ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਦੀ ਸਿਆਸਤ ਉਸ ਵੇਲੇ ਚਰਚਾ ਵਿੱਚ ਆ ਗਈ ਜਦੋਂ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ ਕਰ ਰਹੀ ਪੰਜਾਬ ਕਾਂਗਰਸ ਦੇ ਪ੍ਰਧਾਨ Amarinder Singh Raja Warring ਦੀ ਧੀ ਏਕਮ ਵੜਿੰਗ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ। ਇਹ ਪ੍ਰਦਰਸ਼ਨ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਦੇਣ ਦੇ ਚੋਣੀ ਵਾਅਦੇ ਨੂੰ ਲੈ ਕੇ ਕੀਤਾ ਜਾ ਰਿਹਾ ਸੀ, ਜਿਸ ਦੌਰਾਨ ਕਾਰਕੁਨਾਂ ਵੱਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ।
ਮਿਲੀ ਜਾਣਕਾਰੀ ਅਨੁਸਾਰ ਮਹਿਲਾ ਦਿਵਸ ਦੇ ਦਿਨ ਕੁਝ ਨੌਜਵਾਨਾਂ ਅਤੇ ਕਾਰਕੁਨਾਂ ਨੇ ਵਿਧਾਨ ਸਭਾ ਦੇ ਬਾਹਰ ਇਕੱਠੇ ਹੋ ਕੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਦੀ ਆਰਥਿਕ ਮਦਦ ਦੇਣ ਦੇ ਵਾਅਦੇ ਨੂੰ ਲੈ ਕੇ ਸਰਕਾਰ ਤੋਂ ਪਿਛਲੇ ਸਮੇਂ ਦਾ ਬਕਾਇਆ ਜਾਰੀ ਕਰਨ ਦੀ ਮੰਗ ਕਰ ਰਹੇ ਸਨ।
READ ALSO : Big news: ਸੁਖਬੀਰ ਬਾਦਲ ਵੱਲੋਂ ਭੁੱਚੋ ਹਲਕੇ ਤੋਂ ਐਲਾਨਿਆ ਉਮੀਦਵਾਰ, ਜਾਣੋ ਕੌਣ?
ਹਾਲਾਤ ਤਣਾਅਪੂਰਨ ਬਣਦੇ ਵੇਖ ਪੁਲਿਸ ਨੇ ਮੌਕੇ ‘ਤੇ ਦਖ਼ਲ ਦਿੱਤਾ ਅਤੇ ਕੁਝ ਪ੍ਰਦਰਸ਼ਨਕਾਰੀਆਂ ਸਮੇਤ ਏਕਮ ਵੜਿੰਗ ਨੂੰ ਵੀ ਹਿਰਾਸਤ ਵਿੱਚ ਲੈ ਲਿਆ। ਇਸ ਦੌਰਾਨ ਮੌਕੇ ‘ਤੇ ਮੌਜੂਦ ਪੱਤਰਕਾਰਾਂ ਨੇ ਏਕਮ ਵੜਿੰਗ ਨਾਲ ਗੱਲਬਾਤ ਕਰਕੇ ਪ੍ਰਦਰਸ਼ਨ ਦਾ ਕਾਰਨ ਪੁੱਛਿਆ।
ਪੱਤਰਕਾਰ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਏਕਮ ਵੜਿੰਗ ਨੇ ਕਿਹਾ ਕਿ ਜੇਕਰ ਸਰਕਾਰ ਹੁਣ ਔਰਤਾਂ ਲਈ 1000 ਰੁਪਏ ਮਹੀਨਾਵਾਰ ਯੋਜਨਾ ਲਾਗੂ ਕਰਨ ਦੀ ਗੱਲ ਕਰ ਰਹੀ ਹੈ ਤਾਂ ਪਿਛਲੇ ਚਾਰ ਸਾਲਾਂ ਦਾ ਬਣਦਾ ਬਕਾਇਆ ਵੀ ਔਰਤਾਂ ਨੂੰ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਦੇ ਮੁਤਾਬਕ ਇਸ ਹਿਸਾਬ ਨਾਲ ਕਰੀਬ 48,000 ਰੁਪਏ ਪ੍ਰਤੀ ਔਰਤ ਦਾ ਬਕਾਇਆ ਬਣਦਾ ਹੈ ਅਤੇ ਉਹ ਇਸੇ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ।
ਏਕਮ ਵੜਿੰਗ ਨੇ ਕਿਹਾ ਕਿ ਉਨ੍ਹਾਂ ਦੀ ਮੰਗ ਸਿਰਫ ਇਹ ਹੈ ਕਿ ਔਰਤਾਂ ਨਾਲ ਕੀਤਾ ਗਿਆ ਵਾਅਦਾ ਪੂਰੀ ਤਰ੍ਹਾਂ ਨਿਭਾਇਆ ਜਾਵੇ। ਉਨ੍ਹਾਂ ਨੇ ਉਮੀਦ ਜਤਾਈ ਕਿ ਉਨ੍ਹਾਂ ਦੀ ਆਵਾਜ਼ ਸਰਕਾਰ ਤੱਕ ਜ਼ਰੂਰ ਪਹੁੰਚੇਗੀ ਅਤੇ ਇਸ ਮਾਮਲੇ ‘ਤੇ ਕੋਈ ਨਾ ਕੋਈ ਫੈਸਲਾ ਕੀਤਾ ਜਾਵੇਗਾ।
ਇਸ ਘਟਨਾ ਤੋਂ ਬਾਅਦ ਮਹਿਲਾ ਦਿਵਸ ਦੇ ਦਿਨ ਹੋਇਆ ਇਹ ਪ੍ਰਦਰਸ਼ਨ ਪੰਜਾਬ ਦੀ ਸਿਆਸਤ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਹੁਣ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਔਰਤਾਂ ਨੂੰ ਦਿੱਤੇ ਵਾਅਦੇ ਅਤੇ ਉਸਦੇ ਬਕਾਏ ਨੂੰ ਲੈ ਕੇ ਆਉਣ ਵਾਲੇ ਦਿਨਾਂ ਵਿੱਚ ਸਿਆਸੀ ਮੰਚ ‘ਤੇ ਕਿਹੜੀ ਨਵੀਂ ਚਰਚਾ ਜਨਮ ਲੈਂਦੀ ਹੈ।