Last Updated: October 7, 2026

Dainik Savera Times Logo

Rajpal Yadav Cheque Bounce Case: ਸੁਪਰੀਮ ਕੋਰਟ ਨੇ ਦਿੱਤਾ ਆਖਰੀ ਮੌਕਾ, 13 ਅਕਤੂਬਰ ਤੱਕ ਜਮ੍ਹਾਂ ਕਰਵਾਉਣੀ ਹੋਵੇਗੀ ਬਕਾਇਆ ਰਕਮ

2 hours ਪਹਿਲਾ

Rajpal Yadav Cheque Bounce Case: ਸੁਪਰੀਮ ਕੋਰਟ ਨੇ ਦਿੱਤਾ ਆਖਰੀ ਮੌਕਾ, 13 ਅਕਤੂਬਰ ਤੱਕ ਜਮ੍ਹਾਂ ਕਰਵਾਉਣੀ ਹੋਵੇਗੀ ਬਕਾਇਆ ਰਕਮ

Rajpal Yadav Cheque Bounce Case: ਚੈੱਕ ਬਾਊਂਸ ਨਾਲ ਜੁੜੇ ਸੱਤ ਮਾਮਲਿਆਂ ਵਿੱਚ ਸਜ਼ਾ ਦਾ ਸਾਹਮਣਾ ਕਰ ਰਹੇ ਅਦਾਕਾਰ ਰਾਜਪਾਲ ਯਾਦਵ ਦੀ ਪਟੀਸ਼ਨ ‘ਤੇ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ। ਚੀਫ ਜਸਟਿਸ ਆਫ ਇੰਡੀਆ ਸੂਰਿਆਕਾਂਤ ਦੀ ਅਗਵਾਈ ਵਾਲੀ ਬੈਂਚ ਵਿੱਚ ਜਸਟਿਸ ਜੌਯਮਾਲਿਆ ਬਾਗਚੀ ਅਤੇ ਜਸਟਿਸ ਵੀ. ਮੋਹਨਾ ਵੀ ਸ਼ਾਮਲ ਰਹੇ। ਸੁਣਵਾਈ ਦੌਰਾਨ ਅਦਾਕਾਰ ਵੱਲੋਂ ਦੱਸਿਆ ਗਿਆ ਕਿ ਅਦਾਲਤ ਵੱਲੋਂ ਤੈਅ ਕੀਤੇ 2 ਕਰੋੜ ਰੁਪਏ ਜਮ੍ਹਾਂ ਕਰਵਾਉਣ ਲਈ 1.15 ਕਰੋੜ ਰੁਪਏ ਦੀ ਵਿਵਸਥਾ ਹੋ ਚੁੱਕੀ ਹੈ, ਜਦਕਿ ਬਾਕੀ 85 ਲੱਖ ਰੁਪਏ ਇੱਕ ਜ਼ਮੀਨ ਦੀ ਵਿਕਰੀ ਤੋਂ ਇਕੱਠੇ ਕੀਤੇ ਜਾਣੇ ਹਨ।

ਰਾਜਪਾਲ ਯਾਦਵ ਦੇ ਵਕੀਲ ਨੇ ਕੋਰਟ ਨੂੰ ਦੱਸਿਆ ਕਿ ਅਦਾਕਾਰ ਦੀ ਪੁਸ਼ਤੈਨੀ ਜ਼ਮੀਨ ਖਰੀਦਣ ਲਈ ਇੱਕ ਵਿਅਕਤੀ ਤਿਆਰ ਹੈ। ਖਰੀਦਦਾਰ 85 ਲੱਖ ਰੁਪਏ ਦੇਣ ਲਈ ਸਹਿਮਤ ਹੈ ਅਤੇ ਜ਼ਮੀਨ ਵੇਚਣ ਵਾਲੇ ਰਾਜਪਾਲ ਯਾਦਵ ਦੇ ਨਾਲ ਉਹ ਅਦਾਲਤ ਵਿੱਚ ਵੀ ਮੌਜੂਦ ਸੀ। ਹਾਲਾਂਕਿ, ਜ਼ਮੀਨ ਦੀ ਰਜਿਸਟਰੀ ਨੂੰ ਲੈ ਕੇ ਫਿਲਹਾਲ ਕੁਝ ਦਿੱਕਤਾਂ ਸਾਹਮਣੇ ਆ ਰਹੀਆਂ ਹਨ। ਵਕੀਲ ਮੁਤਾਬਕ ਪਿਤਰ ਪੱਖ ਦੇ ਚੱਲਦਿਆਂ ਖਰੀਦਦਾਰ ਅਜੇ ਸੇਲ ਡਾਕੂਮੈਂਟ ਦੀ ਰਜਿਸਟ੍ਰੇਸ਼ਨ ਨਹੀਂ ਕਰਵਾਉਣਾ ਚਾਹੁੰਦਾ ਅਤੇ ਨਵਰਾਤਰੀ ਸ਼ੁਰੂ ਹੋਣ ਤੋਂ ਬਾਅਦ ਪ੍ਰਕਿਰਿਆ ਪੂਰੀ ਕਰਨਾ ਚਾਹੁੰਦਾ ਹੈ।

ਵਕੀਲ ਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ ਰਜਿਸਟਰੀ ਵਿੱਚ ਦੇਰੀ ਦੇ ਬਾਵਜੂਦ ਖਰੀਦਦਾਰ 85 ਲੱਖ ਰੁਪਏ ਐਡਵਾਂਸ ਵਜੋਂ ਦੇਣ ਲਈ ਤਿਆਰ ਹੈ। ਇਸ ਨਾਲ ਅਦਾਲਤ ਵੱਲੋਂ ਨਿਰਧਾਰਤ 2 ਕਰੋੜ ਰੁਪਏ ਦੀ ਰਕਮ ਪੂਰੀ ਕੀਤੀ ਜਾ ਸਕਦੀ ਹੈ। ਵਕੀਲ ਨੇ ਕਿਹਾ ਕਿ ਲੋੜ ਪੈਣ ‘ਤੇ ਇਹ ਰਕਮ ਡਿਮਾਂਡ ਡਰਾਫਟ ਰਾਹੀਂ ਵੀ ਜਮ੍ਹਾਂ ਕਰਵਾਈ ਜਾ ਸਕਦੀ ਹੈ। ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਬਾਕੀ 85 ਲੱਖ ਰੁਪਏ ਜਮ੍ਹਾਂ ਕਰਵਾਉਣ ਲਈ 13 ਅਕਤੂਬਰ ਤੱਕ ਦਾ ਸਮਾਂ ਦਿੱਤਾ ਅਤੇ ਅਗਲੀ ਸੁਣਵਾਈ ਦੋ ਹਫ਼ਤਿਆਂ ਬਾਅਦ ਤੈਅ ਕੀਤੀ।

ਦਰਅਸਲ, ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਰਾਜਪਾਲ ਯਾਦਵ ਨੂੰ 2 ਕਰੋੜ ਰੁਪਏ ਜਮ੍ਹਾਂ ਕਰਵਾਉਣ ਦਾ ਆਖਰੀ ਮੌਕਾ ਦਿੱਤਾ ਸੀ। ਅਦਾਲਤ ਅਦਾਕਾਰ ਵੱਲੋਂ ਭੁਗਤਾਨ ਵਿੱਚ ਦੇਰੀ ਅਤੇ ਪਹਿਲਾਂ ਦਿੱਤੇ ਗਏ ਨਿਰਦੇਸ਼ਾਂ ਦੀ ਪੂਰੀ ਤਰ੍ਹਾਂ ਪਾਲਣਾ ਨਾ ਹੋਣ ‘ਤੇ ਨਾਰਾਜ਼ਗੀ ਜਤਾ ਚੁੱਕੀ ਹੈ। ਇਹ ਮਾਮਲਾ ਮੁਰਲੀ ਪ੍ਰੋਜੈਕਟਸ ਪ੍ਰਾਈਵੇਟ ਲਿਮਟਿਡ ਨਾਲ ਜੁੜੇ ਸੱਤ ਚੈੱਕ ਬਾਊਂਸ ਮਾਮਲਿਆਂ ਦਾ ਹੈ। ਦਿੱਲੀ ਹਾਈਕੋਰਟ ਨੇ ਇਨ੍ਹਾਂ ਮਾਮਲਿਆਂ ਵਿੱਚ ਰਾਜਪਾਲ ਯਾਦਵ ਨੂੰ ਦੋਸ਼ੀ ਠਹਿਰਾਉਂਦੇ ਹੋਏ ਹਰੇਕ ਮਾਮਲੇ ਵਿੱਚ ਤਿੰਨ ਮਹੀਨੇ ਦੀ ਸਜ਼ਾ ਸੁਣਾਈ ਸੀ, ਜਿਸ ਨੂੰ ਇਕੱਠੇ ਚਲਾਉਣ ਦਾ ਨਿਰਦੇਸ਼ ਦਿੱਤਾ ਗਿਆ ਸੀ।

ਇਸ ਫੈਸਲੇ ਨੂੰ ਰਾਜਪਾਲ ਯਾਦਵ ਅਤੇ ਉਨ੍ਹਾਂ ਦੀ ਪਤਨੀ ਰਾਧਾ ਯਾਦਵ ਨੇ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਇਸੇ ਪਟੀਸ਼ਨ ‘ਤੇ ਸੁਣਵਾਈ ਦੌਰਾਨ ਸਿਖਰਲੀ ਅਦਾਲਤ ਨੇ ਮਾਮਲੇ ਵਿੱਚ ਨੋਟਿਸ ਜਾਰੀ ਕੀਤਾ ਅਤੇ ਅਦਾਕਾਰ ਨੂੰ ਰਕਮ ਜਮ੍ਹਾਂ ਕਰਵਾਉਣ ਦਾ ਮੌਕਾ ਦਿੱਤਾ। ਵਿਵਾਦ ਦੀ ਸ਼ੁਰੂਆਤ ਕਰੀਬ 16 ਸਾਲ ਪਹਿਲਾਂ ਹੋਈ ਸੀ। ਸਾਲ 2010 ਵਿੱਚ ਰਾਜਪਾਲ ਯਾਦਵ ਨੇ ਬਤੌਰ ਨਿਰਦੇਸ਼ਕ ਫਿਲਮ ‘ਅਤਾ ਪਤਾ ਲਾਪਤਾ’ ਬਣਾਉਣ ਲਈ ਮੁਰਲੀ ਪ੍ਰੋਜੈਕਟਸ ਪ੍ਰਾਈਵੇਟ ਲਿਮਟਿਡ ਤੋਂ 5 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ। ਫਿਲਮ 2012 ਵਿੱਚ ਰਿਲੀਜ਼ ਹੋਈ, ਪਰ ਬਾਕਸ ਆਫਿਸ ‘ਤੇ ਸਫਲ ਨਹੀਂ ਰਹੀ।

ਫਿਲਮ ਦੇ ਅਸਫਲ ਹੋਣ ਤੋਂ ਬਾਅਦ ਕਰਜ਼ੇ ਦੀ ਰਕਮ ਚੁਕਾਉਣ ਵਿੱਚ ਪਰੇਸ਼ਾਨੀ ਹੋਈ ਅਤੇ ਸਮੇਂ ਦੇ ਨਾਲ ਵਿਆਜ ਸਮੇਤ ਬਕਾਇਆ ਰਕਮ ਵਧਦੀ ਚਲੀ ਗਈ। ਇਸ ਤੋਂ ਬਾਅਦ ਭੁਗਤਾਨ ਲਈ ਦਿੱਤੇ ਗਏ ਚੈੱਕ ਬਾਊਂਸ ਹੋਣ ‘ਤੇ ਮਾਮਲਾ ਅਦਾਲਤ ਤੱਕ ਪਹੁੰਚਿਆ। ਸਾਲ 2018 ਵਿੱਚ ਮੈਜਿਸਟ੍ਰੇਟ ਕੋਰਟ ਨੇ ਰਾਜਪਾਲ ਯਾਦਵ ਅਤੇ ਉਨ੍ਹਾਂ ਦੀ ਪਤਨੀ ਰਾਧਾ ਯਾਦਵ ਨੂੰ ਦੋਸ਼ੀ ਠਹਿਰਾਇਆ। ਇਸ ਤੋਂ ਬਾਅਦ ਮਾਮਲਾ ਵੱਖ-ਵੱਖ ਅਦਾਲਤਾਂ ਤੋਂ ਹੁੰਦਾ ਹੋਇਆ ਦਿੱਲੀ ਹਾਈਕੋਰਟ ਪਹੁੰਚਿਆ। ਹਾਈਕੋਰਟ ਨੇ ਸੱਤੋਂ ਮਾਮਲਿਆਂ ਵਿੱਚ ਰਾਜਪਾਲ ਯਾਦਵ ਦੀ ਸਜ਼ਾ ਬਰਕਰਾਰ ਰੱਖਦੇ ਹੋਏ ਹਰੇਕ ਮਾਮਲੇ ਵਿੱਚ ਤਿੰਨ ਮਹੀਨੇ ਦੀ ਸਜ਼ਾ ਸੁਣਾਈ ਅਤੇ ਸ਼ਿਕਾਇਤਕਰਤਾ ਨੂੰ ਬਕਾਇਆ ਰਕਮ ਵਾਪਸ ਕਰਨ ਦਾ ਹੁਕਮ ਦਿੱਤਾ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.