Last Updated: November 15, 2026

Dainik Savera Times Logo

Japan PM Visit: ਜਾਪਾਨ ਦੀ ਪ੍ਰਧਾਨ ਮੰਤਰੀ ਬਣਨ ਮਗਰੋਂ ਪਹਿਲੀ ਵਾਰ ਚੀਨ ਦੌਰੇ ‘ਤੇ ਜਾਣਗੇ ਤਕਾਈਚੀ

14 November 2026 ਅੱਪਡੇਟ ਕੀਤਾ ਗਿਆ

Japan PM Visit: ਜਾਪਾਨ ਦੀ ਪ੍ਰਧਾਨ ਮੰਤਰੀ ਬਣਨ ਮਗਰੋਂ ਪਹਿਲੀ ਵਾਰ ਚੀਨ ਦੌਰੇ ‘ਤੇ ਜਾਣਗੇ ਤਕਾਈਚੀ

Japan PM Visit:  ਜਾਪਾਨ ਦੀ ਪ੍ਰਧਾਨ ਮੰਤਰੀ ਸਨਾਏ ਤਕਾਈਚੀ ਅਗਲੇ ਹਫ਼ਤੇ ਫਿਲੀਪੀਨਜ਼ ਅਤੇ ਚੀਨ ਦੇ ਦੌਰੇ ‘ਤੇ ਜਾਣਗੇ। ਇਸ ਯਾਤਰਾ ਦੌਰਾਨ ਉਹ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਦੇ ਸੰਗਠਨ (ASEAN) ਅਤੇ ਏਸ਼ੀਆ-ਪੈਸਿਫਿਕ ਆਰਥਿਕ ਸਹਿਯੋਗ (APEC) ਨਾਲ ਸਬੰਧਤ ਅਹਿਮ ਬੈਠਕਾਂ ਵਿੱਚ ਸ਼ਿਰਕਤ ਕਰਨਗੇ। ਇਸ ਦੌਰੇ ਨੂੰ ਏਸ਼ੀਆ ਵਿੱਚ ਜਾਪਾਨ ਦੀ ਕੂਟਨੀਤਕ ਅਤੇ ਆਰਥਿਕ ਭੂਮਿਕਾ ਦੇ ਲਿਹਾਜ਼ ਨਾਲ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।

ਜਾਪਾਨ ਸਰਕਾਰ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਸਨਾਏ ਤਕਾਈਚੀ ਸੋਮਵਾਰ ਨੂੰ ਚਾਰ ਦਿਨਾਂ ਦੇ ਦੌਰੇ ਲਈ ਰਵਾਨਾ ਹੋਣਗੇ। ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ਵਿੱਚ ਭਾਰਤ, ਅਮਰੀਕਾ, ਜਾਪਾਨ ਅਤੇ ਆਸਟ੍ਰੇਲੀਆ ਦੇ ਆਗੂਆਂ ਵਿਚਾਲੇ ਕਵਾਡ ਸਮੂਹ ਦੀ ਬੈਠਕ ਕਰਵਾਉਣ ਦੀਆਂ ਤਿਆਰੀਆਂ ਵੀ ਚੱਲ ਰਹੀਆਂ ਹਨ। ਸਤੰਬਰ 2024 ਤੋਂ ਬਾਅਦ ਇਹ ਕਵਾਡ ਆਗੂਆਂ ਦਾ ਪਹਿਲਾ ਸਿਖਰ ਸੰਮੇਲਨ ਹੋ ਸਕਦਾ ਹੈ, ਜਿਸ ‘ਤੇ ਕੌਮਾਂਤਰੀ ਭਾਈਚਾਰੇ ਦੀ ਨਜ਼ਰ ਟਿਕੀ ਹੋਈ ਹੈ।

ਜਾਪਾਨ ਦੇ ਡਿਪਟੀ ਚੀਫ ਕੈਬਨਿਟ ਸਕੱਤਰ ਮਸਾਨਾਓ ਓਜ਼ਾਕੀ ਅਨੁਸਾਰ, ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਵਿੱਚ ਮੰਗਲਵਾਰ ਨੂੰ ਹੋਣ ਵਾਲਾ ਜਾਪਾਨ-ਆਸੀਆਨ ਸਿਖਰ ਸੰਮੇਲਨ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਉਹ ਫਿਲੀਪੀਨਜ਼ ਦੇ ਨਾਲ ਮਿਲ ਕੇ ‘ਏਸ਼ੀਆ ਜ਼ੀਰੋ ਐਮੀਸ਼ਨ ਕਮਿਊਨਿਟੀ’ ਦੀ ਬੈਠਕ ਦੀ ਸਹਿ-ਪ੍ਰਧਾਨਗੀ ਕਰਨਗੇ। ਇਹ ਪਹਿਲ ਜਾਪਾਨ ਵੱਲੋਂ ਸ਼ੁਰੂ ਕੀਤੀ ਗਈ ਹੈ, ਜਿਸ ਦਾ ਮੁੱਖ ਮਕਸਦ ਕਾਰਬਨ ਨਿਕਾਸ ਘਟਾਉਣ ਅਤੇ ਸਾਫ਼ ਊਰਜਾ ਨੂੰ ਉਤਸ਼ਾਹਿਤ ਕਰਨਾ ਹੈ।

ਏਸ਼ੀਆ ਵਿੱਚ ਚੀਨ ਦੇ ਵਧਦੇ ਪ੍ਰਭਾਵ ਦੇ ਮੱਦੇਨਜ਼ਰ ਕਵਾਡ ਸਮੂਹ ਨੂੰ ਖੇਤਰੀ ਰਣਨੀਤਕ ਸੰਤੁਲਨ ਬਣਾਈ ਰੱਖਣ ਵਾਲੇ ਮਹੱਤਵਪੂਰਨ ਮੰਚ ਵਜੋਂ ਦੇਖਿਆ ਜਾਂਦਾ ਹੈ। ਜਾਪਾਨ ਲੰਬੇ ਸਮੇਂ ਤੋਂ ਆਜ਼ਾਦ ਅਤੇ ਖੁੱਲ੍ਹੇ ਹਿੰਦ-ਪ੍ਰਸ਼ਾਂਤ ਖੇਤਰ ਦੀ ਨੀਤੀ ਦਾ ਸਮਰਥਨ ਕਰਦਾ ਆ ਰਿਹਾ ਹੈ। ਇਸੇ ਦੌਰਾਨ ਟੋਕੀਓ ਵੱਲੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਸਨਾਏ ਤਕਾਈਚੀ ਵਿਚਾਲੇ ਵੱਖਰੀ ਮੁਲਾਕਾਤ ਕਰਵਾਉਣ ਲਈ ਵੀ ਵਾਸ਼ਿੰਗਟਨ ਨਾਲ ਗੱਲਬਾਤ ਕੀਤੀ ਜਾ ਰਹੀ ਹੈ।

ਫਿਲੀਪੀਨਜ਼ ਦਾ ਦੌਰਾ ਪੂਰਾ ਕਰਨ ਤੋਂ ਬਾਅਦ ਤਕਾਈਚੀ ਵੀਰਵਾਰ ਨੂੰ ਚੀਨ ਦੇ ਦੱਖਣੀ ਸ਼ਹਿਰ ਸ਼ੇਨਜ਼ੇਨ ਪਹੁੰਚਣਗੇ। ਇੱਥੇ ਉਹ ਏਪੈਕ ਸਿਖਰ ਸੰਮੇਲਨ ਵਿੱਚ ਹਿੱਸਾ ਲੈਣਗੇ, ਜਿੱਥੇ ਵਪਾਰ, ਊਰਜਾ ਸੁਰੱਖਿਆ ਅਤੇ ਆਰਟੀਫਿਸ਼ਲ ਇੰਟੈਲੀਜੈਂਸ ਵਰਗੇ ਅਹਿਮ ਵਿਸ਼ਿਆਂ ‘ਤੇ ਵਿਚਾਰ-ਵਟਾਂਦਰਾ ਹੋਵੇਗਾ। ਇਸ ਦੌਰਾਨ ਹੋਰ ਦੇਸ਼ਾਂ ਦੇ ਆਗੂਆਂ ਨਾਲ ਦੁਵੱਲੀਆਂ ਮੁਲਾਕਾਤਾਂ ਦਾ ਪ੍ਰੋਗਰਾਮ ਵੀ ਤਿਆਰ ਕੀਤਾ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਸਨਾਏ ਤਕਾਈਚੀ ਦੀ ਇਹ ਪਹਿਲੀ ਚੀਨ ਯਾਤਰਾ ਹੋਵੇਗੀ। ਨਵੰਬਰ 2025 ਵਿੱਚ ਤਾਈਵਾਨ ਬਾਰੇ ਉਨ੍ਹਾਂ ਦੇ ਬਿਆਨਾਂ ਤੋਂ ਬਾਅਦ ਜਾਪਾਨ ਅਤੇ ਚੀਨ ਦੇ ਸਬੰਧਾਂ ਵਿੱਚ ਤਣਾਅ ਪੈਦਾ ਹੋ ਗਿਆ ਸੀ। ਅਜਿਹੇ ਹਾਲਾਤ ਵਿੱਚ ਇਸ ਦੌਰੇ ਨੂੰ ਦੋਵਾਂ ਦੇਸ਼ਾਂ ਦੇ ਕੂਟਨੀਤਕ ਰਿਸ਼ਤਿਆਂ ਲਈ ਅਹਿਮ ਮੌਕੇ ਵਜੋਂ ਦੇਖਿਆ ਜਾ ਰਿਹਾ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.