
Panama Earthquake: ਮੱਧ ਅਮਰੀਕੀ ਦੇਸ਼ ਪਨਾਮਾ ਵਿੱਚ ਲਗਾਤਾਰ ਭੂਚਾਲ ਦੇ ਝਟਕਿਆਂ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਤਿੰਨ ਦਿਨ ਪਹਿਲਾਂ ਆਏ ਦੋ ਸ਼ਕਤੀਸ਼ਾਲੀ ਭੂਚਾਲਾਂ ਤੋਂ ਬਾਅਦ ਮੰਗਲਵਾਰ ਤੜਕੇ ਇੱਕ ਵਾਰ ਫਿਰ ਧਰਤੀ ਕੰਬ ਗਈ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਮੁਤਾਬਕ, ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ’ਤੇ 6.1 ਦਰਜ ਕੀਤੀ ਗਈ ਅਤੇ ਇਸ ਦਾ ਕੇਂਦਰ ਜ਼ਮੀਨ ਤੋਂ 10 ਕਿਲੋਮੀਟਰ ਦੀ ਡੂੰਘਾਈ ’ਤੇ ਸੀ।
ਮੰਗਲਵਾਰ ਸਵੇਰੇ ਭਾਰਤੀ ਸਮੇਂ ਅਨੁਸਾਰ ਲਗਭਗ 4:50 ਵਜੇ ਆਏ ਝਟਕਿਆਂ ਨੇ ਲੋਕਾਂ ਨੂੰ ਘਰਾਂ ਵਿੱਚੋਂ ਬਾਹਰ ਨਿਕਲਣ ਲਈ ਮਜਬੂਰ ਕਰ ਦਿੱਤਾ। ਭੂਚਾਲ ਕਾਰਨ ਸੜਕਾਂ ਅਤੇ ਇਮਾਰਤਾਂ ਨੂੰ ਨੁਕਸਾਨ ਪਹੁੰਚਣ ਦੀਆਂ ਖ਼ਬਰਾਂ ਸਾਹਮਣੇ ਆਈਆਂ। ਝਟਕੇ ਮਹਿਸੂਸ ਹੁੰਦੇ ਹੀ ਲੋਕ ਆਪਣੀ ਸੁਰੱਖਿਆ ਲਈ ਖੁੱਲ੍ਹੀਆਂ ਥਾਵਾਂ ਵੱਲ ਭੱਜੇ।
ਇਸ ਤੋਂ ਪਹਿਲਾਂ ਸ਼ੁੱਕਰਵਾਰ ਦੇਰ ਰਾਤ ਅਤੇ ਸ਼ਨੀਵਾਰ ਤੜਕੇ ਵੀ ਪਨਾਮਾ ਵਿੱਚ ਦੋ ਵੱਡੇ ਭੂਚਾਲ ਆਏ ਸਨ। ਇਨ੍ਹਾਂ ਦੀ ਤੀਬਰਤਾ ਕ੍ਰਮਵਾਰ 7.7 ਅਤੇ 6.6 ਦਰਜ ਕੀਤੀ ਗਈ ਸੀ। ਅਮਰੀਕੀ ਭੂ-ਵਿਗਿਆਨ ਸਰਵੇਖਣ ਮੁਤਾਬਕ, ਸ਼ੁੱਕਰਵਾਰ ਸਵੇਰੇ ਪਨਾਮਾ ਦੇ ਦੱਖਣੀ ਸਿਰੇ ਨੇੜੇ 7.7 ਤੀਬਰਤਾ ਦਾ ਭੂਚਾਲ ਆਇਆ, ਜਿਸ ਦੇ ਝਟਕੇ ਰਾਜਧਾਨੀ ਪਨਾਮਾ ਸਿਟੀ ਤੱਕ ਮਹਿਸੂਸ ਕੀਤੇ ਗਏ। ਇਸ ਤੋਂ ਬਾਅਦ ਕਈ ਹੋਰ ਝਟਕੇ ਵੀ ਆਏ ਅਤੇ ਫਿਰ 6.6 ਤੀਬਰਤਾ ਦਾ ਇੱਕ ਹੋਰ ਸ਼ਕਤੀਸ਼ਾਲੀ ਭੂਚਾਲ ਆਇਆ।
ਲਗਾਤਾਰ ਆ ਰਹੇ ਭੂਚਾਲਾਂ ਕਾਰਨ ਪਨਾਮਾ ਸਿਟੀ ਸਮੇਤ ਕਈ ਇਲਾਕਿਆਂ ਵਿੱਚ ਲੋਕ ਸਹਿਮੇ ਹੋਏ ਹਨ। ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਅਤੇ ਘਰਾਂ ਦੀਆਂ ਕੰਧਾਂ ਵਿੱਚ ਤਰੇੜਾਂ ਪੈਣ ਦੀਆਂ ਰਿਪੋਰਟਾਂ ਹਨ। ਡਰ ਕਾਰਨ ਲੋਕ ਰਾਤ ਭਰ ਘਰਾਂ ਤੋਂ ਬਾਹਰ ਖੁੱਲ੍ਹੀਆਂ ਥਾਵਾਂ ’ਤੇ ਰਹੇ। ਲੋਕ ਸਵੇਰ ਤੱਕ ਹਾਲਾਤ ਬਾਰੇ ਹੋਰ ਜਾਣਕਾਰੀ ਮਿਲਣ ਦੀ ਉਡੀਕ ਕਰਦੇ ਰਹੇ ਅਤੇ ਇਮਾਰਤਾਂ ਅੰਦਰ ਵਾਪਸ ਜਾਣ ਤੋਂ ਵੀ ਝਿਜਕਦੇ ਰਹੇ।
ਭੂਚਾਲ ਕਾਰਨ ਪੈਦਾ ਹੋਈ ਸਥਿਤੀ ਨਾਲ ਨਜਿੱਠਣ ਅਤੇ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਪਨਾਮਾ ਸਰਕਾਰ ਨੇ ਦੇਸ਼ ਵਿੱਚ ਐਮਰਜੈਂਸੀ ਦਾ ਐਲਾਨ ਕੀਤਾ ਸੀ। ਸਰਕਾਰ ਵੱਲੋਂ ਰਾਹਤ ਅਤੇ ਬਚਾਅ ਕਾਰਜ ਤੇਜ਼ ਕਰਨ ਦੇ ਨਾਲ-ਨਾਲ ਪ੍ਰਭਾਵਿਤ ਭਾਈਚਾਰਿਆਂ ਤੱਕ ਸਹਾਇਤਾ ਪਹੁੰਚਾਉਣ ਦੇ ਯਤਨ ਕੀਤੇ ਗਏ। ਲਗਾਤਾਰ ਝਟਕਿਆਂ ਨੇ ਲੋਕਾਂ ਦੀ ਚਿੰਤਾ ਹੋਰ ਵਧਾ ਦਿੱਤੀ ਹੈ।
ਪਨਾਮਾ ਵਿੱਚ ਆਏ ਭੂਚਾਲ ਤੋਂ ਬਾਅਦ ਭਾਰਤ ਨੇ ਵੀ ਉੱਥੋਂ ਦੀ ਸਰਕਾਰ ਅਤੇ ਲੋਕਾਂ ਨਾਲ ਇਕਜੁੱਟਤਾ ਪ੍ਰਗਟਾਈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਭਾਰਤ ਇਸ ਮੁਸ਼ਕਲ ਘੜੀ ਵਿੱਚ ਪਨਾਮਾ ਦੇ ਨਾਲ ਖੜ੍ਹਾ ਹੈ। ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਲਿਖਿਆ ਕਿ ਭਾਰਤ ਦੀਆਂ ਸੰਵੇਦਨਾਵਾਂ ਅਤੇ ਪ੍ਰਾਰਥਨਾਵਾਂ ਭੂਚਾਲ ਨਾਲ ਪ੍ਰਭਾਵਿਤ ਲੋਕਾਂ, ਜ਼ਖ਼ਮੀਆਂ ਅਤੇ ਨੁਕਸਾਨ ਝੱਲਣ ਵਾਲੇ ਪਰਿਵਾਰਾਂ ਦੇ ਨਾਲ ਹਨ।
मेष: दिन शुभ रहेगा...