ ਕਰਨ ਦੇ ਸੰਕੇਤ ਦਿੱਤੇ ਜਾ ਰਹੇ ਹਨ। ਇਸ ਤੋਂ ਇਲਾਵਾ, ਅਮਰੀਕਾ ਵੱਲੋਂ ਈਰਾਨ ਦੀ ਸਰਕਾਰ ਨੂੰ ਵੀ ਲਗਾਤਾਰ ਹਮਲਿਆਂ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਚੀਨ ਨੇ ਇਸ AI ਵੀਡੀਓ ਰਾਹੀਂ ਦੁਨੀਆ ਦੇ ਸਾਹਮਣੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਅਮਰੀਕਾ ਇੱਕ ਅਜਿਹਾ ਦੇਸ਼ ਬਣਦਾ ਜਾ ਰਿਹਾ ਹੈ, ਜੋ ਅੰਤਰਰਾਸ਼ਟਰੀ ਕਾਨੂੰਨਾਂ ਅਤੇ ਨਿਯਮਾਂ ਨੂੰ ਨਜ਼ਰਅੰਦਾਜ਼ ਕਰਦਿਆਂ ਆਪਣੀ ਤਾਕਤ ਦੇ ਜ਼ੋਰ ’ਤੇ ਫ਼ੈਸਲੇ ਥੋਪ ਰਿਹਾ ਹੈ। ਇਹ ਵੀਡੀਓ ਵਿਸ਼ਵ ਪੱਧਰ ’ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਰਾਜਨੀਤਿਕ ਮਾਹਿਰ ਇਸਨੂੰ ਚੀਨ ਵੱਲੋਂ ਅਮਰੀਕਾ ਖ਼ਿਲਾਫ਼ ਇੱਕ ਨਵੀਂ ਡਿਜ਼ੀਟਲ ਰਣਨੀਤੀ ਵਜੋਂ ਦੇਖ ਰਹੇ ਹਨ।
ਕੜਾਕੇ ਦੀ ਠੰਢ ਜਾਰੀ, ਸੰਘਣੀ ਧੁੰਦ ਅਤੇ ਸ਼ੀਤ ਲਹਿਰ ਤੋਂ ਬਚਣ ਲਈ ,ਮੌਸਮ ਵਿਭਾਗ ਨੇ ਜਾਰੀ ਕੀਤੀ ਐਡਵਾਈਜਰੀ
