
Mona Agarwal Gold Medal : ਭਾਰਤ ਨੇ 2026 ਏਸ਼ੀਅਨ ਪੈਰਾ ਖੇਡਾਂ ਵਿੱਚ ਆਪਣਾ ਪਹਿਲਾ ਸੋਨ ਤਗਮਾ ਹਾਸਲ ਕਰ ਲਿਆ ਹੈ। ਮੋਨਾ ਅਗਰਵਾਲ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਮਹਿਲਾਵਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਿਆ ; ਉਨ੍ਹਾਂ ਨੇ ਫਾਈਨਲ ਵਿੱਚ 250 ਅੰਕ ਪ੍ਰਾਪਤ ਕੀਤੇ। ਭਾਰਤ ਲਈ ਇਹ ਦੋਹਰੀ ਖੁਸ਼ੀ ਦਾ ਮੌਕਾ ਸੀ, ਕਿਉਂਕਿ ਚਾਂਦੀ ਦਾ ਤਗਮਾ ਵੀ ਇੱਕ ਭਾਰਤੀ—ਅਵਨੀ ਲੇਖਾਰਾ—ਨੇ ਜਿੱਤਿਆ, ਜਿਨ੍ਹਾਂ ਨੇ 249.6 ਅੰਕ ਪ੍ਰਾਪਤ ਕੀਤੇ।
ਇਸ ਤੋਂ ਪਹਿਲਾਂ, ਮੋਨਾ ਅਗਰਵਾਲ ਨੇ ਕੁਆਲੀਫਿਕੇਸ਼ਨ ਦੌਰ ਵਿੱਚ 629.1 ਅੰਕਾਂ ਨਾਲ ਸਿਖਰਲਾ ਸਥਾਨ ਹਾਸਲ ਕਰਕੇ ਏਸ਼ੀਅਨ ਪੈਰਾ ਖੇਡਾਂ ਦਾ ਰਿਕਾਰਡ ਬਣਾਇਆ ਸੀ, ਜਦਕਿ ਅਵਨੀ ਲੇਖਾਰਾ ਦੂਜੇ ਸਥਾਨ ‘ਤੇ ਰਹੀ ਸੀ। ਭਾਰਤੀ ਨਿਸ਼ਾਨੇਬਾਜ਼ਾਂ ਨੇ ਕੁਆਲੀਫਿਕੇਸ਼ਨ ਦੌਰ ਵਾਲਾ ਆਪਣਾ ਸ਼ਾਨਦਾਰ ਪ੍ਰਦਰਸ਼ਨ ਫਾਈਨਲ ਵਿੱਚ ਵੀ ਜਾਰੀ ਰੱਖਿਆ ਅਤੇ ਸੋਨ ਤੇ ਚਾਂਦੀ ਦੋਵੇਂ ਤਗਮੇ ਆਪਣੇ ਨਾਂ ਕੀਤੇ।
ਮੋਨਾ ਅਗਰਵਾਲ ਲਈ ਇਹ ਸੋਨ ਤਗਮਾ ਇਤਿਹਾਸਕ ਹੈ, ਕਿਉਂਕਿ ਦੂਜੇ ਪੜਾਅ ਦੀ ਦੂਜੀ ਲੜੀ ਤੋਂ ਬਾਅਦ ਉਹ ਪੰਜਵੇਂ ਸਥਾਨ ‘ਤੇ ਸੀ। ਦੂਜੇ ਪਾਸੇ, ਅਵਨੀ ਲੇਖਾਰਾ ਨੇ ਸ਼ੁਰੂ ਤੋਂ ਹੀ ਆਪਣੀ ਲੈਅ ਬਰਕਰਾਰ ਰੱਖੀ ਸੀ। ਹਾਲਾਂਕਿ, ਮੋਨਾ ਅਗਰਵਾਲ ਨੇ ਆਖਰੀ ਕੁਝ ਸ਼ਾਟਾਂ ਵਿੱਚ ਕਮਾਲ ਦਾ ਪ੍ਰਦਰਸ਼ਨ ਕੀਤਾ ਅਤੇ 250 ਅੰਕਾਂ ਤੱਕ ਪਹੁੰਚ ਕੇ ਸੋਨ ਤਗਮਾ ਜਿੱਤ ਲਿਆ। ਮੋਨਾ ਤੇ ਅਵਨੀ ਦੋਵਾਂ ਨੇ 2028 ਦੀਆਂ ਲਾਸ ਏਂਜਲਸ ਪੈਰਾਲੰਪਿਕ ਖੇਡਾਂ ਲਈ ਕੁਆਲੀਫਾਈ ਕਰ ਲਿਆ ਹੈ।
ਕੌਣ ਹੈ ਮੋਨਾ ਅਗਰਵਾਲ?
ਮੋਨਾ ਅਗਰਵਾਲ, ਜਿਸ ਨੇ 2026 ਏਸ਼ੀਅਨ ਪੈਰਾ ਖੇਡਾਂ ਵਿੱਚ ਭਾਰਤ ਲਈ ਪਹਿਲਾ ਸੋਨ ਤਗਮਾ ਜਿੱਤਿਆ, ਰਾਜਸਥਾਨ ਦੇ ਸੀਕਰ ਵਿੱਚ ਪੈਦਾ ਹੋਈ ਸੀ। ਸਿਰਫ਼ ਨੌਂ ਮਹੀਨਿਆਂ ਦੀ ਉਮਰ ਵਿੱਚ ਉਸ ਨੂੰ ਪੋਲੀਓ ਹੋ ਗਿਆ ਸੀ, ਜਿਸ ਨਾਲ ਉਸ ਦੀਆਂ ਦੋਵੇਂ ਲੱਤਾਂ ਪ੍ਰਭਾਵਿਤ ਹੋਈਆਂ। ਪੈਰਾ-ਸ਼ੂਟਿੰਗ ਵਿੱਚ ਆਉਣ ਤੋਂ ਪਹਿਲਾਂ, ਮੋਨਾ ਨੇ ਪੈਰਾ-ਐਥਲੈਟਿਕਸ, ਪੈਰਾ-ਪਾਵਰਲਿਫਟਿੰਗ ਅਤੇ ਮਹਿਲਾਵਾਂ ਦੀ ‘ਸਿਟਿੰਗ ਵਾਲੀਬਾਲ’ (ਬੈਠ ਕੇ ਖੇਡੀ ਜਾਣ ਵਾਲੀ ਵਾਲੀਬਾਲ) ਵਿੱਚ ਵੀ ਹੱਥ ਅਜ਼ਮਾਇਆ ਸੀ। ਮੋਨਾ ਅਗਰਵਾਲ 2024 ਦੀਆਂ ਪੈਰਾਲੰਪਿਕ ਖੇਡਾਂ ਵਿੱਚ ਕਾਂਸੀ ਤਗਮਾ ਜੇਤੂ ਰਹੀ ਸੀ ਅਤੇ ਇਸ ਸਾਲ ਉਸ ਨੇ ਪੈਰਾ ਸ਼ੂਟਿੰਗ ਵਿਸ਼ਵ ਚੈਂਪੀਅਨਸ਼ਿਪ ਵਿੱਚ ਵੀ ਚਾਂਦੀ ਦਾ ਤਗਮਾ ਜਿੱਤਿਆ ਸੀ।

मेष: दिन शुभ रहेगा...