skip to content

Last Updated: November 7, 2026

Dainik Savera Times Logo

PM Modi: ਸੁਰੱਖਿਅਤ ਤੇ ਟਿਕਾਊ ਪੁਲਾੜ ਖੇਤਰ ਲਈ ਭਾਰਤ ਵਚਨਬੱਧ, PM ਮੋਦੀ ਦਾ ਵੱਡਾ ਸੰਦੇਸ਼

10 September 2026 ਅੱਪਡੇਟ ਕੀਤਾ ਗਿਆ

PM Modi: ਸੁਰੱਖਿਅਤ ਤੇ ਟਿਕਾਊ ਪੁਲਾੜ ਖੇਤਰ ਲਈ ਭਾਰਤ ਵਚਨਬੱਧ, PM ਮੋਦੀ ਦਾ ਵੱਡਾ ਸੰਦੇਸ਼

India Space Mission: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਪੁਲਾੜ ਖੇਤਰ ਨੂੰ ਲੈ ਕੇ ਭਾਰਤ ਦੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਦੇਸ਼ ਅੰਤਰਰਾਸ਼ਟਰੀ ਕਾਨੂੰਨ ਦੇ ਆਧਾਰ ’ਤੇ ਸੁਰੱਖਿਅਤ ਅਤੇ ਟਿਕਾਊ ਪੁਲਾੜ ਪ੍ਰਣਾਲੀ ਦੇ ਪੱਖ ਵਿੱਚ ਹੈ। ਪੈਰਿਸ ਵਿੱਚ ਆਯੋਜਿਤ ਅੰਤਰਰਾਸ਼ਟਰੀ ਪੁਲਾੜ ਸੰਮੇਲਨ ਨੂੰ ਆਨਲਾਈਨ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੁਲਾੜ ਦੀਆਂ ਸੰਭਾਵਨਾਵਾਂ ਬੇਹੱਦ ਵਿਆਪਕ ਹਨ ਅਤੇ ਇਸ ਸਬੰਧੀ ਜ਼ਿੰਮੇਵਾਰੀ ਵੀ ਸਾਰੇ ਦੇਸ਼ਾਂ ਦੀ ਸਾਂਝੀ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਫਰਾਂਸ ਸਮੇਤ ਦੁਨੀਆ ਦੇ ਹੋਰ ਦੇਸ਼ਾਂ ਨੂੰ ਭਾਰਤ ਦੀ ਅਗਲੀ ਪੀੜ੍ਹੀ ਦੇ ਪੁਲਾੜ ਖੋਜ ਕਾਰਜਾਂ ਵਿੱਚ ਭਾਈਵਾਲ ਬਣਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪੁਲਾੜ ਖੇਤਰ ਵਿੱਚ ਅੱਗੇ ਵਧਦੇ ਸਮੇਂ ਅੰਤਰਰਾਸ਼ਟਰੀ ਕਾਨੂੰਨ ਦਾ ਸਨਮਾਨ ਕਰਦਿਆਂ ਸੁਰੱਖਿਆ ਅਤੇ ਸਥਿਰਤਾ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਮੁਤਾਬਕ, ਵਿਗਿਆਨਕ ਅੰਕੜਿਆਂ ਦੀ ਵਰਤੋਂ ਪਾਰਦਰਸ਼ੀ ਅਤੇ ਇਮਾਨਦਾਰ ਤਰੀਕੇ ਨਾਲ ਸਾਂਝੇ ਉਦੇਸ਼ਾਂ ਨੂੰ ਹਾਸਲ ਕਰਨ ਲਈ ਕੀਤੀ ਜਾਣੀ ਚਾਹੀਦੀ ਹੈ।

ਮੋਦੀ ਨੇ ਕਿਹਾ ਕਿ ਭਾਰਤ ਦਾ ਪੁਲਾੜ ਦ੍ਰਿਸ਼ਟੀਕੋਣ ‘ਵਸੁਧੈਵ ਕੁਟੁੰਬਕਮ’ ਦੀ ਭਾਵਨਾ ਤੋਂ ਪ੍ਰੇਰਿਤ ਹੈ, ਜਿਸ ਦਾ ਅਰਥ ‘ਇੱਕ ਧਰਤੀ, ਇੱਕ ਪਰਿਵਾਰ, ਇੱਕ ਭਵਿੱਖ’ ਹੈ। ਉਨ੍ਹਾਂ ਕਿਹਾ ਕਿ ਧਰਤੀ ’ਤੇ ਸਹਿਯੋਗ ਦੀ ਇਹੀ ਭਾਵਨਾ ਪੁਲਾੜ ਤੱਕ ਵੀ ਪਹੁੰਚਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਦੇ ਅਨੁਸਾਰ, ਸਦੀਆਂ ਤੋਂ ਪੁਲਾੜ ਮਨੁੱਖੀ ਕਲਪਨਾ ਅਤੇ ਜਿਗਿਆਸਾ ਦਾ ਕੇਂਦਰ ਰਿਹਾ ਹੈ, ਪਰ ਅੱਜ ਇਸ ਦੀ ਵਰਤੋਂ ਧਰਤੀ ’ਤੇ ਜੀਵਨ ਨੂੰ ਬਿਹਤਰ ਅਤੇ ਸੁਰੱਖਿਅਤ ਬਣਾਉਣ ਲਈ ਵੀ ਕੀਤੀ ਜਾ ਰਹੀ ਹੈ।

ਪ੍ਰਧਾਨ ਮੰਤਰੀ ਨੇ ਪੁਲਾੜ ਦੀ ਵਧਦੀ ਉਪਯੋਗਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਦੇ ਮੌਕੇ ਲਗਾਤਾਰ ਵਧ ਰਹੇ ਹਨ। ਉਨ੍ਹਾਂ ਇੱਕ ਵਾਰ ਫਿਰ ਕਿਹਾ ਕਿ ਪੁਲਾੜ ਖੇਤਰ ਨੂੰ ਲੈ ਕੇ ਜ਼ਿੰਮੇਵਾਰੀ ਕਿਸੇ ਇੱਕ ਦੇਸ਼ ਦੀ ਨਹੀਂ, ਸਗੋਂ ਪੂਰੀ ਦੁਨੀਆ ਦੀ ਹੈ। ਮੋਦੀ ਨੇ ਇਹ ਵੀ ਕਿਹਾ ਕਿ ਭਾਰਤੀ ਪੁਲਾੜ ਖੋਜ ਸੰਗਠਨ (ISRO) ਦੀ ਤਕਨੀਕੀ ਸਮਰੱਥਾ ਅਤੇ ਵੱਖ-ਵੱਖ ਦੇਸ਼ਾਂ ਨਾਲ ਉਸ ਦੀਆਂ ਭਾਈਵਾਲੀਆਂ ਭਾਰਤ ਦੇ ਨਾਲ-ਨਾਲ ਵਿਸ਼ਵ ਭਾਈਚਾਰੇ ਲਈ ਵੀ ਲਾਭਦਾਇਕ ਸਾਬਤ ਹੋ ਰਹੀਆਂ ਹਨ।

ਉਨ੍ਹਾਂ ISRO ਦੀਆਂ ਉਪਲਬਧੀਆਂ ਪਿੱਛੇ ਭਾਰਤੀ ਵਿਗਿਆਨੀਆਂ, ਇੰਜੀਨੀਅਰਾਂ ਅਤੇ ਤਕਨੀਸ਼ੀਅਨਾਂ ਦੀਆਂ ਕਈ ਪੀੜ੍ਹੀਆਂ ਦੇ ਯੋਗਦਾਨ ਨੂੰ ਮਹੱਤਵਪੂਰਨ ਦੱਸਿਆ। ਮੋਦੀ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੇ ਸਾਲਾਂ ਤੱਕ ਲਗਾਤਾਰ ਮਿਹਨਤ ਅਤੇ ਸਮਰਪਣ ਨਾਲ ਕੰਮ ਕੀਤਾ ਅਤੇ ਇਸੇ ਕੋਸ਼ਿਸ਼ ਦੇ ਨਤੀਜੇ ਵਜੋਂ ISRO ਨੇ ਦੁਨੀਆ ਵਿੱਚ ਆਪਣੀ ਭਰੋਸੇਯੋਗ ਪਛਾਣ ਬਣਾਈ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦਾ ਪੁਲਾੜ ਪ੍ਰੋਗਰਾਮ ਸਿਰਫ਼ ਤਕਨੀਕੀ ਉਪਲਬਧੀਆਂ ਤੱਕ ਸੀਮਿਤ ਨਹੀਂ ਹੈ, ਸਗੋਂ ਇਸ ਦਾ ਉਦੇਸ਼ ਵਿਸ਼ਵ ਪੱਧਰ ’ਤੇ ਸਹਿਯੋਗ ਅਤੇ ਸਾਂਝੀ ਤਰੱਕੀ ਨੂੰ ਉਤਸ਼ਾਹਿਤ ਕਰਨਾ ਵੀ ਹੈ। ਉਨ੍ਹਾਂ ਅੰਤਰਰਾਸ਼ਟਰੀ ਭਾਈਚਾਰੇ ਨੂੰ ਭਾਰਤ ਨਾਲ ਮਿਲ ਕੇ ਅਗਲੀ ਪੀੜ੍ਹੀ ਦੀ ਪੁਲਾੜ ਖੋਜ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਅੱਗੇ ਵਧਣ ਦਾ ਸੱਦਾ ਦਿੱਤਾ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.