ਨੈਸ਼ਨਲ ਡੈਸਕ(ਦੈਨਿਕ ਸਵੇਰਾ): ਰਸ਼ਮਿਕਾ ਮੰਦੰਨਾ ਅਤੇ ਵਿਜੇ ਦੇਵਰਕੋੰਡਾ, ਜੋ ਸਾਊਥ ਸਿਨੇਮਾ ਦੇ ਮਸ਼ਹੂਰ ਕਪਲ ਰਹੇ ਹਨ, ਹੁਣ ਵਿਆਹ ਦੇ ਬੰਧਨ ਵਿੱਚ ਬੱਝ ਚੁੱਕੇ ਹਨ। ਦੋਵੇਂ ਨੇ 26 ਫ਼ਰਵਰੀ ਦੀ ਸਵੇਰ ਨੂੰ ਤੇਲਗੂ ਰਸਮਾਂ ਅਨੁਸਾਰ ਵਿਆਹ ਦੀਆਂ ਰਸਮਾਂ ਪੂਰੀਆਂ ਕੀਤੀਆਂ ਅਤੇ ਇੱਕ ਦੂਜੇ ਦੇ ਜੀਵਨ ਸਾਥੀ ਬਣ ਗਏ। ਸ਼ਾਮ ਨੂੰ ਉਹ ਕੋਡਵਾ ਰਿਵਾਜ਼ ਨਾਲ ਵਿਆਹ ਕਰਨਗੇ, ਜਿਸ ਵਿੱਚ ਨਾ ਕੋਈ ਪੰਡਿਤ ਹੁੰਦਾ ਹੈ ਅਤੇ ਨਾ ਹੀ ਸੱਤ ਫੇਰੇ। ਇਸ ਰਸਮ ਵਿੱਚ ਚਾਵਲ ਸੁੱਟ ਕੇ ਆਸ਼ੀਰਵਾਦ ਲਿਆ ਜਾਂਦਾ ਹੈ।
ਰਸ਼ਮਿਕਾ ਤੇ ਵਿਜੇ ਦਾ ਸਾਦਗੀ ਭਰਿਆ ਵਿਆਹ, ਮਾਂ ਦੀਆਂ ਚੂੜੀਆਂ ਨੇ ਬਣਾਇਆ ਪਲ ਖ਼ਾਸ
ਇਸੇ ਦੌਰਾਨ ਰਸ਼ਮਿਕਾ ਦਾ ਇੱਕ ਪੁਰਾਣਾ ਇੰਟਰਵਿਊ ਵੀ ਚਰਚਾ ਵਿੱਚ ਹੈ, ਜਿਸ ਵਿੱਚ ਉਹਨਾਂ ਨੇ ਬੱਚਿਆਂ ਅਤੇ ਉਨ੍ਹਾਂ ਦੀ ਸੁਰੱਖਿਆ ਬਾਰੇ ਖੁੱਲ੍ਹ ਕੇ ਗੱਲ ਕੀਤੀ ਸੀ। ਇੱਕ ਇੰਟਰਵਿਊ ਵਿੱਚ ਰਸ਼ਮਿਕਾ ਕਾਫ਼ੀ ਭਾਵੁਕ ਅਤੇ ਗੰਭੀਰ ਦਿਖਾਈ ਦਿੱਤੀ ਸੀ। ਜਦੋਂ ਉਨ੍ਹਾਂ ਤੋਂ ਪਰਿਵਾਰ ਅਤੇ ਭਵਿੱਖ ਬਾਰੇ ਪੁੱਛਿਆ ਗਿਆ, ਤਾਂ ਉਹਨਾਂ ਨੇ ਕਿਹਾ ਸੀ ਕਿ ਉਹ ਭਵਿੱਖ ਵਿੱਚ ਬੱਚੇ ਚਾਹੁੰਦੀ ਹੈ ਅਤੇ ਉਹਨਾਂ ਨੂੰ ਲੈ ਕੇ ਉਹ ਪਹਿਲਾਂ ਤੋਂ ਹੀ ਬਹੁਤ ਪ੍ਰੋਟੈਕਟਿਵ ਮਹਿਸੂਸ ਕਰਦੀ ਹੈ। ਰਸ਼ਮਿਕਾ ਨੇ ਕਿਹਾ ਸੀ ਕਿ ਭਾਵੇਂ ਉਹ ਅਜੇ ਮਾਂ ਨਹੀਂ ਬਣੀ, ਪਰ ਉਹ ਸੋਚਦੀ ਹੈ ਕਿ ਜਦੋਂ ਉਸਦੇ ਬੱਚੇ ਹੋਣਗੇ, ਉਹ ਉਨ੍ਹਾਂ ਨੂੰ ਬੇਹੱਦ ਪਿਆਰ ਦੇਵੇਗੀ। ਉਹ ਕਹਿੰਦੀ ਹੈ ਕਿ ਉਹ ਉਹਨਾਂ ਨੰਹੀਆਂ ਜਾਨਾਂ ਬਾਰੇ ਵੀ ਸੋਚਦੀ ਹੈ ਜਿਨ੍ਹਾਂ ਦਾ ਅਜੇ ਜਨਮ ਵੀ ਨਹੀਂ ਹੋਇਆ।
ਰਸ਼ਮਿਕਾ ਦੀ ਇਹ ਗੱਲ ਸੁਣ ਕੇ ਫੈਨਜ਼ ਕਾਫ਼ੀ ਖੁਸ਼ ਹੋਏ ਸਨ। ਉਹਨਾਂ ਨੇ ਅੱਗੇ ਕਿਹਾ ਸੀ ਕਿ ਉਹ ਆਪਣੇ ਬੱਚਿਆਂ ਦੀ ਸੁਰੱਖਿਆ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ। ਰਸ਼ਮਿਕਾ ਨੇ ਕਿਹਾ ਸੀ ਕਿ ਜੇ ਲੋੜ ਪਈ ਤਾਂ ਉਹ ਉਨ੍ਹਾਂ ਲਈ ਜੰਗ ਵਿੱਚ ਵੀ ਉਤਰ ਸਕਦੀ ਹੈ। ਉਹ ਆਪਣੇ ਆਪ ਨੂੰ ਫਿੱਟ ਅਤੇ ਮਜ਼ਬੂਤ ਰੱਖਣਾ ਚਾਹੁੰਦੀ ਹੈ ਤਾਂ ਜੋ ਉਹ ਆਪਣੇ ਬੱਚਿਆਂ ਦੀ ਢਾਲ ਬਣ ਸਕੇ।
30 ਸਾਲ ਦੀ ਰਸ਼ਮਿਕਾ ਨੇ ਆਪਣੇ ਕਰੀਅਰ ਅਤੇ ਨਿੱਜੀ ਜ਼ਿੰਦਗੀ ਦੇ ਬੈਲੈਂਸ ਬਾਰੇ ਵੀ ਗੱਲ ਕੀਤੀ। ਉਹ ਕਹਿੰਦੀ ਹੈ ਕਿ ਸਮਾਜ ਸਾਨੂੰ ਸਿਖਾਉਂਦਾ ਹੈ ਕਿ 20 ਤੋਂ 30 ਦੀ ਉਮਰ ਸਿਰਫ਼ ਕੰਮ ਅਤੇ ਪੈਸਾ ਕਮਾਉਣ ਲਈ ਹੈ, ਪਰ ਹੁਣ ਉਹ ਆਪਣੀ ਜ਼ਿੰਦਗੀ ਵਿੱਚ ਸੰਤੁਲਨ ਚਾਹੁੰਦੀ ਹੈ। ਉਸਦੇ ਮੁਤਾਬਕ 30 ਤੋਂ 40 ਦੀ ਉਮਰ ਉਹ ਸਮਾਂ ਹੈ ਜਦੋਂ ਕੰਮ ਅਤੇ ਪਰਿਵਾਰ ਦੋਵਾਂ ਨੂੰ ਬਰਾਬਰ ਸਮਾਂ ਦੇਣਾ ਚਾਹੀਦਾ ਹੈ।