
Breaking News Punjab : ਸੁਨਾਮ ਵਿੱਚ ਸਾਲਾਨਾ ‘ਪੀਰ ਬਾਬਾ ਜੁੜਵਾ ਸ਼ਾਹ’ ਮੇਲੇ ਦੀਆਂ ਖੁਸ਼ੀਆਂ ਉਸ ਸਮੇਂ ਸੋਗ ਵਿੱਚ ਬਦਲ ਗਈਆਂ ਜਦੋਂ ਅਚਾਨਕ ਬਿਜਲੀ ਦਾ ਕਰੰਟ ਲੱਗਣ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਗਈ। ਇਸ ਘਟਨਾ ਵਿੱਚ ਚਾਰ ਹੋਰ ਵਿਅਕਤੀ ਬਿਜਲੀ ਦੇ ਤੇਜ਼ ਝਟਕੇ ਲੱਗਣ ਕਾਰਨ ਜ਼ਖ਼ਮੀ ਹੋ ਗਏ। ਮ੍ਰਿਤਕਾਂ ਵਿੱਚ ਹਰਿਆਣਾ ਦੇ ਟੋਹਾਣਾ ਦਾ ਰਹਿਣ ਵਾਲਾ ਅਨਮੋਲ (ਜੋ ਵੇਟਰ ਵਜੋਂ ਕੰਮ ਕਰਨ ਆਇਆ ਸੀ) ਅਤੇ ਪਿੰਡ ਕੂਲਾਰਾਂ ਦਾ ਗੁਰਤੇਜ ਸਿੰਘ ਸ਼ਾਮਲ ਹਨ। ਜ਼ਖ਼ਮੀਆਂ—ਹੈਪੀ ਮੂਨਕ, ਬਿੱਟੂ ਮੂਨਕ ਅਤੇ ਅਨਿਲ ਟੋਹਾਣਾ—ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ ਹੈ, ਜਦਕਿ ਲਖਵਿੰਦਰ ਸਿੰਘ ਦਾ ਇਲਾਜ ਸੁਨਾਮ ਵਿੱਚ ਚੱਲ ਰਿਹਾ ਹੈ।
ਬਿਜਲੀ ਦੇ ਖੰਭੇ ਨੇੜੇ ਲੱਗਿਆ ਸਟਾਲ ਜਾਨਲੇਵਾ ਸਾਬਤ ਹੋਇਆ
ਚਸ਼ਮਦੀਦਾਂ ਅਨੁਸਾਰ, ਮੇਲੇ ਵਿੱਚ ਸੁਰੱਖਿਆ ਮਾਪਦੰਡਾਂ ਨੂੰ ਬੁਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਗਿਆ ਸੀ। ਬਿਜਲੀ ਦੇ ਮੁੱਖ ਖੰਭੇ ਦੇ ਬਿਲਕੁਲ ਨਾਲ ਕਈ ਦੁਕਾਨਾਂ ਅਤੇ ਖਾਣ-ਪੀਣ ਦੇ ਸਟਾਲ ਲਗਾਏ ਗਏ ਸਨ। ਇੱਕ ‘ਗੋਲ-ਗੱਪਾ’ ਸਟਾਲ ਵਿੱਚ ਬਿਜਲੀ ਦਾ ਤੇਜ਼ ਕਰੰਟ ਦੌੜ ਗਿਆ, ਜਿਸ ਨਾਲ ਕਈ ਲੋਕਾਂ ਨੂੰ ਝਟਕੇ ਲੱਗੇ ਅਤੇ ਉਹ ਜ਼ਖ਼ਮੀ ਹੋ ਗਏ। ਘਟਨਾ ਤੋਂ ਤੁਰੰਤ ਬਾਅਦ ਮੇਲੇ ਵਿੱਚ ਹਫੜਾ-ਦਫੜੀ ਮੱਚ ਗਈ ਅਤੇ ਚੀਕ-ਚਿਹਾੜਾ ਪੈ ਗਿਆ।
ਖਬਰ ਮਿਲਦਿਆਂ ਹੀ ਕੈਬਨਿਟ ਮੰਤਰੀ ਅਤੇ ਸਥਾਨਕ ਵਿਧਾਇਕ ਅਮਨ ਅਰੋੜਾ ਸਥਿਤੀ ਦਾ ਜਾਇਜ਼ਾ ਲੈਣ ਲਈ ਘਟਨਾ ਵਾਲੀ ਥਾਂ ਅਤੇ ਹਸਪਤਾਲ ਪਹੁੰਚੇ। ਉਨ੍ਹਾਂ ਨੇ ਜ਼ਖ਼ਮੀਆਂ ਦੀ ਹਾਲਤ ਬਾਰੇ ਜਾਣਕਾਰੀ ਲਈ ਅਤੇ ਉਨ੍ਹਾਂ ਨੂੰ ਵਧੀਆ ਤੋਂ ਵਧੀਆ ਡਾਕਟਰੀ ਸਹੂਲਤਾਂ ਯਕੀਨੀ ਬਣਾਉਣ ਦੇ ਸਖ਼ਤ ਹੁਕਮ ਦਿੱਤੇ। ਉਨ੍ਹਾਂ ਕਿਹਾ ਕਿ ਇਸ ਦੁਖਦਾਈ ਘਟਨਾ ਦੀ ਨਿਰਪੱਖ ਅਤੇ ਉੱਚ-ਪੱਧਰੀ ਜਾਂਚ ਕਰਵਾਈ ਜਾਵੇਗੀ ਤਾਂ ਜੋ ਲਾਪਰਵਾਹੀ ਲਈ ਜ਼ਿੰਮੇਵਾਰੀ ਤੈਅ ਕੀਤੀ ਜਾ ਸਕੇ।
ਪੰਜਾਬ ਸਰਕਾਰ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਵਿੱਤੀ ਅਤੇ ਸਮਾਜਿਕ ਸਹਾਇਤਾ ਪ੍ਰਦਾਨ ਕਰੇਗੀ। ਇਸ ਦੁਖਦਾਈ ਘਟਨਾ ਤੋਂ ਬਾਅਦ ਸਥਾਨਕ ਲੋਕਾਂ ਵਿੱਚ ਭਾਰੀ ਰੋਸ ਹੈ। ਲੋਕ ਸਵਾਲ ਉਠਾ ਰਹੇ ਹਨ ਕਿ ਬਿਜਲੀ ਦੇ ਖੰਭੇ ਦੇ ਇੰਨੇ ਨੇੜੇ ਸਟਾਲ ਲਗਾਉਣ ਦੀ ਇਜਾਜ਼ਤ ਕਿਸ ਨੇ ਦਿੱਤੀ ਅਤੇ ਅਜਿਹੀ ਮਨਜ਼ੂਰੀ ਕਿਵੇਂ ਦਿੱਤੀ ਗਈ। ਉਹ ਪੁੱਛ ਰਹੇ ਹਨ ਕਿ ਕੀ ਮੇਲਾ ਪ੍ਰਬੰਧਕ ਅਤੇ ਪ੍ਰਸ਼ਾਸਨ ਸੁਰੱਖਿਆ ਮਾਪਦੰਡਾਂ ਦੀ ਜਾਂਚ ਕਰਨ ਵਿੱਚ ਅਸਫਲ ਰਹੇ। ਫਿਲਹਾਲ, ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਟੀਮ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
