skip to content

Last Updated: November 25, 2026

Dainik Savera Times Logo

Stock Market: ਭਾਰਤੀ ਸ਼ੇਅਰ ਬਾਜ਼ਾਰ ’ਚ ਜ਼ਬਰਦਸਤ ਤੇਜ਼ੀ, ਸੈਂਸੈਕਸ 1,502 ਅੰਕ ਚੜ੍ਹਿਆ

25 November 2026 ਅੱਪਡੇਟ ਕੀਤਾ ਗਿਆ

Stock Market: ਭਾਰਤੀ ਸ਼ੇਅਰ ਬਾਜ਼ਾਰ ’ਚ ਜ਼ਬਰਦਸਤ ਤੇਜ਼ੀ, ਸੈਂਸੈਕਸ 1,502 ਅੰਕ ਚੜ੍ਹਿਆ

Stock Market: ਭਾਰਤੀ ਸ਼ੇਅਰ ਬਾਜ਼ਾਰ ਵਿੱਚ ਬੁੱਧਵਾਰ ਨੂੰ ਜ਼ਬਰਦਸਤ ਤੇਜ਼ੀ ਦੇਖਣ ਨੂੰ ਮਿਲੀ ਅਤੇ ਕਾਰੋਬਾਰ ਦੇ ਅੰਤ ਵਿੱਚ ਸੈਂਸੈਕਸ ਤੇ ਨਿਫਟੀ ਹਰੇ ਨਿਸ਼ਾਨ ਵਿੱਚ ਬੰਦ ਹੋਏ। ਵਿਸ਼ਵ ਬਾਜ਼ਾਰਾਂ ਤੋਂ ਮਿਲੇ ਸਕਾਰਾਤਮਕ ਸੰਕੇਤਾਂ ਦੇ ਨਾਲ ਬੈਂਕਿੰਗ, ਵਿੱਤੀ ਅਤੇ ਐੱਫਐੱਮਸੀਜੀ ਕੰਪਨੀਆਂ ਦੇ ਸ਼ੇਅਰਾਂ ਵਿੱਚ ਖਰੀਦਦਾਰੀ ਨੇ ਬਾਜ਼ਾਰ ਨੂੰ ਮਜ਼ਬੂਤੀ ਦਿੱਤੀ। ਦੋਵੇਂ ਪ੍ਰਮੁੱਖ ਸੂਚਕ ਅੰਕਾਂ ਵਿੱਚ 1.8 ਫ਼ੀਸਦੀ ਤੋਂ ਵੱਧ ਦਾ ਵਾਧਾ ਦਰਜ ਕੀਤਾ ਗਿਆ।

ਦਿਨ ਦੇ ਅੰਤ ਵਿੱਚ ਬੀਐੱਸਈ ਸੈਂਸੈਕਸ 1,502.29 ਅੰਕ ਜਾਂ 1.82 ਫ਼ੀਸਦੀ ਚੜ੍ਹ ਕੇ 83,938.28 ‘ਤੇ ਪਹੁੰਚ ਗਿਆ। ਦੂਜੇ ਪਾਸੇ ਨਿਫਟੀ 50 ਵਿੱਚ 469.60 ਅੰਕਾਂ ਜਾਂ 1.85 ਫ਼ੀਸਦੀ ਦੀ ਤੇਜ਼ੀ ਆਈ ਅਤੇ ਇਹ 25,819.25 ਦੇ ਪੱਧਰ ‘ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਸੈਂਸੈਕਸ 84,498.21 ਅਤੇ ਨਿਫਟੀ 25,951.65 ਦੇ ਉੱਚ ਪੱਧਰ ਤੱਕ ਪਹੁੰਚੇ।

ਨਿਫਟੀ 50 ਵਿੱਚ ਹਿੰਦੁਸਤਾਨ ਯੂਨੀਲੀਵਰ ਦੇ ਸ਼ੇਅਰਾਂ ਨੇ ਸਭ ਤੋਂ ਵਧੀਆ ਪ੍ਰਦਰਸ਼ਨ ਕਰਦਿਆਂ 6.08 ਫ਼ੀਸਦੀ ਦੀ ਛਾਲ ਮਾਰੀ। ਟਾਟਾ ਕੰਜ਼ਿਊਮਰ ਪ੍ਰੋਡਕਟਸ 4.66 ਫ਼ੀਸਦੀ ਅਤੇ ਐੱਚਡੀਐੱਫਸੀ ਲਾਈਫ 4.58 ਫ਼ੀਸਦੀ ਚੜ੍ਹੇ। ਨੇਸਲੇ ਇੰਡੀਆ, ਇੰਡੀਗੋ, ਟ੍ਰੈਂਟ, ਐੱਚਡੀਐੱਫਸੀ ਬੈਂਕ ਅਤੇ ਆਈਸੀਆਈਸੀਆਈ ਬੈਂਕ ਵੀ ਮੁਨਾਫ਼ੇ ਵਿੱਚ ਰਹੇ। ਇਸ ਦੇ ਉਲਟ ਟਾਟਾ ਸਟੀਲ, ਮੈਕਸ ਹੈਲਥ, ਹਿੰਡਾਲਕੋ, ਜੇਐੱਸਡਬਲਿਊ ਸਟੀਲ, ਸ਼੍ਰੀਰਾਮ ਫਾਈਨੈਂਸ ਅਤੇ ਭਾਰਤੀ ਏਅਰਟੈੱਲ ਦੇ ਸ਼ੇਅਰਾਂ ਵਿੱਚ ਗਿਰਾਵਟ ਦਰਜ ਕੀਤੀ ਗਈ।

ਵੱਡੀਆਂ ਕੰਪਨੀਆਂ ਤੋਂ ਇਲਾਵਾ ਮਿਡਕੈਪ ਸ਼ੇਅਰਾਂ ਵਿੱਚ ਵੀ 0.30 ਫ਼ੀਸਦੀ ਦਾ ਵਾਧਾ ਹੋਇਆ, ਪਰ ਸਮਾਲਕੈਪ ਸੂਚਕ ਅੰਕ 0.44 ਫ਼ੀਸਦੀ ਹੇਠਾਂ ਆ ਗਿਆ। ਖੇਤਰਾਂ ਦੇ ਹਿਸਾਬ ਨਾਲ ਐੱਫਐੱਮਸੀਜੀ ਸੂਚਕ ਅੰਕ 3.8 ਫ਼ੀਸਦੀ ਚੜ੍ਹ ਕੇ ਸਭ ਤੋਂ ਅੱਗੇ ਰਿਹਾ। ਪ੍ਰਾਈਵੇਟ ਬੈਂਕਾਂ ਵਿੱਚ 2.2 ਫ਼ੀਸਦੀ, ਫਾਰਮਾ ਵਿੱਚ 2.4 ਫ਼ੀਸਦੀ, ਵਿੱਤੀ ਸੇਵਾਵਾਂ ਵਿੱਚ 2.2 ਫ਼ੀਸਦੀ, ਆਟੋ ਵਿੱਚ 1.16 ਫ਼ੀਸਦੀ ਅਤੇ ਆਈਟੀ ਵਿੱਚ 1.12 ਫ਼ੀਸਦੀ ਦਾ ਵਾਧਾ ਦਰਜ ਹੋਇਆ। ਇਸ ਦੇ ਉਲਟ ਮੀਡੀਆ ਵਿੱਚ 4.4 ਫ਼ੀਸਦੀ, ਮੈਟਲ ਵਿੱਚ 2.04 ਫ਼ੀਸਦੀ ਅਤੇ ਕੰਜ਼ਿਊਮਰ ਡਿਊਰੇਬਲਜ਼ ਵਿੱਚ 0.13 ਫ਼ੀਸਦੀ ਦੀ ਕਮਜ਼ੋਰੀ ਰਹੀ।

ਮਾਹਿਰਾਂ ਮੁਤਾਬਕ ਪਿਛਲੇ ਸੈਸ਼ਨ ਵਿੱਚ ਮੁਨਾਫ਼ਾ ਵਸੂਲੀ ਕਾਰਨ ਆਈ ਗਿਰਾਵਟ ਤੋਂ ਬਾਅਦ ਬੁੱਧਵਾਰ ਨੂੰ ਨਿਫਟੀ ਨੇ ਜ਼ੋਰਦਾਰ ਵਾਪਸੀ ਕੀਤੀ ਅਤੇ 25,650 ਦਾ ਅਹਿਮ ਪੱਧਰ ਮੁੜ ਹਾਸਲ ਕਰ ਲਿਆ। ਮੌਜੂਦਾ ਹਾਲਾਤਾਂ ਵਿੱਚ 25,650 ਨੂੰ ਤੁਰੰਤ ਸਹਾਰਾ ਅਤੇ 26,000 ਨੂੰ ਵੱਡੀ ਰੁਕਾਵਟ ਮੰਨਿਆ ਜਾ ਰਿਹਾ ਹੈ। ਜੇਕਰ ਨਿਫਟੀ 26,000 ਤੋਂ ਉੱਪਰ ਮਜ਼ਬੂਤੀ ਨਾਲ ਟਿਕਦਾ ਹੈ ਤਾਂ ਅਗਲਾ ਟੀਚਾ 26,500 ਹੋ ਸਕਦਾ ਹੈ।

ਇਸ ਤੇਜ਼ੀ ਵਿੱਚ ਵਿੱਤੀ ਖੇਤਰ ਦੇ ਸ਼ੇਅਰਾਂ ਦੀ ਅਹਿਮ ਭੂਮਿਕਾ ਰਹੀ ਅਤੇ ਨਿੱਜੀ ਤੇ ਸਰਕਾਰੀ ਬੈਂਕਾਂ ਵਿੱਚ ਵੱਡੇ ਪੱਧਰ ‘ਤੇ ਖਰੀਦਦਾਰੀ ਹੋਈ। ਸਕਾਰਾਤਮਕ ਵਿਸ਼ਵ ਸੰਕੇਤਾਂ ਅਤੇ ਵਿਆਜ ਦਰਾਂ ਨਾਲ ਜੁੜੇ ਖੇਤਰਾਂ ਵਿੱਚ ਨਿਵੇਸ਼ਕਾਂ ਦੀ ਦਿਲਚਸਪੀ ਨੇ ਵੀ ਬਾਜ਼ਾਰ ਨੂੰ ਹੁਲਾਰਾ ਦਿੱਤਾ। ਇਸੇ ਦੌਰਾਨ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਇਆ ਕਰੀਬ 70 ਪੈਸੇ ਮਜ਼ਬੂਤ ਹੋ ਕੇ ਸੱਤ ਮਹੀਨਿਆਂ ਦੇ ਉੱਚ ਪੱਧਰ ‘ਤੇ ਪਹੁੰਚ ਗਿਆ। ਡਾਲਰ ਦੇ ਮੁਕਾਬਲੇ ਇਸ ਦਾ ਇੰਟਰਾ-ਡੇਅ ਹੇਠਲਾ ਪੱਧਰ 92.39 ਰਿਹਾ। ਮਾਹਿਰਾਂ ਮੁਤਾਬਕ ਰੁਪਇਆ ਅੱਗੇ 91.40 ਤੋਂ 90.00 ਦੇ ਪੱਧਰ ਵੱਲ ਵਧ ਸਕਦਾ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.