JEE Main 2027: ਜੇਈਈ ਮੇਨ 2027 ਦੇ ਪਹਿਲੇ ਸੈਸ਼ਨ ਲਈ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਜਲਦ ਖ਼ਤਮ ਹੋਣ ਜਾ ਰਹੀ ਹੈ। ਹੁਣ ਤੱਕ ਇਸ ਪ੍ਰੀਖਿਆ ਲਈ 15 ਲੱਖ ਤੋਂ ਵੱਧ ਵਿਦਿਆਰਥੀ ਅਰਜ਼ੀਆਂ ਜਮ੍ਹਾਂ ਕਰਵਾ ਚੁੱਕੇ ਹਨ। ਜਿਹੜੇ ਉਮੀਦਵਾਰ ਅਜੇ ਤੱਕ ਫਾਰਮ ਨਹੀਂ ਭਰ ਸਕੇ, ਉਨ੍ਹਾਂ ਕੋਲ ਲੇਟ ਫੀਸ ਨਾਲ 26 ਨਵੰਬਰ ਤੱਕ ਅਪਲਾਈ ਕਰਨ ਦਾ ਮੌਕਾ ਹੈ।
ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਵੱਲੋਂ ਜਾਰੀ ਅੰਕੜਿਆਂ ਮੁਤਾਬਕ, ਹੁਣ ਤੱਕ ਕੁੱਲ 15,69,514 ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਇਨ੍ਹਾਂ ਵਿੱਚੋਂ 13,92,344 ਉਮੀਦਵਾਰਾਂ ਨੇ ਆਪਣੀ ਅਰਜ਼ੀ ਫੀਸ ਵੀ ਜਮ੍ਹਾਂ ਕਰਵਾ ਦਿੱਤੀ ਹੈ। ਏਜੰਸੀ ਨੇ ਵਿਦਿਆਰਥੀਆਂ ਨੂੰ ਆਖਰੀ ਦਿਨ ਦੀ ਉਡੀਕ ਕਰਨ ਦੀ ਬਜਾਏ ਸਮੇਂ ਸਿਰ ਰਜਿਸਟ੍ਰੇਸ਼ਨ ਪੂਰੀ ਕਰਨ ਦੀ ਸਲਾਹ ਦਿੱਤੀ ਹੈ।
ਇੱਛੁਕ ਵਿਦਿਆਰਥੀ ਜੇਈਈ ਮੇਨ ਦੀ ਅਧਿਕਾਰਤ ਵੈੱਬਸਾਈਟ ਰਾਹੀਂ ਆਨਲਾਈਨ ਅਰਜ਼ੀ ਦੇ ਸਕਦੇ ਹਨ। ਫਾਰਮ ਭਰਨ ਦੇ ਨਾਲ-ਨਾਲ ਨਿਰਧਾਰਤ ਸਮੇਂ ਅੰਦਰ ਫੀਸ ਦਾ ਭੁਗਤਾਨ ਕਰਨਾ ਵੀ ਲਾਜ਼ਮੀ ਹੈ। ਇਹ ਪ੍ਰੀਖਿਆ ਦੇਸ਼ ਦੇ ਪ੍ਰਮੁੱਖ ਇੰਜੀਨੀਅਰਿੰਗ ਸੰਸਥਾਨਾਂ ਵਿੱਚ ਦਾਖ਼ਲੇ ਲਈ ਕਰਵਾਈ ਜਾਂਦੀ ਹੈ, ਜਿਸ ਰਾਹੀਂ ਵੱਖ-ਵੱਖ ਇੰਜੀਨੀਅਰਿੰਗ ਕੋਰਸਾਂ ਵਿੱਚ ਦਾਖ਼ਲੇ ਦਾ ਰਾਹ ਖੁੱਲ੍ਹਦਾ ਹੈ।
ਰਜਿਸਟ੍ਰੇਸ਼ਨ ਜਾਂ ਫੀਸ ਜਮ੍ਹਾਂ ਕਰਵਾਉਣ ਸਮੇਂ ਕਿਸੇ ਤਰ੍ਹਾਂ ਦੀ ਦਿੱਕਤ ਆਉਣ ‘ਤੇ ਵਿਦਿਆਰਥੀ ਐੱਨਟੀਏ ਦੇ ਹੈਲਪਲਾਈਨ ਨੰਬਰ 011-40759000 ਅਤੇ 1800-180-4747 ‘ਤੇ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ ਈਮੇਲ ਰਾਹੀਂ ਵੀ ਮਦਦ ਲਈ ਜਾ ਸਕਦੀ ਹੈ। ਲੇਟ ਫੀਸ ਸਮੇਤ ਅਰਜ਼ੀ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 26 ਨਵੰਬਰ ਤੈਅ ਕੀਤੀ ਗਈ ਹੈ।
ਦੂਜੇ ਪਾਸੇ, ਆਈਆਈਟੀ ਵਿੱਚ ਦਾਖ਼ਲਾ ਲੈਣ ਦੇ ਚਾਹਵਾਨ ਵਿਦਿਆਰਥੀਆਂ ਲਈ ਜੇਈਈ ਐਡਵਾਂਸਡ 2027 ਦੀ ਪ੍ਰੀਖਿਆ 23 ਮਈ, ਐਤਵਾਰ ਨੂੰ ਕਰਵਾਈ ਜਾਵੇਗੀ। ਇਸ ਵਾਰ ਪ੍ਰੀਖਿਆ ਦੌਰਾਨ ਉਮੀਦਵਾਰਾਂ ਨੂੰ ਸਕ੍ਰੀਨ ‘ਤੇ ਉਪਲਬਧ ਬੇਸਿਕ ਕੈਲਕੁਲੇਟਰ ਦੀ ਵਰਤੋਂ ਕਰਨ ਦੀ ਸਹੂਲਤ ਵੀ ਮਿਲੇਗੀ।
ਆਈਆਈਟੀ ਦਿੱਲੀ ਇਸ ਵਾਰ ਜੇਈਈ ਐਡਵਾਂਸਡ 2027 ਦੀ ਪ੍ਰੀਖਿਆ ਕਰਵਾਉਣ ਦੀ ਜ਼ਿੰਮੇਵਾਰੀ ਨਿਭਾਏਗਾ। ਸੰਸਥਾਨ ਵੱਲੋਂ ਪ੍ਰੀਖਿਆ ਦੀ ਅਧਿਕਾਰਤ ਵੈੱਬਸਾਈਟ ਵੀ ਸ਼ੁਰੂ ਕਰ ਦਿੱਤੀ ਗਈ ਹੈ, ਜਿੱਥੇ ਉਮੀਦਵਾਰਾਂ ਲਈ ਯੋਗਤਾ ਨਾਲ ਜੁੜੀਆਂ ਸ਼ਰਤਾਂ ਅਤੇ ਹੋਰ ਜ਼ਰੂਰੀ ਜਾਣਕਾਰੀ ਉਪਲਬਧ ਕਰਵਾਈ ਗਈ ਹੈ। ਵਿਦਿਆਰਥੀ ਇਸ ਵੈੱਬਸਾਈਟ ‘ਤੇ ਜਾ ਕੇ ਪ੍ਰੀਖਿਆ ਵਿੱਚ ਸ਼ਾਮਲ ਹੋਣ ਲਈ ਲੋੜੀਂਦੇ ਮਾਪਦੰਡਾਂ ਦੀ ਜਾਣਕਾਰੀ ਹਾਸਲ ਕਰ ਸਕਦੇ ਹਨ।