Last Updated: November 26, 2026

Dainik Savera Times Logo

Nvidia: ਐਨਵੀਡੀਆ ਦਾ ਵੱਡਾ ਫੈਸਲਾ, 4 ਦੇਸ਼ਾਂ ’ਚ ਸਰਵਰ ਸਪਲਾਈ ’ਤੇ ਲਗਾਈ ਰੋਕ

26 November 2026 ਅੱਪਡੇਟ ਕੀਤਾ ਗਿਆ

Nvidia: ਐਨਵੀਡੀਆ ਦਾ ਵੱਡਾ ਫੈਸਲਾ, 4 ਦੇਸ਼ਾਂ ’ਚ ਸਰਵਰ ਸਪਲਾਈ ’ਤੇ ਲਗਾਈ ਰੋਕ

Nvidia Servers: ਇੰਟਰਨੈਸ਼ਨਲ ਡੈਸਕ: ਅਮਰੀਕੀ ਤਕਨੀਕੀ ਕੰਪਨੀ ਐਨਵੀਡੀਆ ਨੇ ਦੱਖਣ-ਪੂਰਬੀ ਏਸ਼ੀਆ ਦੇ ਚਾਰ ਦੇਸ਼ਾਂ ਵਿੱਚ ਆਪਣੇ ਸਰਵਰਾਂ ਦੀ ਸਪਲਾਈ ਰੋਕਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ਦੇਸ਼ਾਂ ਵਿੱਚ ਮਲੇਸ਼ੀਆ, ਸਿੰਗਾਪੁਰ, ਥਾਈਲੈਂਡ ਅਤੇ ਇੰਡੋਨੇਸ਼ੀਆ ਸ਼ਾਮਲ ਹਨ। ਕੰਪਨੀ ਨੇ ਆਪਣੇ ਨਿਰਮਾਣ ਭਾਈਵਾਲਾਂ ਡੈੱਲ ਅਤੇ ਸੁਪਰਮਾਈਕ੍ਰੋ ਨੂੰ ਇਨ੍ਹਾਂ ਬਾਜ਼ਾਰਾਂ ਵਿੱਚ ਸਰਵਰ ਭੇਜਣ ਤੋਂ ਫਿਲਹਾਲ ਰੋਕ ਦਿੱਤਾ ਹੈ। ਇਸ ਕਦਮ ਦੀ ਜਾਣਕਾਰੀ ਮਾਮਲੇ ਨਾਲ ਜੁੜੇ ਤਿੰਨ ਸੂਤਰਾਂ ਰਾਹੀਂ ਸਾਹਮਣੇ ਆਈ ਹੈ।

ਹਾਲਾਂਕਿ, ਅਜੇ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਸਰਵਰਾਂ ਦੀ ਸਪਲਾਈ ‘ਤੇ ਲਗਾਈ ਗਈ ਪਾਬੰਦੀ ਕੁਝ ਸਮੇਂ ਲਈ ਹੈ ਜਾਂ ਕੰਪਨੀ ਨੇ ਇਸ ਨੂੰ ਸਥਾਈ ਤੌਰ ‘ਤੇ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਐਨਵੀਡੀਆ ਦੁਨੀਆ ਦੀਆਂ ਪ੍ਰਮੁੱਖ ਕੰਪਨੀਆਂ ਵਿੱਚੋਂ ਇੱਕ ਹੈ, ਜੋ ਆਰਟੀਫਿਸ਼ੀਅਲ ਇੰਟੈਲੀਜੈਂਸ ਲਈ ਅਤਿ-ਆਧੁਨਿਕ ਚਿਪਾਂ ਤਿਆਰ ਕਰਦੀ ਹੈ। ਇਸ ਕਰਕੇ ਕੰਪਨੀ ਦੇ ਇਸ ਫੈਸਲੇ ਨੂੰ ਵਿਸ਼ਵ ਤਕਨੀਕੀ ਉਦਯੋਗ ਅਤੇ ਅੰਤਰਰਾਸ਼ਟਰੀ ਵਪਾਰ ਲਈ ਅਹਿਮ ਮੰਨਿਆ ਜਾ ਰਿਹਾ ਹੈ।

ਇਹ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਹੈ ਜਦੋਂ ਅਮਰੀਕਾ ਚੀਨ ਦੀਆਂ ਵਧਦੀਆਂ AI ਸਮਰੱਥਾਵਾਂ ਨੂੰ ਸੀਮਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਅਮਰੀਕੀ ਪ੍ਰਸ਼ਾਸਨ ਪਹਿਲਾਂ ਹੀ ਚੀਨ ਨੂੰ ਉੱਨਤ ਚਿਪਾਂ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਜੁੜੀ ਤਕਨੀਕ ਦੀ ਸਪਲਾਈ ਰੋਕਣ ਲਈ ਨਿਰਯਾਤ ਨਿਯਮ ਸਖ਼ਤ ਕਰ ਚੁੱਕਾ ਹੈ। ਅਮਰੀਕਾ ਨੂੰ ਖਦਸ਼ਾ ਹੈ ਕਿ ਦੱਖਣ-ਪੂਰਬੀ ਏਸ਼ੀਆ ਦੇ ਕੁਝ ਦੇਸ਼ਾਂ ਰਾਹੀਂ ਆਧੁਨਿਕ AI ਚਿਪਾਂ ਅਤੇ ਸਰਵਰ ਚੀਨ ਤੱਕ ਪਹੁੰਚ ਸਕਦੇ ਹਨ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਐਨਵੀਡੀਆ ਨੇ ਇਹ ਫੈਸਲਾ ਸਰਕਾਰੀ ਹੁਕਮ ਕਾਰਨ ਲਿਆ ਹੈ ਜਾਂ ਕੰਪਨੀ ਨੇ ਆਪਣੇ ਪੱਧਰ ‘ਤੇ ਇਹ ਕਦਮ ਚੁੱਕਿਆ ਹੈ।

ਇਸੇ ਦੌਰਾਨ ਅਮਰੀਕਾ ਅਤੇ ਚੀਨ ਵਿਚਾਲੇ ਵਪਾਰਕ ਤਣਾਅ ਵੀ ਜਾਰੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਚੀਨ ਸਮੇਤ ਕਈ ਦੇਸ਼ਾਂ ‘ਤੇ ਨਵੇਂ ਟੈਰਿਫ ਲਗਾਉਣ ਦੀ ਯੋਜਨਾ ਬਾਰੇ ਚੀਨ ਨੇ ਆਪਣਾ ਇਤਰਾਜ਼ ਜਤਾਇਆ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੁਓ ਜਿਆਕੁਨ ਨੇ ਕਿਹਾ ਕਿ ਦੋਵਾਂ ਦੇਸ਼ਾਂ ਨੂੰ ਬਰਾਬਰੀ, ਆਪਸੀ ਸਨਮਾਨ ਅਤੇ ਸਾਂਝੇ ਲਾਭ ਦੇ ਆਧਾਰ ‘ਤੇ ਗੱਲਬਾਤ ਕਰਕੇ ਵਪਾਰਕ ਵਿਵਾਦ ਸੁਲਝਾਉਣੇ ਚਾਹੀਦੇ ਹਨ। ਉਨ੍ਹਾਂ ਨੇ ਚੀਨ ਵਿੱਚ ਲੋੜ ਤੋਂ ਵੱਧ ਉਤਪਾਦਨ ਹੋਣ ਸਬੰਧੀ ਅਮਰੀਕੀ ਦੋਸ਼ਾਂ ਨੂੰ ਵੀ ਗਲਤ ਕਰਾਰ ਦਿੱਤਾ।

ਅਮਰੀਕੀ ਵਪਾਰ ਪ੍ਰਤੀਨਿਧੀ ਦਫ਼ਤਰ ਮੁਤਾਬਕ, ਟਰੰਪ ਪ੍ਰਸ਼ਾਸਨ ਚੀਨ ਅਤੇ ਯੂਰਪੀ ਸੰਘ ਸਮੇਤ 14 ਵਪਾਰਕ ਭਾਈਵਾਲਾਂ ਤੋਂ ਆਉਣ ਵਾਲੀਆਂ ਵਸਤਾਂ ‘ਤੇ ਨਵੇਂ ਟੈਰਿਫ ਲਗਾਉਣ ਦੀ ਯੋਜਨਾ ਬਣਾ ਰਿਹਾ ਹੈ। ਪ੍ਰਸਤਾਵ ਅਨੁਸਾਰ, ਚੀਨ ਤੋਂ ਅਮਰੀਕਾ ਪਹੁੰਚਣ ਵਾਲੇ ਸਾਮਾਨ ‘ਤੇ 20 ਫ਼ੀਸਦੀ ਵਾਧੂ ਟੈਕਸ ਲਗਾਇਆ ਜਾ ਸਕਦਾ ਹੈ। ਇਸ ਨਾਲ ਚੀਨੀ ਵਸਤਾਂ ‘ਤੇ ਕੁੱਲ ਆਯਾਤ ਡਿਊਟੀ ਲਗਭਗ 40 ਫ਼ੀਸਦੀ ਤੱਕ ਪਹੁੰਚਣ ਦੀ ਸੰਭਾਵਨਾ ਹੈ।

ਐਨਵੀਡੀਆ ਵੱਲੋਂ ਚਾਰ ਦੇਸ਼ਾਂ ਵਿੱਚ ਸਰਵਰ ਸਪਲਾਈ ਰੋਕਣ ਦੇ ਫੈਸਲੇ ਨੂੰ ਅਮਰੀਕਾ ਅਤੇ ਚੀਨ ਵਿਚਾਲੇ ਵਧ ਰਹੀ ਤਕਨੀਕੀ ਤੇ ਵਪਾਰਕ ਮੁਕਾਬਲੇਬਾਜ਼ੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਇਸ ਦਾ ਅਸਰ ਆਉਣ ਵਾਲੇ ਸਮੇਂ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਉਦਯੋਗ, ਸੈਮੀਕੰਡਕਟਰ ਕਾਰੋਬਾਰ ਅਤੇ ਵਿਸ਼ਵ ਪੱਧਰੀ ਸਪਲਾਈ ਚੇਨ ‘ਤੇ ਪੈ ਸਕਦਾ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.