skip to content

Last Updated: October 13, 2026

Dainik Savera Times Logo

Economics Nobel: ਰੌਬਰਟ ਈ. ਹਾਲ ਅਤੇ ਮਾਈਕਲ ਵੁੱਡਫੋਰਡ ਨੂੰ ਮਿਲਿਆ ਅਰਥਸ਼ਾਸਤਰ ਦਾ ਨੋਬਲ ਪੁਰਸਕਾਰ, ਮੰਦੀ ਨਾਲ ਨਜਿੱਠਣ ਦਾ ਮਾਡਲ ਬਣਾਉਣ ਲਈ ਕੀਤਾ ਗਿਆ ਸਨਮਾਨਿਤ

6 hours ਪਹਿਲਾ

Economics Nobel: ਰੌਬਰਟ ਈ. ਹਾਲ ਅਤੇ ਮਾਈਕਲ ਵੁੱਡਫੋਰਡ ਨੂੰ ਮਿਲਿਆ ਅਰਥਸ਼ਾਸਤਰ ਦਾ ਨੋਬਲ ਪੁਰਸਕਾਰ, ਮੰਦੀ ਨਾਲ ਨਜਿੱਠਣ ਦਾ ਮਾਡਲ ਬਣਾਉਣ ਲਈ ਕੀਤਾ ਗਿਆ ਸਨਮਾਨਿਤ

Economics Nobel: ਇਸ ਸਾਲ ਅਰਥਸ਼ਾਸਤਰ ਦਾ ਨੋਬਲ ਪੁਰਸਕਾਰ ਦੋ ਅਮਰੀਕੀ ਅਰਥਸ਼ਾਸਤਰੀਆਂ ਰੌਬਰਟ ਈ. ਹਾਲ ਅਤੇ ਮਾਈਕਲ ਵੁੱਡਫੋਰਡ ਨੂੰ ਦਿੱਤਾ ਗਿਆ ਹੈ। ਰਾਇਲ ਸਵੀਡਿਸ਼ ਅਕੈਡਮੀ ਆਫ਼ ਸਾਇੰਸਿਜ਼ ਨੇ ਸੋਮਵਾਰ ਨੂੰ ਇਸ ਦਾ ਐਲਾਨ ਕੀਤਾ। ਰੌਬਰਟ ਈ. ਹਾਲ ਸਟੈਨਫੋਰਡ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਹਨ, ਜਦਕਿ ਮਾਈਕਲ ਵੁੱਡਫੋਰਡ ਕੋਲੰਬੀਆ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾ ਰਹੇ ਹਨ।

ਦੋਵਾਂ ਅਰਥਸ਼ਾਸਤਰੀਆਂ ਨੂੰ ਇਹ ਸਨਮਾਨ ਆਰਥਿਕ ਮੰਦੀ ਅਤੇ ਤੇਜ਼ੀ ਦੇ ਦੌਰਾਨ ਅਰਥਵਿਵਸਥਾ ਨੂੰ ਸਥਿਰ ਰੱਖਣ ਵਾਲੀਆਂ ਨੀਤੀਆਂ ਲਈ ਸੂਖਮ ਆਰਥਿਕ ਆਧਾਰ ਵਿਕਸਿਤ ਕਰਨ ਦੇ ਕੰਮ ਵਾਸਤੇ ਦਿੱਤਾ ਗਿਆ ਹੈ। ਪੁਰਸਕਾਰ ਦਾ ਐਲਾਨ ਕਰਦਿਆਂ ਰਾਇਲ ਸਵੀਡਿਸ਼ ਅਕੈਡਮੀ ਨੇ ਕਿਹਾ ਕਿ ਉਨ੍ਹਾਂ ਨੇ ਦਿਖਾਇਆ ਕਿ ਆਰਥਿਕ ਮਾਡਲਾਂ ਨੂੰ ਮੁੜ ਤਿਆਰ ਕਰਕੇ ਆਰਥਿਕ ਸਥਿਰਤਾ ਨਾਲ ਜੁੜੀਆਂ ਨੀਤੀਆਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾ ਸਕਦਾ ਹੈ।

ਆਮ ਤੌਰ ’ਤੇ ਮਹਿੰਗਾਈ, ਉਤਪਾਦਨ ਅਤੇ ਖਪਤ ਵਰਗੇ ਵੱਡੇ ਆਰਥਿਕ ਸੰਕੇਤਕਾਂ ਦੇ ਅੰਕੜਿਆਂ ਵਿਚਕਾਰ ਸਬੰਧਾਂ ਦੇ ਆਧਾਰ ’ਤੇ ਮਾਡਲ ਤਿਆਰ ਕੀਤੇ ਜਾਂਦੇ ਹਨ। ਪਰ ਹਾਲ ਅਤੇ ਵੁੱਡਫੋਰਡ ਨੇ ਇਨ੍ਹਾਂ ਮਾਡਲਾਂ ਲਈ ਸੂਖਮ ਆਰਥਿਕ ਆਧਾਰ ਨੂੰ ਮਹੱਤਵ ਦਿੱਤਾ। ਇਸ ਵਿੱਚ ਇਹ ਸਮਝਣਾ ਸ਼ਾਮਲ ਹੈ ਕਿ ਵਿਅਕਤੀਗਤ ਪਰਿਵਾਰਾਂ ਅਤੇ ਕਾਰੋਬਾਰਾਂ ਦੇ ਫ਼ੈਸਲੇ ਅਤੇ ਗਤੀਵਿਧੀਆਂ ਮਿਲ ਕੇ ਪੂਰੀ ਅਰਥਵਿਵਸਥਾ ਨੂੰ ਕਿਵੇਂ ਪ੍ਰਭਾਵਿਤ ਕਰਦੀਆਂ ਹਨ।

ਉਨ੍ਹਾਂ ਦੀ ਖੋਜ ਨੇ ਇਹ ਸਮਝਣ ਵਿੱਚ ਮਦਦ ਕੀਤੀ ਕਿ ਸਰਕਾਰਾਂ ਅਤੇ ਕੇਂਦਰੀ ਬੈਂਕ ਸਹੀ ਸਮੇਂ ’ਤੇ ਢੁੱਕਵੇਂ ਆਰਥਿਕ ਫ਼ੈਸਲੇ ਲੈ ਕੇ ਮੰਦੀ ਦੇ ਪ੍ਰਭਾਵ ਨੂੰ ਕਿਵੇਂ ਘਟਾ ਸਕਦੇ ਹਨ। ਦੋਵਾਂ ਜੇਤੂਆਂ ਨੂੰ ਕੁੱਲ 1.2 ਕਰੋੜ ਸਵੀਡਿਸ਼ ਕਰੋਨਾ ਦੀ ਇਨਾਮੀ ਰਾਸ਼ੀ ਮਿਲੇਗੀ, ਜਿਸ ਨੂੰ ਉਨ੍ਹਾਂ ਵਿਚਕਾਰ ਬਰਾਬਰ ਵੰਡਿਆ ਜਾਵੇਗਾ। ਭਾਰਤੀ ਕਰੰਸੀ ਵਿੱਚ ਇਹ ਰਕਮ ਲਗਭਗ 11 ਕਰੋੜ ਰੁਪਏ ਬਣਦੀ ਹੈ।

ਜ਼ਿਕਰਯੋਗ ਹੈ ਕਿ ਅਰਥਸ਼ਾਸਤਰ ਦਾ ਨੋਬਲ ਪੁਰਸਕਾਰ ਅਲਫ੍ਰੇਡ ਨੋਬਲ ਦੀ ਮੂਲ ਵਸੀਅਤ ਵਿੱਚ ਸ਼ਾਮਲ ਨਹੀਂ ਸੀ। ਸਵੀਡਨ ਦੇ ਕੇਂਦਰੀ ਬੈਂਕ ਨੇ 1968 ਵਿੱਚ ਇਸ ਪੁਰਸਕਾਰ ਦੀ ਸ਼ੁਰੂਆਤ ਕੀਤੀ ਸੀ। ਇਸ ਦਾ ਅਧਿਕਾਰਤ ਨਾਮ ‘ਅਲਫ੍ਰੇਡ ਨੋਬਲ ਦੀ ਯਾਦ ਵਿੱਚ ਆਰਥਿਕ ਵਿਗਿਆਨ ਲਈ ਸਵੇਰਿਗਸ ਰਿਕਸਬੈਂਕ ਪੁਰਸਕਾਰ’ ਹੈ। 1969 ਵਿੱਚ ਇਹ ਪੁਰਸਕਾਰ ਨਾਰਵੇ ਦੇ ਰੈਗਨਾਰ ਫ੍ਰਿਸ਼ ਅਤੇ ਨੀਦਰਲੈਂਡ ਦੇ ਜਾਨ ਟਿਨਬਰਗਨ ਨੂੰ ਗਤੀਸ਼ੀਲ ਆਰਥਿਕ ਮਾਡਲਿੰਗ ਵਿੱਚ ਉਨ੍ਹਾਂ ਦੇ ਕੰਮ ਲਈ ਦਿੱਤਾ ਗਿਆ ਸੀ। ਨੋਬਲ ਪੁਰਸਕਾਰ ਸਵੀਡਿਸ਼ ਵਿਗਿਆਨੀ ਅਤੇ ਡਾਇਨਾਮਾਈਟ ਦੇ ਖੋਜੀ ਅਲਫ੍ਰੇਡ ਨੋਬਲ ਦੀ ਯਾਦ ਵਿੱਚ ਦਿੱਤੇ ਜਾਂਦੇ ਹਨ ਅਤੇ 1901 ਤੋਂ ਵਿਸ਼ਵ ਯੁੱਧਾਂ ਦੌਰਾਨ ਕੁਝ ਅਪਵਾਦਾਂ ਨੂੰ ਛੱਡ ਕੇ ਇਹ ਪੁਰਸਕਾਰ ਦਿੱਤੇ ਜਾ ਰਹੇ ਹਨ।

ਪਿਛਲੇ ਸਾਲ ਅਰਥਸ਼ਾਸਤਰ ਦਾ ਨੋਬਲ ਪੁਰਸਕਾਰ ਜੋਏਲ ਮੋਕਿਰ, ਫਿਲਿਪ ਅਘਿਓਂ ਅਤੇ ਪੀਟਰ ਹਾਵਿਟ ਨੂੰ ਨਵੀਨਤਾ ਰਾਹੀਂ ਆਰਥਿਕ ਵਿਕਾਸ ਬਾਰੇ ਖੋਜ ਲਈ ਦਿੱਤਾ ਗਿਆ ਸੀ। ਇਸ ਪੁਰਸਕਾਰ ਦਾ ਮਕਸਦ ਅਜਿਹੀ ਖੋਜ ਨੂੰ ਸਨਮਾਨਿਤ ਕਰਨਾ ਹੈ, ਜਿਸ ਨੇ ਅਰਥਵਿਵਸਥਾ ਨੂੰ ਸਮਝਣ ਜਾਂ ਉਸ ਨਾਲ ਜੁੜੇ ਫ਼ੈਸਲੇ ਲੈਣ ਦੇ ਤਰੀਕਿਆਂ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੋਵੇ। ਜੇਤੂਆਂ ਦੀ ਚੋਣ ਕਰਦੇ ਸਮੇਂ ਖੋਜ ਦੇ ਲੰਬੇ ਸਮੇਂ ਦੇ ਪ੍ਰਭਾਵ ਨੂੰ ਵੀ ਧਿਆਨ ਵਿੱਚ ਰੱਖਿਆ ਜਾਂਦਾ ਹੈ। ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਦਵਾਈ, ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਸ਼ਾਂਤੀ ਅਤੇ ਸਾਹਿਤ ਦੇ ਨੋਬਲ ਪੁਰਸਕਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਸੀ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.