Lalit Modi : ਆਈਪੀਐੱਲ ਦੇ ਸਾਬਕਾ ਚੇਅਰਮੈਨ ਲਲਿਤ ਮੋਦੀ ਇੱਕ ਵਾਰ ਫਿਰ ਚਰਚਾ ਵਿੱਚ ਆ ਗਏ ਹਨ। ਭਾਰਤ ਛੱਡ ਕੇ ਬ੍ਰਿਟੇਨ ਵਿੱਚ ਰਹਿ ਰਹੇ ਲਲਿਤ ਮੋਦੀ ਨੇ ਦਾਅਵਾ ਕੀਤਾ ਹੈ ਕਿ ਹੁਣ ਉਹ ਬ੍ਰਿਟਿਸ਼ ਨਾਗਰਿਕ ਬਣ ਗਏ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਰਾਹੀਂ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਬ੍ਰਿਟਿਸ਼ ਨਾਗਰਿਕ ਹੋਣ ‘ਤੇ ਮਾਣ ਹੈ ਅਤੇ ਉਹ ਯੂਨਾਈਟਿਡ ਕਿੰਗਡਮ ਨੂੰ ਆਪਣਾ ਘਰ ਮੰਨਦੇ ਹਨ।
14 ਨਵੰਬਰ 2026 ਨੂੰ ਆਕਸਫੋਰਡ ਯੂਨੀਅਨ ਵਿੱਚ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਲਲਿਤ ਮੋਦੀ ਨੇ ਆਪਣੀ ਜ਼ਿੰਦਗੀ ਨਾਲ ਜੁੜੀ ਇਸ ਅਹਿਮ ਜਾਣਕਾਰੀ ਨੂੰ ਜਨਤਕ ਕੀਤਾ। ਉਨ੍ਹਾਂ ਨੇ ਐਕਸ ‘ਤੇ ਲਿਖਿਆ ਕਿ ਇਹ ਉਨ੍ਹਾਂ ਲਈ ਬੇਹੱਦ ਮਾਣ ਵਾਲਾ ਪਲ ਹੈ ਅਤੇ ਜ਼ਿੰਦਗੀ ਵਿੱਚ ਇੱਕ ਨਵੇਂ ਪੜਾਅ ਦੀ ਸ਼ੁਰੂਆਤ ਹੋ ਰਹੀ ਹੈ। ਉਨ੍ਹਾਂ ਮੁਤਾਬਕ, ਆਕਸਫੋਰਡ ਯੂਨੀਅਨ ਦੇ ਮੰਚ ਤੋਂ ਉਨ੍ਹਾਂ ਨੇ ਪਹਿਲੀ ਵਾਰ ਖੁੱਲ੍ਹੇ ਤੌਰ ‘ਤੇ ਆਪਣੀ ਬ੍ਰਿਟਿਸ਼ ਨਾਗਰਿਕਤਾ ਬਾਰੇ ਦੱਸਿਆ।
ਲਲਿਤ ਮੋਦੀ ਨੇ ਇਹ ਵੀ ਖੁਲਾਸਾ ਕੀਤਾ ਕਿ 15 ਸਤੰਬਰ 2026 ਨੂੰ ਉਨ੍ਹਾਂ ਨੂੰ ਬ੍ਰਿਟਿਸ਼ ਨਾਗਰਿਕਤਾ ਮਿਲੀ ਸੀ, ਜਿਸ ਦੀ ਖੁਸ਼ੀ ਉਨ੍ਹਾਂ ਨੇ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਨਾਲ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਨਾਗਰਿਕਤਾ ਮਿਲਣ ਨਾਲ ਜੁੜਿਆ ਇਹ ਸਮਾਗਮ ਉਨ੍ਹਾਂ ਲਈ ਹਮੇਸ਼ਾ ਯਾਦਗਾਰ ਰਹੇਗਾ। ਉਨ੍ਹਾਂ ਨੇ ਬ੍ਰਿਟੇਨ ਦੇ ਲੋਕਾਂ, ਉੱਥੋਂ ਦੀਆਂ ਸੰਸਥਾਵਾਂ, ਸੱਭਿਆਚਾਰ ਅਤੇ ਰਵਾਇਤਾਂ ਪ੍ਰਤੀ ਸਤਿਕਾਰ ਪ੍ਰਗਟ ਕਰਦਿਆਂ ਕਿਹਾ ਕਿ ਇਹ ਦੇਸ਼ ਲੰਬੇ ਸਮੇਂ ਤੋਂ ਉਨ੍ਹਾਂ ਦਾ ਘਰ ਰਿਹਾ ਹੈ।
ਆਪਣੀ ਪੋਸਟ ਵਿੱਚ ਉਨ੍ਹਾਂ ਨੇ ਬ੍ਰਿਟਿਸ਼ ਨਾਗਰਿਕਤਾ ਨੂੰ ਇੱਕ ਵੱਡਾ ਸਨਮਾਨ ਹੋਣ ਦੇ ਨਾਲ ਜ਼ਿੰਮੇਵਾਰੀ ਵੀ ਦੱਸਿਆ। ਉਨ੍ਹਾਂ ਕਿਹਾ ਕਿ ਵੱਖ-ਵੱਖ ਸੱਭਿਆਚਾਰਾਂ ਅਤੇ ਤਜਰਬਿਆਂ ਨਾਲ ਜੁੜਿਆ ਉਨ੍ਹਾਂ ਦਾ ਜੀਵਨ ਸਫ਼ਰ ਹੁਣ ਨਵੇਂ ਮੋੜ ‘ਤੇ ਪਹੁੰਚਿਆ ਹੈ। ਉਹ ਉਸ ਦੇਸ਼ ਲਈ ਸਕਾਰਾਤਮਕ ਯੋਗਦਾਨ ਪਾਉਣਾ ਚਾਹੁੰਦੇ ਹਨ, ਜਿਸ ਨੂੰ ਉਹ ਆਪਣਾ ਘਰ ਕਹਿੰਦੇ ਹਨ। ਇਸ ਮੌਕੇ ਉਨ੍ਹਾਂ ਨੇ ਆਪਣੇ ਪਰਿਵਾਰ, ਦੋਸਤਾਂ ਅਤੇ ਮੁਸ਼ਕਲ ਸਮੇਂ ਵਿੱਚ ਸਾਥ ਦੇਣ ਵਾਲੇ ਸਾਰੇ ਲੋਕਾਂ ਦਾ ਧੰਨਵਾਦ ਵੀ ਕੀਤਾ।
ਲਲਿਤ ਮੋਦੀ ਨੇ ਬ੍ਰਿਟੇਨ ਦੇ ਰਾਜਾ ਕਿੰਗ ਚਾਰਲਸ ਤੀਜੇ ਦੇ ਜਨਮਦਿਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਖਾਸ ਮੌਕੇ ‘ਤੇ ਆਪਣੀ ਨਾਗਰਿਕਤਾ ਬਾਰੇ ਜਾਣਕਾਰੀ ਸਾਂਝੀ ਕਰਨਾ ਉਨ੍ਹਾਂ ਲਈ ਹੋਰ ਵੀ ਯਾਦਗਾਰ ਹੈ। ਉਨ੍ਹਾਂ ਨੇ ਆਕਸਫੋਰਡ ਯੂਨੀਅਨ ਦਾ ਵੀ ਧੰਨਵਾਦ ਕੀਤਾ, ਜਿਸ ਨੇ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਦੀ ਇਸ ਪ੍ਰਾਪਤੀ ਬਾਰੇ ਦੱਸਣ ਦਾ ਮੌਕਾ ਦਿੱਤਾ। ਆਪਣੀ ਪੋਸਟ ਦੇ ਅੰਤ ਵਿੱਚ ਉਨ੍ਹਾਂ ਨੇ ‘ਗੌਡ ਸੇਵ ਦ ਕਿੰਗ’ ਲਿਖਿਆ।
ਜ਼ਿਕਰਯੋਗ ਹੈ ਕਿ ਲਲਿਤ ਮੋਦੀ ਆਈਪੀਐੱਲ ਦੀ ਸ਼ੁਰੂਆਤ ਕਰਨ ਵਾਲੀਆਂ ਪ੍ਰਮੁੱਖ ਸ਼ਖ਼ਸੀਅਤਾਂ ਵਿੱਚੋਂ ਇੱਕ ਰਹੇ ਹਨ ਅਤੇ ਇਸ ਦੇ ਸਾਬਕਾ ਚੇਅਰਮੈਨ ਤੇ ਕਮਿਸ਼ਨਰ ਵਜੋਂ ਵੀ ਕੰਮ ਕਰ ਚੁੱਕੇ ਹਨ। ਸਾਲ 2010 ਵਿੱਚ ਆਈਪੀਐੱਲ ਨਾਲ ਜੁੜੇ ਕਥਿਤ ਵਿੱਤੀ ਬੇਨਿਯਮੀਆਂ ਦੇ ਦੋਸ਼ਾਂ ਅਤੇ ਜਾਂਚ ਦਰਮਿਆਨ ਉਹ ਭਾਰਤ ਛੱਡ ਕੇ ਬ੍ਰਿਟੇਨ ਚਲੇ ਗਏ ਸਨ। ਇਸ ਤੋਂ ਬਾਅਦ ਉਨ੍ਹਾਂ ਦਾ ਨਾਮ ਵਿੱਤੀ ਜਾਂਚਾਂ ਅਤੇ ਸ਼ਸ਼ੀ ਥਰੂਰ ਤੇ ਸੁਨੰਦਾ ਪੁਸ਼ਕਰ ਨਾਲ ਜੁੜੇ ਵਿਵਾਦਾਂ ਕਾਰਨ ਵੀ ਸੁਰਖੀਆਂ ਵਿੱਚ ਰਿਹਾ। ਹੁਣ ਬ੍ਰਿਟਿਸ਼ ਨਾਗਰਿਕਤਾ ਮਿਲਣ ਸਬੰਧੀ ਉਨ੍ਹਾਂ ਦੇ ਐਲਾਨ ਨੇ ਇੱਕ ਵਾਰ ਫਿਰ ਉਨ੍ਹਾਂ ਨੂੰ ਚਰਚਾ ਦਾ ਵਿਸ਼ਾ ਬਣਾ ਦਿੱਤਾ ਹੈ।