skip to content

Last Updated: November 6, 2026

Dainik Savera Times Logo

Moga Cyber Cafe Rules: ਮੋਗਾ ‘ਚ ਸਾਈਬਰ ਕੈਫੇ ਲਈ ਨਵੇਂ ਨਿਯਮ ਲਾਗੂ, ਹਰ ਗਾਹਕ ਦੀ ਪਛਾਣ ਦਰਜ ਕਰਨੀ ਲਾਜ਼ਮੀ; ਉਲੰਘਣਾ ਕਰਨ ‘ਤੇ ਹੋਵੇਗੀ ਕਾਰਵਾਈ

6 November 2026 ਅੱਪਡੇਟ ਕੀਤਾ ਗਿਆ

Moga Cyber Cafe Rules: ਮੋਗਾ ‘ਚ ਸਾਈਬਰ ਕੈਫੇ ਲਈ ਨਵੇਂ ਨਿਯਮ ਲਾਗੂ, ਹਰ ਗਾਹਕ ਦੀ ਪਛਾਣ ਦਰਜ ਕਰਨੀ ਲਾਜ਼ਮੀ; ਉਲੰਘਣਾ ਕਰਨ ‘ਤੇ ਹੋਵੇਗੀ ਕਾਰਵਾਈ

Moga Cyber Cafe Rules: ਮੋਗਾ ਜ਼ਿਲ੍ਹੇ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਸਾਈਬਰ ਕੈਫਿਆਂ ਰਾਹੀਂ ਹੋਣ ਵਾਲੀਆਂ ਸ਼ੱਕੀ ਗਤੀਵਿਧੀਆਂ ’ਤੇ ਨਜ਼ਰ ਰੱਖਣ ਲਈ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਨਵੇਂ ਹੁਕਮ ਜਾਰੀ ਕੀਤੇ ਹਨ। ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਅਧੀਨ ਜਾਰੀ ਇਨ੍ਹਾਂ ਨਿਰਦੇਸ਼ਾਂ ਮੁਤਾਬਕ ਹੁਣ ਸਾਈਬਰ ਕੈਫੇ ਵਿੱਚ ਕੰਪਿਊਟਰ ਅਤੇ ਇੰਟਰਨੈੱਟ ਦੀ ਵਰਤੋਂ ਕਰਨ ਵਾਲੇ ਹਰੇਕ ਵਿਅਕਤੀ ਦੀ ਪਛਾਣ ਕਰਨਾ ਅਤੇ ਉਸ ਦਾ ਪੂਰਾ ਵੇਰਵਾ ਰਜਿਸਟਰ ਵਿੱਚ ਦਰਜ ਕਰਨਾ ਲਾਜ਼ਮੀ ਹੋਵੇਗਾ। ਇਹ ਹੁਕਮ 31 ਦਸੰਬਰ 2026 ਤੱਕ ਲਾਗੂ ਰਹਿਣਗੇ।

ਡਿਪਟੀ ਕਮਿਸ਼ਨਰ ਨੇ ਸਪੱਸ਼ਟ ਕੀਤਾ ਹੈ ਕਿ ਸਾਈਬਰ ਕੈਫੇ ਸੰਚਾਲਕ ਕਿਸੇ ਵੀ ਅਜਿਹੇ ਅਣਪਛਾਤੇ ਵਿਅਕਤੀ ਨੂੰ ਕੰਪਿਊਟਰ ਵਰਤਣ ਦੀ ਇਜਾਜ਼ਤ ਨਾ ਦੇਣ, ਜਿਸ ਦੀ ਪਛਾਣ ਬਾਰੇ ਉਨ੍ਹਾਂ ਨੂੰ ਤਸੱਲੀ ਨਾ ਹੋਵੇ। ਕੈਫੇ ਵਿੱਚ ਆਉਣ ਵਾਲੇ ਹਰ ਗਾਹਕ ਤੋਂ ਉਸ ਦਾ ਨਾਮ, ਪਤਾ, ਫੋਨ ਨੰਬਰ ਅਤੇ ਹੋਰ ਪਛਾਣ ਸਬੰਧੀ ਜਾਣਕਾਰੀ ਆਪਣੇ ਹੱਥੀਂ ਰਜਿਸਟਰ ਵਿੱਚ ਲਿਖਵਾਉਣੀ ਪਵੇਗੀ। ਇਸ ਦੇ ਨਾਲ ਹੀ ਪੇਸ਼ ਕੀਤੇ ਗਏ ਵੈਧ ਪਛਾਣ ਪੱਤਰ ਦੀ ਜਾਂਚ ਕਰਕੇ ਉਸ ਦੀ ਪਛਾਣ ਦੀ ਪੁਸ਼ਟੀ ਵੀ ਕਰਨੀ ਹੋਵੇਗੀ।

ਹੁਕਮਾਂ ਅਨੁਸਾਰ ਪਛਾਣ ਦੀ ਤਸਦੀਕ ਲਈ ਆਧਾਰ ਕਾਰਡ ਜਾਂ ਹੋਰ ਪਛਾਣ ਪੱਤਰ, ਵੋਟਰ ਕਾਰਡ, ਰਾਸ਼ਨ ਕਾਰਡ, ਡਰਾਈਵਿੰਗ ਲਾਇਸੈਂਸ, ਪਾਸਪੋਰਟ ਅਤੇ ਫੋਟੋ ਵਾਲੇ ਕ੍ਰੈਡਿਟ ਕਾਰਡ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਕੈਫੇ ਸੰਚਾਲਕਾਂ ਨੂੰ ਇਹ ਰਿਕਾਰਡ ਵੀ ਰੱਖਣਾ ਪਵੇਗਾ ਕਿ ਕਿਸ ਵਿਅਕਤੀ ਨੂੰ ਕਿਹੜਾ ਕੰਪਿਊਟਰ ਵਰਤਣ ਲਈ ਦਿੱਤਾ ਗਿਆ ਸੀ, ਤਾਂ ਜੋ ਲੋੜ ਪੈਣ ’ਤੇ ਇਸ ਦੀ ਜਾਂਚ ਕੀਤੀ ਜਾ ਸਕੇ।

ਸਾਗਰ ਸੇਤੀਆ ਨੇ ਸਾਈਬਰ ਕੈਫੇ ਮਾਲਕਾਂ ਨੂੰ ਕੰਪਿਊਟਰਾਂ ਦੇ ਮੁੱਖ ਸਰਵਰ ਵਿੱਚ ਐਕਟੀਵਿਟੀ ਲੌਗ ਸੰਭਾਲ ਕੇ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਇਹ ਰਿਕਾਰਡ ਘੱਟੋ-ਘੱਟ ਛੇ ਮਹੀਨਿਆਂ ਤੱਕ ਸੁਰੱਖਿਅਤ ਰੱਖਣਾ ਜ਼ਰੂਰੀ ਹੋਵੇਗਾ। ਜੇਕਰ ਕਿਸੇ ਗਾਹਕ ਦੀ ਸਰਗਰਮੀ ਸ਼ੱਕੀ ਲੱਗਦੀ ਹੈ ਜਾਂ ਕੋਈ ਅਸਧਾਰਨ ਗਤੀਵਿਧੀ ਸਾਹਮਣੇ ਆਉਂਦੀ ਹੈ ਤਾਂ ਤੁਰੰਤ ਸਬੰਧਤ ਪੁਲਿਸ ਥਾਣੇ ਨੂੰ ਸੂਚਿਤ ਕਰਨਾ ਹੋਵੇਗਾ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੋਗਾ ਜ਼ਿਲ੍ਹੇ ਵਿੱਚ ਕਈ ਵਪਾਰਕ ਅਦਾਰਿਆਂ ਅਤੇ ਦੁਕਾਨਾਂ ’ਤੇ ਸਾਈਬਰ ਕੈਫੇ ਦੀਆਂ ਸਹੂਲਤਾਂ ਮੌਜੂਦ ਹਨ। ਇਨ੍ਹਾਂ ਥਾਵਾਂ ’ਤੇ ਰੋਜ਼ਾਨਾ ਵੱਡੀ ਗਿਣਤੀ ਵਿੱਚ ਲੋਕ ਈ-ਮੇਲ ਭੇਜਣ, ਇੰਟਰਨੈੱਟ ਦੀ ਵਰਤੋਂ ਕਰਨ ਅਤੇ ਹੋਰ ਆਨਲਾਈਨ ਕੰਮਾਂ ਲਈ ਪਹੁੰਚਦੇ ਹਨ। ਅਜਿਹੀਆਂ ਸਹੂਲਤਾਂ ਦੀ ਗਲਤ ਵਰਤੋਂ ਹੋਣ ਦੀ ਸੰਭਾਵਨਾ ਨੂੰ ਵੀ ਨਕਾਰਿਆ ਨਹੀਂ ਜਾ ਸਕਦਾ।

ਉਨ੍ਹਾਂ ਕਿਹਾ ਕਿ ਕੁਝ ਗੈਰ-ਸਮਾਜਿਕ ਅਨਸਰ, ਅਪਰਾਧੀ ਅਤੇ ਅੱਤਵਾਦੀ ਸੰਗਠਨ ਸਾਈਬਰ ਕੈਫਿਆਂ ਦੀ ਵਰਤੋਂ ਜਾਂਚ ਏਜੰਸੀਆਂ ਨੂੰ ਗੁੰਮਰਾਹ ਕਰਨ, ਲੋਕਾਂ ਵਿੱਚ ਦਹਿਸ਼ਤ ਫੈਲਾਉਣ ਅਤੇ ਆਮ ਨਾਗਰਿਕਾਂ, ਵੀਆਈਪੀਜ਼ ਤੇ ਸਰਕਾਰੀ ਸੰਸਥਾਵਾਂ ਦੀ ਸੁਰੱਖਿਆ ਨੂੰ ਖ਼ਤਰੇ ਵਿੱਚ ਪਾਉਣ ਲਈ ਕਰ ਸਕਦੇ ਹਨ। ਅਜਿਹੀਆਂ ਗਤੀਵਿਧੀਆਂ ਸੂਬੇ ਦੀ ਸੁਰੱਖਿਆ ਅਤੇ ਸਮਾਜਿਕ ਸ਼ਾਂਤੀ ਲਈ ਨੁਕਸਾਨਦੇਹ ਹੋ ਸਕਦੀਆਂ ਹਨ। ਇਸ ਲਈ ਮਨੁੱਖੀ ਜੀਵਨ ਦੀ ਰੱਖਿਆ, ਅੱਤਵਾਦੀ ਅਤੇ ਸ਼ਰਾਰਤੀ ਸਰਗਰਮੀਆਂ ਦੀ ਰੋਕਥਾਮ ਅਤੇ ਅਮਨ-ਕਾਨੂੰਨ ਬਣਾਈ ਰੱਖਣ ਲਈ ਸਾਰੇ ਸਾਈਬਰ ਕੈਫੇ ਸੰਚਾਲਕਾਂ ਨੂੰ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਤੁਰੰਤ ਸੂਚਨਾ ਦੇਣ ਦੀ ਅਪੀਲ ਕੀਤੀ ਗਈ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.