Jensen Huang: NVIDIA ਦੇ ਮੁਖੀ ਜੇਨਸਨ ਹੁਆਂਗ ਤੁਰੰਤ ਪ੍ਰਭਾਵ ਨਾਲ ਕੰਪਨੀ ਦੇ CEO ਵਜੋਂ ਆਪਣੀਆਂ ਜ਼ਿੰਮੇਵਾਰੀਆਂ ਮੁੜ ਸੰਭਾਲਣਗੇ। ਕੰਪਨੀ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ, ਬੋਰਡ ਆਫ਼ ਡਾਇਰੈਕਟਰਜ਼ ਨੇ ਕਈ ਦੌਰ ਦੀਆਂ ਚਰਚਾਵਾਂ ਅਤੇ ਮੀਟਿੰਗਾਂ ਤੋਂ ਬਾਅਦ ਸਰਬਸੰਮਤੀ ਨਾਲ ਉਨ੍ਹਾਂ ਦੀ ਵਾਪਸੀ ਨੂੰ ਮਨਜ਼ੂਰੀ ਦਿੱਤੀ ਹੈ। ਬੋਰਡ ਨੇ ਹੁਆਂਗ ਦੀ ਅਗਵਾਈ ਅਤੇ ਕੰਪਨੀ ਨੂੰ ਅੱਗੇ ਲਿਜਾਣ ਦੀ ਸਮਰੱਥਾ ‘ਤੇ ਭਰੋਸਾ ਪ੍ਰਗਟਾਇਆ ਹੈ।
ਇਸ ਦੌਰਾਨ ਅੰਤਰਿਮ CEO ਵਜੋਂ ਕੰਮ ਕਰ ਰਹੀ ਕੋਲੇਟ ਕ੍ਰੈਸ ਮੁੜ ਆਪਣੀ ਪੁਰਾਣੀ ਜ਼ਿੰਮੇਵਾਰੀ ਸੰਭਾਲੇਗੀ। ਉਹ NVIDIA ਵਿੱਚ ਚੀਫ਼ ਫਾਈਨੈਂਸ਼ੀਅਲ ਅਫ਼ਸਰ (CFO) ਵਜੋਂ ਕੰਮ ਜਾਰੀ ਰੱਖੇਗੀ। ਉੱਥੇ ਹੀ ਜੇਨਸਨ ਹੁਆਂਗ ਨੇ ਬੋਰਡ ਦੇ ਫੈਸਲੇ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਹ ਮੁੜ ਕੰਮ ਸੰਭਾਲਣ ਲਈ ਉਤਸ਼ਾਹਿਤ ਹਨ।
NVIDIA ਦੇ ਬੋਰਡ ਚੇਅਰਮੈਨ ਹਾਰਵੇ ਸੀ. ਜੋਨਸ ਨੇ ਕਿਹਾ ਕਿ ਬੋਰਡ ਦਾ ਮੰਨਣਾ ਹੈ ਕਿ ਕੰਪਨੀ ਦੀ ਅਗਵਾਈ ਕਰਨ ਲਈ ਜੇਨਸਨ ਹੁਆਂਗ ਸਭ ਤੋਂ ਢੁੱਕਵੇਂ ਵਿਅਕਤੀ ਹਨ। ਉਨ੍ਹਾਂ ਮੁਤਾਬਕ, ਹੁਆਂਗ ਦੀ ਵਾਪਸੀ ਨਾਲ ਸ਼ੇਅਰਧਾਰਕਾਂ, ਕਰਮਚਾਰੀਆਂ, ਕਾਰੋਬਾਰੀ ਭਾਈਵਾਲਾਂ ਅਤੇ ਗਾਹਕਾਂ ਦੇ ਹਿੱਤਾਂ ਨੂੰ ਫਾਇਦਾ ਹੋਵੇਗਾ।
ਹਾਰਵੇ ਜੋਨਸ ਨੇ ਅੰਤਰਿਮ CEO ਵਜੋਂ ਜ਼ਿੰਮੇਵਾਰੀ ਨਿਭਾਉਣ ਲਈ ਕੋਲੇਟ ਕ੍ਰੈਸ ਦਾ ਵੀ ਧੰਨਵਾਦ ਕੀਤਾ। ਕੰਪਨੀ ਦੇ ਪ੍ਰਬੰਧਕੀ ਢਾਂਚੇ ਵਿੱਚ ਹੋਏ ਇਸ ਬਦਲਾਅ ਤੋਂ ਬਾਅਦ ਕ੍ਰੈਸ ਮੁੜ CFO ਵਜੋਂ ਕੰਮ ਕਰਨਗੇ, ਜਦਕਿ ਹਾਰਵੇ ਜੋਨਸ ਬੋਰਡ ਦੇ ਚੇਅਰਮੈਨ ਬਣੇ ਰਹਿਣਗੇ।
ਆਪਣੀ ਵਾਪਸੀ ‘ਤੇ ਖੁਸ਼ੀ ਜ਼ਾਹਰ ਕਰਦਿਆਂ ਜੇਨਸਨ ਹੁਆਂਗ ਨੇ ਕਿਹਾ ਕਿ NVIDIA ਵਿੱਚ ਮੁੜ ਜ਼ਿੰਮੇਵਾਰੀ ਸੰਭਾਲਣਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕੰਪਨੀ ਨੂੰ ਦੁਨੀਆ ਦੀਆਂ ਮਹੱਤਵਪੂਰਨ ਤਕਨਾਲੋਜੀ ਕੰਪਨੀਆਂ ਵਿੱਚੋਂ ਇੱਕ ਦੱਸਦਿਆਂ ਕਿਹਾ ਕਿ ਉਹ ਨਵੀਂ ਭੂਮਿਕਾ ਪੂਰੀ ਨਿਮਰਤਾ ਅਤੇ ਸਮਰਪਣ ਨਾਲ ਨਿਭਾਉਣਗੇ।
ਹੁਆਂਗ ਨੇ ਇਸ ਮੌਕੇ ਬੋਰਡ, ਹਾਰਵੇ ਜੋਨਸ, ਕੋਲੇਟ ਕ੍ਰੈਸ, ਕੰਪਨੀ ਦੇ ਅਧਿਕਾਰੀਆਂ, ਕਰਮਚਾਰੀਆਂ, ਸ਼ੇਅਰਧਾਰਕਾਂ ਅਤੇ ਦੁਨੀਆ ਭਰ ਦੇ ਕਾਰੋਬਾਰੀ ਭਾਈਵਾਲਾਂ ਦਾ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਆਪਣੇ ਪਰਿਵਾਰ ਵੱਲੋਂ ਮਿਲੇ ਸਮਰਥਨ ਲਈ ਵੀ ਖ਼ਾਸ ਤੌਰ ‘ਤੇ ਸ਼ੁਕਰਗੁਜ਼ਾਰੀ ਪ੍ਰਗਟਾਈ।