Last Updated: November 7, 2026

Dainik Savera Times Logo

ਅੱਜ ਦਾ ਹੁਕਮਨਾਮਾ (13-11-2025) ਸੱਚਖੰਡ ਸ਼੍ਰੀ ਦਰਬਾਰ ਸਾਹਿਬ

13 November 2025 ਅੱਪਡੇਟ ਕੀਤਾ ਗਿਆ

ਅੱਜ ਦਾ ਹੁਕਮਨਾਮਾ (13-11-2025) ਸੱਚਖੰਡ ਸ਼੍ਰੀ ਦਰਬਾਰ ਸਾਹਿਬ

ਅੰਮ੍ਰਿਤਸਰ: ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਸੋਰਠਿ ਰਾਗ ਵਿਚ ਗੁਰੂ ਅਮਰਦਾਸ ਜੀ ਦੀ ਬਾਣੀ ਰੂਪ ਵਿੱਚ ਪ੍ਰਾਪਤ ਹੁਕਮਨਾਮਾ ਆਤਮਕ ਜੀਵਨ ਦੀ ਮਹੱਤਾ ਅਤੇ ਗੁਰਮਤਿ ਰਾਹੀਂ ਸੁਖ ਦੀ ਪ੍ਰਾਪਤੀ ‘ਤੇ ਕੇਂਦਰਿਤ ਹੈ। ਗੁਰੂ ਜੀ ਉਪਦੇਸ਼ ਕਰਦੇ ਹਨ ਕਿ ਸਤਿਗੁਰ ਦੀ ਸੇਵਾ ਤੋਂ ਬਿਨਾਂ ਮਨੁੱਖ ਚਾਰੇ ਜੁਗਾਂ ਵਿਚ ਭਟਕਦਾ ਰਹਿੰਦਾ ਹੈ ਅਤੇ ਦੁੱਖਾਂ ਦਾ ਸਾਹਮਣਾ ਕਰਦਾ ਹੈ। ਪਰਮਾਤਮਾ ਦੀ ਕਿਰਪਾ ਦੁਆਰਾ ਮਨੁੱਖ ਨੂੰ ਸਤਿਗੁਰ ਮਿਲਦਾ ਹੈ ਜੋ ਨਾਮ ਦੀ ਦਾਤ ਦੇ ਕੇ ਜੀਵਨ ਨੂੰ ਆਧਾਰ ਦਿੰਦਾ ਹੈ। ਹੁਕਮਨਾਮੇ ਵਿਚ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਜੇ ਮਨੁੱਖ ਆਪਣੀ ਮਨਸਾ ਅਤੇ ਦੁਬਿਧਾ ਨੂੰ ਮਾਰ ਕੇ ਸਹਜ ਅਵਸਥਾ ਵਿਚ ਲੀਨ ਹੋ ਜਾਵੇ, ਤਾਂ ਉਹ ਅਪਾਰ ਨਾਮ ਦੀ ਪ੍ਰਾਪਤੀ ਕਰ ਸਕਦਾ ਹੈ। ਨਾਮ ਦਾ ਰਸ ਚੱਖ ਕੇ ਮਨ ਪਵਿਤ੍ਰ ਹੋ ਜਾਂਦਾ ਹੈ ਅਤੇ ਪਾਪ ਨਾਸ਼ ਹੋ ਜਾਂਦੇ ਹਨ। ਗੁਰੂ ਦੇ ਸ਼ਬਦ ਰਾਹੀਂ ਆਤਮਕ ਮੌਤ ਤੋਂ ਬਚ ਕੇ ਸਦਾ ਲਈ ਜੀਵਨ ਪ੍ਰਾਪਤ ਕੀਤਾ ਜਾ ਸਕਦਾ ਹੈ, ਜਿਸ ਵਿਚ ਹਰਿ-ਨਾਮ ਸਦਾ ਲਈ ਮਨ ਵਿਚ ਮਿੱਠਾ ਲੱਗਦਾ ਹੈ। ਇਸ ਰੂਹਾਨੀ ਉਪਦੇਸ਼ ਵਿਚ ਇਹ ਵੀ ਦਰਸਾਇਆ ਗਿਆ ਹੈ ਕਿ ਨਾਮ ਦੀ ਦਾਤ ਪਰਮਾਤਮਾ ਦੇ ਹੱਥ ਵਿਚ ਹੈ, ਜੋ ਜਿਸ ਨੂੰ ਚਾਹੁੰਦਾ ਹੈ, ਉਸ ਨੂੰ ਦੇ ਦੇਂਦਾ ਹੈ। ਗੁਰੂ ਨਾਨਕ ਦੇਵ ਜੀ ਦੇ ਨਾਮ ‘ਤੇ ਅੰਤ ਵਿੱਚ ਉਚਾਰਨ ਹੁੰਦਾ ਹੈ ਕਿ ਜੋ ਮਨੁੱਖ ਨਾਮ ਵਿਚ ਰੰਗੇ ਜਾਂਦੇ ਹਨ, ਉਹ ਇਥੇ ਵੀ ਸੁਖ ਮਾਣਦੇ ਹਨ ਅਤੇ ਪਰਮਾਤਮਾ ਦੀ ਹਜ਼ੂਰੀ ਵਿਚ ਵੀ ਆਦਰ-ਮਾਣ ਪਾਂਦੇ ਹਨ। ਇਹ ਹੁਕਮਨਾਮਾ ਸਿੱਖ ਧਰਮ ਦੇ ਆਤਮਕ ਜੀਵਨ, ਨਾਮ ਦੀ ਮਹੱਤਾ ਅਤੇ ਗੁਰਮਤਿ ਅਨੁਸਾਰ ਜੀਵਨ ਜੀਉਣ ਦੀ ਪ੍ਰੇਰਣਾ ਦਿੰਦਾ ਹੈ।

ਸੋਰਠਿ ਮਹਲਾ ੩ ॥
ਬਿਨੁ ਸਤਿਗੁਰ ਸੇਵੇ ਬਹੁਤਾ ਦੁਖੁ ਲਾਗਾ ਜੁਗ ਚਾਰੇ ਭਰਮਾਈ ॥ ਹਮ ਦੀਨ ਤੁਮ ਜੁਗੁ ਜੁਗੁ ਦਾਤੇ ਸਬਦੇ ਦੇਹਿ ਬੁਝਾਈ ॥੧॥ ਹਰਿ ਜੀਉ ਕ੍ਰਿਪਾ ਕਰਹੁ ਤੁਮ ਪਿਆਰੇ ॥ ਸਤਿਗੁਰੁ ਦਾਤਾ ਮੇਲਿ ਮਿਲਾਵਹੁ ਹਰਿ ਨਾਮੁ ਦੇਵਹੁ ਆਧਾਰੇ ॥ ਰਹਾਉ ॥ ਮਨਸਾ ਮਾਰਿ ਦੁਬਿਧਾ ਸਹਜਿ ਸਮਾਣੀ ਪਾਇਆ ਨਾਮੁ ਅਪਾਰਾ ॥ ਹਰਿ ਰਸੁ ਚਾਖਿ ਮਨੁ ਨਿਰਮਲੁ ਹੋਆ ਕਿਲਬਿਖ ਕਾਟਣਹਾਰਾ ॥੨॥ ਸਬਦਿ ਮਰਹੁ ਫਿਰਿ ਜੀਵਹੁ ਸਦ ਹੀ ਤਾ ਫਿਰਿ ਮਰਣੁ ਨ ਹੋਈ ॥ ਅੰਮ੍ਰਿਤੁ ਨਾਮੁ ਸਦਾ ਮਨਿ ਮੀਠਾ ਸਬਦੇ ਪਾਵੈ ਕੋਈ ॥੩॥ ਦਾਤੈ ਦਾਤਿ ਰਖੀ ਹਥਿ ਅਪਣੈ ਜਿਸੁ ਭਾਵੈ ਤਿਸੁ ਦੇਈ ॥ ਨਾਨਕ ਨਾਮਿ ਰਤੇ ਸੁਖੁ ਪਾਇਆ ਦਰਗਹ ਜਾਪਹਿ ਸੇਈ ॥੪॥੧੧॥
ਵੀਰਵਾਰ, ੨੮ ਕੱਤਕ (ਸੰਮਤ ੫੫੭ ਨਾਨਕਸ਼ਾਹੀ) ੧੩ ਨਵੰਬਰ, ੨੦੨੫ (ਅੰਗ: ੬੦੩)

ਪੰਜਾਬੀ ਵਿਆਖਿਆ:
ਸੋਰਠਿ ਮਹਲਾ ੩ ॥
ਹੇ ਭਾਈ! ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਮਨੁੱਖ ਨੂੰ ਬਹੁਤ ਦੁੱਖ ਚੰਬੜਿਆ ਰਹਿੰਦਾ ਹੈ, ਮਨੁੱਖ ਸਦਾ ਹੀ ਭਟਕਦਾ ਫਿਰਦਾ ਹੈ। ਹੇ ਪ੍ਰਭੂ! 7! ਅਸੀਂ ਜੀਵ, ਤੇਰੇ ਦਰ ਦੇ ਮੰਗਤੇ ਹਾਂ, ਤੂੰ ਸਦਾ ਹੀ ਸਾਨੂੰ ਦਾਤਾਂ ਦੇਣ ਵਾਲਾ ਹੈਂ, ਮੇਹਰ ਕਰ, ਗੁਰੂ ਦੇ ਸ਼ਬਦ ਵਿਚ ਜੋੜ ਕੇ ਆਤਮਕ ਜੀਵਨ ਦੀ ਸਮਝ ਬਖ਼ਸ਼। ੧। ਹੇ ਪਿਆਰੇ ਪ੍ਰਭੂ ਜੀ ! ਮੇਰੇ ਉਤੇ ਮੇਹਰ ਕਰ, ਤੇਰੇ ਨਾਮ ਦੀ ਦਾਤਿ ਦੇਣ ਵਾਲਾ ਗੁਰੂ ਮੈਨੂੰ ਮਿਲਾ, ਅਤੇ ਮੇਰੀ ਜ਼ਿੰਦਗੀ ਦਾ ਸਹਾਰਾ ਆਪਣਾ ਨਾਮ ਮੈਨੂੰ ਦੇਹ। ਰਹਾਉ। ਹੇ ਭਾਈ! ਗੁਰੂ ਦੀ ਸ਼ਰਨ ਪੈ ਕੇ ਜਿਸ ਮਨੁੱਖ ਨੇ ਬੇਅੰਤ ਪ੍ਰਭੂ ਦਾ ਨਾਮ ਹਾਸਲ ਕਰ ਲਿਆ, ਨਾਮ ਦੀ ਬਰਕਤਿ ਨਾਲ ਵਾਸਨਾ ਨੂੰ ਮੁਕਾ ਕੇ ਉਸ ਦੀ ਮਾਨਸਕ ਡਾਂਵਾਂਡੋਲ ਹਾਲਤ ਆਤਮਕ ਅਡੋਲਤਾ ਵਿਚ ਲੀਨ ਹੋ ਜਾਂਦੀ ਹੈ। ਹੇ ਭਾਈ ! ਪਰਮਾਤਮਾ ਦਾ ਨਾਮ ਸਾਰੇ ਪਾਪ ਕੱਟਣ ਦੇ ਸਮਰਥ ਹੈ। ਜੇਹੜਾ ਮਨੁੱਖ ਨਾਮ ਪ੍ਰਾਪਤ ਕਰ ਲੈਂਦਾ ਹੈ, ਹਰਿ-ਨਾਮ ਦਾ ਸੁਆਦ ਚੱਖ ਕੇ ਉਸ ਦਾ ਮਨ ਪਵਿਤ੍ਰ ਹੋ ਜਾਂਦਾ ਹੈ।੨। ਹੇ ਭਾਈ! ਗੁਰੂ ਦੇ ਸ਼ਬਦ ਵਿਚ ਜੁੜ ਕੇ ਵਿਕਾਰਾਂ ਵਲੋਂ ਅਛੋਹ ਹੋ ਜਾਵੋ, ਫਿਰ ਸਦਾ ਲਈ ਹੀ ਆਤਮਕ ਜੀਵਨ ਜੀਊਂਦੇ ਰਹੋਗੇ, ਫਿਰ ਕਦੇ ਆਤਮਕ ਮੌਤ ਨੇੜੇ ਨਹੀਂ ਢੁਕੇਗੀ। ਜੇਹੜਾ ਭੀ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਹਰਿ-ਨਾਮ ਪ੍ਰਾਪਤ ਕਰ ਲੈਂਦਾ ਹੈ, ਉਸ ਨੂੰ ਇਹ ਆਤਮਕ ਜੀਵਨ ਦੇਣ ਵਾਲਾ ਨਾਮ ਸਦਾ ਲਈ ਮਨ ਵਿਚ ਮਿੱਠਾ ਲੱਗਣ ਲੱਗ ਪੈਂਦਾ ਹੈ। ੩। ਹੇ ਭਾਈ! ਦਾਤਾਰ ਨੇ ਨਾਮ ਦੀ ਇਹ ਦਾਤਿ ਆਪਣੇ ਹੱਥ ਵਿਚ ਰੱਖੀ ਹੋਈ ਹੈ, ਜਿਸ ਨੂੰ ਚਾਹੁੰਦਾ ਹੈ ਉਸ ਨੂੰ ਦੇ ਦੇਂਦਾ ਹੈ। ਹੇ ਨਾਨਕ ! ਜੇਹੜੇ ਮਨੁੱਖ ਪ੍ਰਭੂ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ, ਉਹ ਇਥੇ ਸੁਖ ਮਾਣਦੇ ਹਨ, ਪਰਮਾਤਮਾ ਦੀ ਹਜ਼ੂਰੀ ਵਿਚ ਭੀ ਉਹੀ ਮਨੁੱਖ ਆਦਰ-ਮਾਣ ਪਾਂਦੇ ਹਨ।੪।੧੧।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.