ਵਿਸ਼ਵ ਕੱਪ 2026 : ਵਿਸ਼ਵ ਕੱਪ 2026 ਦੇ ਕੁਆਰਟਰ ਫਾਈਨਲ ਵਿੱਚ ਫਰਾਂਸ ਨੇ ਇੱਕ ਵਾਰ ਫਿਰ ਮੋਰੋਕੋ ਨੂੰ ਹਰਾ ਕੇ ਉਸ ਦੀ ਬਦਲੇ ਦੀ ਉਮੀਦ ਨੂੰ ਖਤਮ ਕਰ ਦਿੱਤਾ। ਕਾਇਲੀਅਨ ਐਮਬਾਪੇ ਦੀ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਫਰਾਂਸ ਨੇ 2-0 ਨਾਲ ਜਿੱਤ ਦਰਜ ਕੀਤੀ ਅਤੇ ਟੂਰਨਾਮੈਂਟ ਵਿੱਚ ਆਪਣਾ ਦਬਦਬਾ ਕਾਇਮ ਰੱਖਿਆ।
ਮੈਚ ਤੋਂ ਬਾਅਦ ਮੋਰੋਕੋ ਦੇ ਕਈ ਪ੍ਰਸ਼ੰਸਕਾਂ ਨੇ ਨਿਰਾਸ਼ਾ ਦੇ ਬਾਵਜੂਦ ਫਰਾਂਸ ਦੀ ਤਾਕਤ ਨੂੰ ਸਵੀਕਾਰਿਆ। ਕੁਝ ਸਮਰਥਕਾਂ ਨੇ ਤਾਂ ਮਜ਼ਾਕੀਆ ਅੰਦਾਜ਼ ਵਿੱਚ ਖੁਦ ਨੂੰ “ਐਮਬਾਪੇ ਫੈਨ ਕਲੱਬ” ਦਾ ਮੈਂਬਰ ਬਣਾਉਣ ਦੀ ਗੱਲ ਵੀ ਕਹੀ।
“ਫਰਾਂਸ ਨੂੰ ਹਰਾਉਣਾ ਇਸ ਵੇਲੇ ਸਭ ਤੋਂ ਔਖਾ ਕੰਮ”
ਮੋਰੱਕੋ ਦੇ ਸਮਰਥਕ ਯਾਸੀਨ ਮਾਰੂਫੀ ਨੇ ਮੰਨਿਆ ਕਿ ਉਨ੍ਹਾਂ ਦੀ ਟੀਮ ਜਿੱਤ ਦੀ ਉਮੀਦ ਨਾਲ ਮੈਦਾਨ ਵਿੱਚ ਉਤਰੀ ਸੀ, ਪਰ ਫਰਾਂਸ ਦੀ ਮਜ਼ਬੂਤੀ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਕਿਹਾ, “ਫਰਾਂਸ ਕੋਲ ਸਿਰਫ਼ ਸ਼ਾਨਦਾਰ ਸ਼ੁਰੂਆਤੀ 11 ਖਿਡਾਰੀ ਹੀ ਨਹੀਂ, ਸਗੋਂ ਦੁਨੀਆ ਦੀਆਂ ਸਭ ਤੋਂ ਮਜ਼ਬੂਤ ਬੈਂਚਾਂ ਵਿੱਚੋਂ ਇੱਕ ਵੀ ਹੈ। ਇਸ ਸਮੇਂ ਉਨ੍ਹਾਂ ਨੂੰ ਹਰਾਉਣਾ ਬਹੁਤ ਮੁਸ਼ਕਲ ਹੈ।”
ਦਿਲਜੀਤ ਦੋਸਾਂਝ ਨੇ ਅਮਰੀਕੀ ਨਾਗਰਿਕਤਾ ਦੀਆਂ ਅਫਵਾਹਾਂ ‘ਤੇ ਤੋੜੀ ਚੁੱਪ, ਇੰਸਟਾਗ੍ਰਾਮ ਲਾਈਵ ‘ਚ ਦਿੱਤਾ ਮਜ਼ਾਕੀਆ ਜਵਾਬ
ਬਦਲੇ ਦੀ ਉਮੀਦ, ਪਰ ਨਤੀਜਾ ਉਹੀ
2022 ਦੀ ਸੈਮੀਫਾਈਨਲ ਹਾਰ ਤੋਂ ਬਾਅਦ ਮੋਰੋਕੋ ਇਸ ਮੈਚ ਨੂੰ ਬਦਲੇ ਦੇ ਮੌਕੇ ਵਜੋਂ ਦੇਖ ਰਿਹਾ ਸੀ। ਨਵੇਂ ਕੋਚ ਅਤੇ ਨੌਜਵਾਨ ਟੀਮ ਨਾਲ ਸਮਰਥਕਾਂ ਨੂੰ ਵੱਡੀਆਂ ਉਮੀਦਾਂ ਸਨ, ਜਦਕਿ ਉਹ ਐਮਬਾਪੇ ਦੇ ਖ਼ਰਾਬ ਦਿਨ ਦੀ ਵੀ ਉਡੀਕ ਕਰ ਰਹੇ ਸਨ।
29ਵੇਂ ਮਿੰਟ ਵਿੱਚ ਉਨ੍ਹਾਂ ਦੀ ਇਹ ਉਮੀਦ ਕੁਝ ਹੱਦ ਤੱਕ ਸੱਚ ਹੁੰਦੀ ਦਿਖਾਈ ਦਿੱਤੀ, ਜਦੋਂ ਐਮਬਾਪੇ ਦੀ ਪੈਨਲਟੀ ਮੋਰੋਕੋ ਦੇ ਗੋਲਕੀਪਰ ਯਾਸੀਨ ਬੂਨੂ ਨੇ ਸ਼ਾਨਦਾਰ ਢੰਗ ਨਾਲ ਬਚਾ ਲਈ। ਲੰਬੇ ਇੰਤਜ਼ਾਰ ਤੋਂ ਬਾਅਦ ਲਈ ਗਈ ਇਹ ਪੈਨਲਟੀ ਕਾਫ਼ੀ ਕਮਜ਼ੋਰ ਰਹੀ, ਜਿਸਨੂੰ ਬੂਨੂ ਨੇ ਆਸਾਨੀ ਨਾਲ ਰੋਕ ਲਿਆ।
ਪਹਿਲਾ ਹਾਫ ਦੋਵੇਂ ਟੀਮਾਂ ਵੱਲੋਂ ਸਾਵਧਾਨੀ ਨਾਲ ਖੇਡਿਆ ਗਿਆ ਅਤੇ ਦੋਵੇਂ ਪਾਸੇ ਹਮਲੇ ਕਰਨ ਦੀ ਬਜਾਏ ਆਪਣੀ ਰੱਖਿਆ ਮਜ਼ਬੂਤ ਰੱਖਣ ‘ਤੇ ਜ਼ੋਰ ਦਿੰਦੇ ਨਜ਼ਰ ਆਏ।
ਦੂਜੇ ਹਾਫ ਵਿੱਚ ਬਦਲਿਆ ਮੈਚ ਦਾ ਰੁਖ
ਹਾਫ ਟਾਈਮ ਤੋਂ ਬਾਅਦ ਮੋਰੋਕੋ ਨੇ ਹਮਲਾਵਰ ਰਵੱਈਆ ਅਪਣਾਇਆ ਅਤੇ ਫਰਾਂਸ ਦੇ ਹਾਫ ਵਿੱਚ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਇਸ ਕਾਰਨ ਉਨ੍ਹਾਂ ਦੀ ਰੱਖਿਆ ਵਿੱਚ ਖਾਲੀ ਥਾਵਾਂ ਬਣ ਗਈਆਂ, ਜਿਨ੍ਹਾਂ ਦਾ ਫਰਾਂਸ ਨੇ ਪੂਰਾ ਫਾਇਦਾ ਚੁੱਕਿਆ।
60ਵੇਂ ਮਿੰਟ ਵਿੱਚ ਐਮਬਾਪੇ ਨੇ ਖੱਬੇ ਪਾਸੇ ਤੋਂ ਸ਼ਾਨਦਾਰ ਦੌੜ ਲਗਾਈ ਅਤੇ ਬਣੇ ਮੌਕੇ ਨੂੰ ਗੋਲ ਵਿੱਚ ਬਦਲ ਦਿੱਤਾ। ਇਹ ਉਸਦਾ ਵਿਸ਼ਵ ਕੱਪ 2026 ਦਾ ਅੱਠਵਾਂ ਗੋਲ ਸੀ।
ਕੁਝ ਹੀ ਮਿੰਟਾਂ ਬਾਅਦ ਐਮਬਾਪੇ ਨੇ ਉਸਮਾਨੇ ਡੇਂਬੇਲੇ ਲਈ ਗੋਲ ਦਾ ਮੌਕਾ ਤਿਆਰ ਕੀਤਾ ਅਤੇ ਡੇਂਬੇਲੇ ਨੇ ਆਪਣਾ ਪੰਜਵਾਂ ਗੋਲ ਕਰਦੇ ਹੋਏ ਸਕੋਰ 2-0 ਕਰ ਦਿੱਤਾ। ਇਸ ਨਾਲ ਫਰਾਂਸ ਵਿਸ਼ਵ ਕੱਪ ਇਤਿਹਾਸ ਦੀ ਪਹਿਲੀ ਟੀਮ ਬਣ ਗਈ ਜਿਸਦੇ ਦੋ ਖਿਡਾਰੀਆਂ ਨੇ ਇੱਕੋ ਟੂਰਨਾਮੈਂਟ ਵਿੱਚ ਪੰਜ ਜਾਂ ਇਸ ਤੋਂ ਵੱਧ ਗੋਲ ਕੀਤੇ।
ਮੋਰੋਕੋ ਦੀ ਉਮੀਦ ਹੌਲੀ-ਹੌਲੀ ਟੁੱਟਦੀ ਗਈ
ਪਹਿਲੇ ਹਾਫ ਵਿੱਚ ਮੋਰੋਕੋ ਨੇ ਬਰਾਬਰੀ ਦੀ ਟੱਕਰ ਦਿੱਤੀ, ਪਰ ਦੂਜੇ ਹਾਫ ਵਿੱਚ ਫਰਾਂਸ ਦੀ ਰਫ਼ਤਾਰ ਅਤੇ ਐਮਬਾਪੇ ਦੀ ਚੁਸਤ ਖੇਡ ਸਾਹਮਣੇ ਐਟਲਸ ਲਾਇਨਜ਼ ਬੇਬਸ ਦਿਖਾਈ ਦਿੱਤੇ।
ਜਿਵੇਂ-ਜਿਵੇਂ ਸਮਾਂ ਲੰਘਦਾ ਗਿਆ, ਸਟੇਡੀਅਮ ਵਿੱਚ ਗੂੰਜ ਰਹੇ “ਦੀਮਾ ਮਘਰੇਬ” ਦੇ ਨਾਅਰੇ ਵੀ ਹੌਲੇ ਪੈ ਗਏ, ਜਦਕਿ ਫਰਾਂਸੀਸੀ ਸਮਰਥਕ ਆਪਣੀ ਟੀਮ ਦੀ ਸ਼ਾਨਦਾਰ ਜਿੱਤ ਦਾ ਜਸ਼ਨ ਮਨਾਉਣ ਲੱਗੇ।
ਫਰਾਂਸੀਸੀ-ਅਮਰੀਕੀ ਸਮਰਥਕ ਕਲੌਡ ਬੇਯਾਨੌਨ ਨੇ ਕਿਹਾ, “ਇਸ ਟੀਮ ਵਿੱਚ ਬੇਹੱਦ ਪ੍ਰਤਿਭਾ ਹੈ ਅਤੇ ਇਸਨੂੰ ਖੇਡਦੇ ਦੇਖਣਾ ਵਾਕਈ ਸ਼ਾਨਦਾਰ ਅਨੁਭਵ ਹੈ।”
ASTRO : ਮੋਤੀ ਪਹਿਨਣ ਤੋਂ ਪਹਿਲਾਂ ਜਾਣ ਲਓ ਇਹ ਨਿਯਮ ; ਹਰ ਕਿਸੇ ਲਈ ਨਹੀਂ ਹੁੰਦੇ ਸ਼ੁਭ ; ਇਹ ਲੋਕ ਰੱਖਣ ਖ਼ਾਸ ਧਿਆਨ
ਹਾਰ ਦੇ ਬਾਵਜੂਦ ਭਵਿੱਖ ਲਈ ਭਰੋਸਾ
ਮੈਚ ਤੋਂ ਬਾਅਦ ਮੋਰੋਕੋ ਦੇ ਸਮਰਥਕਾਂ ਦੇ ਚਿਹਰਿਆਂ ‘ਤੇ ਨਿਰਾਸ਼ਾ ਸਾਫ਼ ਦਿਖਾਈ ਦੇ ਰਹੀ ਸੀ, ਪਰ ਉਨ੍ਹਾਂ ਦਾ ਭਰੋਸਾ ਟੁੱਟਿਆ ਨਹੀਂ।
ਇੱਕ ਸਮਰਥਕ ਹਮਜ਼ਾ ਨੇ ਕਿਹਾ, “ਇਸ ਵਾਰ ਅਸੀਂ ਨਹੀਂ ਜਿੱਤੇ, ਪਰ 2030 ਵਿੱਚ ਆਪਣੇ ਘਰੇਲੂ ਵਿਸ਼ਵ ਕੱਪ ਵਿੱਚ ਜ਼ਰੂਰ ਟਰਾਫੀ ਚੁੱਕਾਂਗੇ।”
ਮੋਰੋਕੋ 2030 ਫੀਫਾ ਵਿਸ਼ਵ ਕੱਪ ਦੀ ਸਾਂਝੀ ਮੇਜ਼ਬਾਨੀ ਕਰੇਗਾ ਅਤੇ ਦੇਸ਼ ਦੇ ਫੁੱਟਬਾਲ ਪ੍ਰੇਮੀਆਂ ਨੂੰ ਉਮੀਦ ਹੈ ਕਿ ਉਨ੍ਹਾਂ ਦੀ ਨੌਜਵਾਨ ਟੀਮ ਉਸ ਟੂਰਨਾਮੈਂਟ ਵਿੱਚ ਨਵਾਂ ਇਤਿਹਾਸ ਰਚੇਗੀ।

kylian mbappe