Last Updated: October 5, 2026

Dainik Savera Times Logo

Punjab : ਜੈਸਮੀਨ ਸੈਂਡਲਾਸ ਦੇ ਕੰਸਰਟ ਦਾ ਵਿਰੋਧ : ਪੰਡਿਤ ਰਾਓ ਨੇ ਪੁਲਿਸ ਕਮਿਸ਼ਨਰ ਤੇ ਡੀਸੀ ਕੋਲ ਕੀਤੀ ਸ਼ਿਕਾਇਤ

14 hours ਪਹਿਲਾ

Punjab : ਜੈਸਮੀਨ ਸੈਂਡਲਾਸ ਦੇ ਕੰਸਰਟ ਦਾ ਵਿਰੋਧ : ਪੰਡਿਤ ਰਾਓ ਨੇ ਪੁਲਿਸ ਕਮਿਸ਼ਨਰ ਤੇ ਡੀਸੀ ਕੋਲ ਕੀਤੀ ਸ਼ਿਕਾਇਤ


Jasmine Sandlas Concert : ਲੁਧਿਆਣਾ ਦੇ ਇੱਕ ਵਿਦਿਅਕ ਅਦਾਰੇ ਵਿੱਚ 9 ਅਕਤੂਬਰ ਨੂੰ ਹੋਣ ਵਾਲੇ ਪੰਜਾਬੀ ਗਾਇਕਾ ਜੈਸਮੀਨ ਸੈਂਡਲਾਸ ਦੇ ਸੰਗੀਤ ਸਮਾਗਮ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਸਮਾਜਿਕ ਕਾਰਕੁਨ ਪੰਡਿਤ ਰਾਓ ਧਨੇਵਰ ਨੇ ਇਸ ਸਮਾਗਮ ਵਿਰੁੱਧ ਲੁਧਿਆਣਾ ਦੇ ਪੁਲਿਸ ਕਮਿਸ਼ਨਰ, ਡਿਪਟੀ ਕਮਿਸ਼ਨਰ ਅਤੇ ਸਬੰਧਤ ਵਿਦਿਅਕ ਅਦਾਰੇ ਦੇ ਮੁਖੀ ਕੋਲ ਸ਼ਿਕਾਇਤ ਦਰਜ ਕਰਵਾਈ ਹੈ।

ਆਪਣੀ ਸ਼ਿਕਾਇਤ ਵਿੱਚ ਪੰਡਿਤ ਰਾਓ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਪੰਜਾਬੀ ਮਾਂ-ਬੋਲੀ ਦੀ ਸੰਭਾਲ ਅਤੇ ਪੰਜਾਬੀ ਗੀਤਾਂ ਵਿੱਚ ਹਥਿਆਰਾਂ ਤੇ ਨਸ਼ਿਆਂ ਨੂੰ ਕਥਿਤ ਤੌਰ ‘ਤੇ ਉਤਸ਼ਾਹਿਤ ਕਰਨ ਦੇ ਮੁੱਦੇ ‘ਤੇ ਆਵਾਜ਼ ਉਠਾਉਂਦੇ ਆ ਰਹੇ ਹਨ। ਉਨ੍ਹਾਂ ਨੇ ਇਸ ਸਬੰਧ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਰੋਸ ਵੀ ਪ੍ਰਗਟਾਇਆ ਹੈ।

ਉਨ੍ਹਾਂ ਦਾ ਦੋਸ਼ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਗੀਤਾਂ ਵਿੱਚ ਹਥਿਆਰਾਂ ਅਤੇ ਨਸ਼ਿਆਂ ਦੇ ਪ੍ਰਚਾਰ ‘ਤੇ ਪਾਬੰਦੀ ਲਗਾਉਣ ਦੇ ਨਿਰਦੇਸ਼ ਜਾਰੀ ਕੀਤੇ ਹੋਏ ਹਨ। ਪੰਡਿਤ ਰਾਓ ਨੇ ਆਪਣੀ ਸ਼ਿਕਾਇਤ ਵਿੱਚ ਖਦਸ਼ਾ ਪ੍ਰਗਟਾਇਆ ਕਿ ਜੇਕਰ ਸਮਾਗਮ ਦੌਰਾਨ ‘ਇਲੀਗਲ ਵੈਪਨ’ (Illegal Weapon), ‘ਸਿਪ ਸਿਪ’ (Sip Sip) ਅਤੇ ‘ਅਫੀਮ’ (Afeem) ਵਰਗੇ ਗੀਤ ਗਾਏ ਜਾਂਦੇ ਹਨ, ਤਾਂ ਇਹ ਅਦਾਲਤੀ ਹੁਕਮਾਂ ਦੀ ਉਲੰਘਣਾ ਹੋ ਸਕਦੀ ਹੈ।

ਉਨ੍ਹਾਂ ਕਿਹਾ ਕਿ ਇਹ ਸਮਾਗਮ ਇੱਕ ਵਿਦਿਅਕ ਅਦਾਰੇ ਵਿੱਚ ਹੋਣਾ ਹੈ ਜਿੱਥੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਮੌਜੂਦ ਹੋਣਗੇ; ਇਸ ਲਈ ਉਨ੍ਹਾਂ ਨੇ ਪ੍ਰਸ਼ਾਸਨ ਅਤੇ ਪੁਲਿਸ ਅਧਿਕਾਰੀਆਂ ਨੂੰ ਇਸ ਮਾਮਲੇ ਦੀ ਜਾਂਚ ਕਰਨ ਦੀ ਅਪੀਲ ਕੀਤੀ ਹੈ। ਪੰਡਿਤ ਰਾਓ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਮਾਗਮ ਦੌਰਾਨ ਹਥਿਆਰਾਂ ਜਾਂ ਨਸ਼ਿਆਂ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਗਾਏ ਗਏ, ਤਾਂ ਉਹ ਅਦਾਲਤ ਦੀ ਮਾਣਹਾਨੀ ਦੀ ਕਾਰਵਾਈ ਸ਼ੁਰੂ ਕਰਵਾਉਣ ਲਈ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.