Last Updated: November 22, 2026

Dainik Savera Times Logo

Nitish Setu: PM ਮੋਦੀ ਨੇ ਕੀਤਾ ‘ਨੀਤੀਸ਼ ਸੇਤੂ’ ਦਾ ਉਦਘਾਟਨ, ਉੱਤਰੀ ਅਤੇ ਦੱਖਣੀ ਬਿਹਾਰ ਵਿਚਾਲੇ ਆਵਾਜਾਈ ਹੋਵੇਗੀ ਆਸਾਨ

21 November 2026 ਅੱਪਡੇਟ ਕੀਤਾ ਗਿਆ

Nitish Setu: PM ਮੋਦੀ ਨੇ ਕੀਤਾ ‘ਨੀਤੀਸ਼ ਸੇਤੂ’ ਦਾ ਉਦਘਾਟਨ, ਉੱਤਰੀ ਅਤੇ ਦੱਖਣੀ ਬਿਹਾਰ ਵਿਚਾਲੇ ਆਵਾਜਾਈ ਹੋਵੇਗੀ ਆਸਾਨ

Nitish Setu Bridge: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ਵਿੱਚ ਗੰਗਾ ਨਦੀ ’ਤੇ ਬਣੇ ਕੱਚੀ ਦਰਗਾਹ-ਬਿਦੁਪੁਰ ਛੇ ਮਾਰਗੀ ਪੁਲ ‘ਨੀਤੀਸ਼ ਸੇਤੂ’ ਦਾ ਉਦਘਾਟਨ ਕੀਤਾ। ਲਗਭਗ 4,280 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਇਸ ਪੁਲ ਨੂੰ ਉਨ੍ਹਾਂ ਨੇ ਰਿਬਨ ਕੱਟ ਕੇ ਦੇਸ਼ ਨੂੰ ਸਮਰਪਿਤ ਕੀਤਾ। ਇਸ ਮੌਕੇ ਬਿਹਾਰ ਦੇ ਮੁੱਖ ਮੰਤਰੀ ਸਮਰਾਟ ਚੌਧਰੀ, ਕੇਂਦਰੀ ਮੰਤਰੀ ਚਿਰਾਗ ਪਾਸਵਾਨ ਅਤੇ ਉਪ ਮੁੱਖ ਮੰਤਰੀ ਵਿਜੇ ਕੁਮਾਰ ਚੌਧਰੀ ਸਮੇਤ ਕਈ ਆਗੂ ਮੌਜੂਦ ਰਹੇ।

ਉਦਘਾਟਨ ਸਮਾਰੋਹ ਦੌਰਾਨ ਪੁਲ ਦੇ ਹੇਠਾਂ ਵੱਡੀ ਗਿਣਤੀ ਵਿੱਚ ਲੋਕ ਪ੍ਰਧਾਨ ਮੰਤਰੀ ਦੀ ਇੱਕ ਝਲਕ ਦੇਖਣ ਲਈ ਇਕੱਠੇ ਹੋਏ ਸਨ। ਲੋਕਾਂ ਦੇ ਉਤਸ਼ਾਹ ਨੂੰ ਦੇਖਦਿਆਂ ਪ੍ਰਧਾਨ ਮੰਤਰੀ ਨੇ ਵੀ ਹੱਥ ਵਿੱਚ ਗਮਛਾ ਲੈ ਕੇ ਉਸ ਨੂੰ ਲਹਿਰਾਇਆ ਅਤੇ ਉੱਥੇ ਮੌਜੂਦ ਲੋਕਾਂ ਦਾ ਸਵਾਗਤ ਸਵੀਕਾਰ ਕੀਤਾ। ਇਸ ਦੌਰਾਨ ਮੌਕੇ ’ਤੇ ਕਾਫ਼ੀ ਉਤਸ਼ਾਹਪੂਰਨ ਮਾਹੌਲ ਦੇਖਣ ਨੂੰ ਮਿਲਿਆ।

ਇਹ ਐਕਸਟ੍ਰਾਡੋਜ਼ਡ ਕੇਬਲ-ਸਟੇ ਬ੍ਰਿਜ ਗੰਗਾ ਨਦੀ ’ਤੇ ਬਣਾਇਆ ਗਿਆ ਹੈ। 19.7 ਕਿਲੋਮੀਟਰ ਲੰਬੀ ਇਸ ਯੋਜਨਾ ਵਿੱਚ 9.7 ਕਿਲੋਮੀਟਰ ਦਾ ਮੁੱਖ ਪੁਲ ਅਤੇ 10 ਕਿਲੋਮੀਟਰ ਲੰਬੀਆਂ ਸੰਪਰਕ ਸੜਕਾਂ ਸ਼ਾਮਲ ਹਨ। ਇਹ ਪੁਲ ਪਟਨਾ ਜ਼ਿਲ੍ਹੇ ਦੇ ਰਾਸ਼ਟਰੀ ਰਾਜਮਾਰਗ-22 ’ਤੇ ਸਥਿਤ ਕੱਚੀ ਦਰਗਾਹ ਨੂੰ ਵੈਸ਼ਾਲੀ ਜ਼ਿਲ੍ਹੇ ਦੇ ਰਾਸ਼ਟਰੀ ਰਾਜਮਾਰਗ-322 ਨਾਲ ਜੁੜੇ ਬਿਦੁਪੁਰ ਤੱਕ ਜੋੜਦਾ ਹੈ।

ਨੀਤੀਸ਼ ਸੇਤੂ ਦੇ ਸ਼ੁਰੂ ਹੋਣ ਨਾਲ ਗੰਗਾ ਨਦੀ ਪਾਰ ਕਰਨ ਲਈ ਲੋਕਾਂ ਨੂੰ ਇੱਕ ਹੋਰ ਰਸਤਾ ਮਿਲੇਗਾ। ਇਸ ਨਾਲ ਮਹਾਤਮਾ ਗਾਂਧੀ ਸੇਤੂ ਅਤੇ ਜੇਪੀ ਸੇਤੂ ’ਤੇ ਵਾਹਨਾਂ ਦਾ ਦਬਾਅ ਘਟਾਉਣ ਵਿੱਚ ਮਦਦ ਮਿਲੇਗੀ। ਇਸ ਤੋਂ ਇਲਾਵਾ ਉੱਤਰੀ ਅਤੇ ਦੱਖਣੀ ਬਿਹਾਰ ਵਿਚਕਾਰ ਸਫ਼ਰ ਦਾ ਸਮਾਂ ਵੀ ਘੱਟ ਹੋਣ ਦੀ ਉਮੀਦ ਹੈ। ਖ਼ਾਸ ਤੌਰ ’ਤੇ ਰਾਘੋਪੁਰ ਦਿਆਰਾ ਦੇ ਵਸਨੀਕਾਂ ਨੂੰ ਇਸ ਪੁਲ ਦਾ ਵੱਡਾ ਫਾਇਦਾ ਮਿਲ ਸਕਦਾ ਹੈ, ਕਿਉਂਕਿ ਉਨ੍ਹਾਂ ਲਈ ਪਟਨਾ ਪਹੁੰਚਣਾ ਆਸਾਨ ਹੋਵੇਗਾ ਅਤੇ ਸਿਹਤ, ਸਿੱਖਿਆ ਸਮੇਤ ਹੋਰ ਜ਼ਰੂਰੀ ਸਹੂਲਤਾਂ ਤੱਕ ਪਹੁੰਚ ਸੁਖਾਲੀ ਬਣੇਗੀ।

ਇਸ ਪ੍ਰਾਜੈਕਟ ਨਾਲ ਖੇਤੀਬਾੜੀ ਉਤਪਾਦਾਂ ਅਤੇ ਉਦਯੋਗਿਕ ਸਾਮਾਨ ਦੀ ਢੋਆ-ਢੁਆਈ ਵੀ ਆਸਾਨ ਹੋਵੇਗੀ। ਕਿਸਾਨਾਂ ਅਤੇ ਵਪਾਰੀਆਂ ਨੂੰ ਆਪਣੇ ਉਤਪਾਦ ਬਾਜ਼ਾਰਾਂ ਤੱਕ ਪਹੁੰਚਾਉਣ ਵਿੱਚ ਸਹੂਲਤ ਮਿਲੇਗੀ, ਜਿਸ ਨਾਲ ਇਲਾਕੇ ਵਿੱਚ ਵਪਾਰਕ ਸਰਗਰਮੀਆਂ ਨੂੰ ਹੁਲਾਰਾ ਮਿਲਣ ਦੀ ਸੰਭਾਵਨਾ ਹੈ। ਬਿਹਤਰ ਸੜਕੀ ਸੰਪਰਕ ਬਿਹਾਰ ਦੇ ਆਰਥਿਕ ਵਿਕਾਸ ਨੂੰ ਵੀ ਗਤੀ ਦੇ ਸਕਦਾ ਹੈ।

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਟਨਾ ਹਵਾਈ ਅੱਡੇ ਪਹੁੰਚੇ ਸਨ, ਜਿੱਥੇ ਜਨਤਾ ਦਲ (ਯੂਨਾਈਟਿਡ) ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਨੀਤੀਸ਼ ਕੁਮਾਰ ਸਮੇਤ ਕਈ ਆਗੂਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਹਵਾਈ ਅੱਡੇ ਤੋਂ ਪ੍ਰਧਾਨ ਮੰਤਰੀ ਵੈਸ਼ਾਲੀ ਲਈ ਰਵਾਨਾ ਹੋਏ, ਜਿੱਥੇ ਉਨ੍ਹਾਂ ਨੇ ਨੀਤੀਸ਼ ਸੇਤੂ ਦਾ ਉਦਘਾਟਨ ਕਰਕੇ ਇਸ ਨੂੰ ਲੋਕਾਂ ਨੂੰ ਸਮਰਪਿਤ ਕੀਤਾ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.