Last Updated: November 18, 2026

Dainik Savera Times Logo

QUAD Summit: ਕਵਾਡ ਭਾਰਤ ਲਈ ਭਰੋਸੇਯੋਗ ਸਾਂਝੇਦਾਰੀ: ਟਰੰਪ ਸਮੇਤ ਚਾਰ ਦੇਸ਼ਾਂ ਦੇ ਆਗੂਆਂ ਨਾਲ PM ਮੋਦੀ ਦੀ ਅਹਿਮ ਬੈਠਕ

17 November 2026 ਅੱਪਡੇਟ ਕੀਤਾ ਗਿਆ

QUAD Summit: ਕਵਾਡ ਭਾਰਤ ਲਈ ਭਰੋਸੇਯੋਗ ਸਾਂਝੇਦਾਰੀ: ਟਰੰਪ ਸਮੇਤ ਚਾਰ ਦੇਸ਼ਾਂ ਦੇ ਆਗੂਆਂ ਨਾਲ PM ਮੋਦੀ ਦੀ ਅਹਿਮ ਬੈਠਕ

QUAD Summit: ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ਵਿੱਚ ਮੰਗਲਵਾਰ ਨੂੰ ਕਵਾਡ ਆਗੂਆਂ ਦੇ ਸਿਖਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸਮੂਹ ਨੂੰ ਭਾਰਤ ਲਈ ਰਚਨਾਤਮਕ ਅਤੇ ਭਰੋਸੇਯੋਗ ਸਾਂਝੇਦਾਰੀ ਕਰਾਰ ਦਿੱਤਾ। ਉਨ੍ਹਾਂ ਉਮੀਦ ਜਤਾਈ ਕਿ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼, ਜਾਪਾਨ ਦੀ ਪ੍ਰਧਾਨ ਮੰਤਰੀ ਸਾਨੇ ਤਾਕਾਈਚੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਹੋਣ ਵਾਲੀ ਇਹ ਬੈਠਕ ਕਵਾਡ ਸਹਿਯੋਗ ਦੇ ਅਗਲੇ ਪੜਾਅ ਲਈ ਠੋਸ ਟੀਚੇ ਤੈਅ ਕਰਨ ਵਿੱਚ ਮਦਦਗਾਰ ਸਾਬਤ ਹੋਵੇਗੀ।

ਇਸ ਅਹਿਮ ਮੀਟਿੰਗ ਵਿੱਚ ਚਾਰਾਂ ਦੇਸ਼ਾਂ ਦੇ ਮੁਖੀਆਂ ਤੋਂ ਇਲਾਵਾ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ, ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੇ। ਪ੍ਰਧਾਨ ਮੰਤਰੀ ਮੋਦੀ ਨੇ ਦੱਸਿਆ ਕਿ ਪਿਛਲੇ ਸਾਲ ਜਨਵਰੀ ਤੋਂ ਹੁਣ ਤੱਕ ਕਵਾਡ ਦੇਸ਼ਾਂ ਦੇ ਵਿਦੇਸ਼ ਮੰਤਰੀ ਪੰਜ ਵਾਰ ਮੁਲਾਕਾਤ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹ ਮੀਟਿੰਗਾਂ ਚਾਰਾਂ ਦੇਸ਼ਾਂ ਦੀ ਸਿਆਸੀ ਇੱਛਾ-ਸ਼ਕਤੀ ਅਤੇ ਆਪਸੀ ਸਾਂਝ ਨੂੰ ਅੱਗੇ ਵਧਾਉਣ ਦੀ ਵਚਨਬੱਧਤਾ ਦਰਸਾਉਂਦੀਆਂ ਹਨ।

ਮੋਦੀ ਨੇ ਮਨੀਲਾ ਅਤੇ ਕਵਾਡ ਵਿਚਾਲੇ ਪੁਰਾਣੇ ਸਬੰਧਾਂ ਨੂੰ ਯਾਦ ਕਰਦਿਆਂ ਕਿਹਾ ਕਿ ਸਾਲ 2007 ਵਿੱਚ ਚਾਰਾਂ ਦੇਸ਼ਾਂ ਦੇ ਅਧਿਕਾਰੀਆਂ ਦੀ ਪਹਿਲੀ ਮੁਲਾਕਾਤ ਇਸੇ ਸ਼ਹਿਰ ਵਿੱਚ ਹੋਈ ਸੀ। ਇਸ ਤੋਂ ਲਗਭਗ ਦਸ ਸਾਲ ਬਾਅਦ 2017 ਵਿੱਚ ਵੀ ਮਨੀਲਾ ਤੋਂ ਹੀ ਚਾਰਾਂ ਦੇਸ਼ਾਂ ਵਿਚਾਲੇ ਗੱਲਬਾਤ ਦਾ ਸਿਲਸਿਲਾ ਮੁੜ ਸ਼ੁਰੂ ਹੋਇਆ ਸੀ। ਉਨ੍ਹਾਂ ਅਨੁਸਾਰ, ਇਸ ਇਤਿਹਾਸਕ ਸ਼ਹਿਰ ਵਿੱਚ ਇੱਕ ਵਾਰ ਫਿਰ ਕਵਾਡ ਆਗੂਆਂ ਦਾ ਇਕੱਠੇ ਹੋਣਾ ਸਾਂਝੇਦਾਰੀ ਲਈ ਅਹਿਮ ਮੌਕਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕਵਾਡ ਦਾ ਮਕਸਦ ਸਿਰਫ਼ ਬੈਠਕਾਂ ਤੱਕ ਸੀਮਤ ਨਹੀਂ, ਸਗੋਂ ਵੱਖ-ਵੱਖ ਖੇਤਰਾਂ ਵਿੱਚ ਭਰੋਸੇਯੋਗ ਹੱਲ ਮੁਹੱਈਆ ਕਰਵਾਉਣਾ ਵੀ ਹੈ। ਇਸ ਤਹਿਤ ਸਮੁੰਦਰੀ ਸੁਰੱਖਿਆ, ਸਪਲਾਈ ਚੇਨ ਨੂੰ ਮਜ਼ਬੂਤ ਬਣਾਉਣ, ਨਵੀਆਂ ਤਕਨੀਕਾਂ ਨੂੰ ਉਤਸ਼ਾਹਿਤ ਕਰਨ ਅਤੇ ਕੁਦਰਤੀ ਆਫ਼ਤਾਂ ਦੌਰਾਨ ਰਾਹਤ ਕਾਰਜਾਂ ਵਰਗੇ ਮੁੱਦਿਆਂ ‘ਤੇ ਚਾਰਾਂ ਦੇਸ਼ ਮਿਲ ਕੇ ਕੰਮ ਕਰ ਰਹੇ ਹਨ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਮਨੀਲਾ ਵਿੱਚ ਹੋਣ ਵਾਲੀ ਗੱਲਬਾਤ ਨਾਲ ਸਹਿਯੋਗ ਦੇ ਨਵੇਂ ਟੀਚਿਆਂ ਨੂੰ ਦਿਸ਼ਾ ਮਿਲੇਗੀ।

ਕਵਾਡ ਚਾਰ ਦੇਸ਼ਾਂ ਭਾਰਤ, ਅਮਰੀਕਾ, ਜਾਪਾਨ ਅਤੇ ਆਸਟ੍ਰੇਲੀਆ ਦਾ ਸਮੂਹ ਹੈ। ਇਸ ਦਾ ਮੁੱਖ ਉਦੇਸ਼ ਆਪਸੀ ਸਹਿਯੋਗ ਰਾਹੀਂ ਖੁੱਲ੍ਹੇ, ਆਜ਼ਾਦ, ਸਮਾਵੇਸ਼ੀ, ਖੁਸ਼ਹਾਲ ਅਤੇ ਸਥਿਰ ਹਿੰਦ-ਪ੍ਰਸ਼ਾਂਤ ਖੇਤਰ ਨੂੰ ਉਤਸ਼ਾਹਿਤ ਕਰਨਾ ਹੈ। ਇਹ ਸਮੂਹ ਵਿਸ਼ਵ ਪੱਧਰ ‘ਤੇ ਸਾਂਝੇ ਹਿੱਤਾਂ ਅਤੇ ਭਲਾਈ ਲਈ ਵੀ ਕੰਮ ਕਰਦਾ ਹੈ।

ਕਵਾਡ ਸਹਿਯੋਗ ਦੀ ਸ਼ੁਰੂਆਤ ਸਾਲ 2004 ਵਿੱਚ ਹਿੰਦ ਮਹਾਸਾਗਰ ਖੇਤਰ ਵਿੱਚ ਆਈ ਸੁਨਾਮੀ ਤੋਂ ਬਾਅਦ ਹੋਈ ਸੀ। ਉਸ ਸਮੇਂ ਭਾਰਤ, ਅਮਰੀਕਾ, ਜਾਪਾਨ ਅਤੇ ਆਸਟ੍ਰੇਲੀਆ ਨੇ ਪ੍ਰਭਾਵਿਤ ਦੇਸ਼ਾਂ ਤੱਕ ਰਾਹਤ ਅਤੇ ਸਹਾਇਤਾ ਪਹੁੰਚਾਉਣ ਲਈ ਆਪਸੀ ਤਾਲਮੇਲ ਬਣਾਇਆ ਸੀ। ਸਮੇਂ ਦੇ ਨਾਲ ਇਹ ਸਹਿਯੋਗ ਹੋਰ ਵਿਆਪਕ ਹੋਇਆ ਅਤੇ ਇੱਕ ਮਹੱਤਵਪੂਰਨ ਰਣਨੀਤਕ ਸਾਂਝੇਦਾਰੀ ਦਾ ਰੂਪ ਧਾਰ ਗਿਆ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.