Military Landing: ਭਾਰਤ ਦੇ ਤੇਜ਼ੀ ਨਾਲ ਵਿਕਸਤ ਹੋ ਰਹੇ ਸੜਕੀ ਢਾਂਚੇ ਦੀ ਸਮਰੱਥਾ ਉਸ ਸਮੇਂ ਸਾਹਮਣੇ ਆਈ, ਜਦੋਂ ਵੀਰਵਾਰ ਨੂੰ ਅੰਮ੍ਰਿਤਸਰ-ਜਾਮਨਗਰ ਆਰਥਿਕ ਗਲਿਆਰੇ ‘ਤੇ ਭਾਰਤੀ ਫੌਜ ਦੇ ਚਾਰ ਮਾਈਕ੍ਰੋਲਾਈਟ ਜਹਾਜ਼ਾਂ ਨੇ ਸਫਲਤਾਪੂਰਵਕ ਲੈਂਡਿੰਗ ਅਤੇ ਟੇਕਆਫ ਕੀਤਾ। ਇਸ ਕਾਰਵਾਈ ਨੂੰ ਦੇਸ਼ ਦੇ ਆਧੁਨਿਕ ਬੁਨਿਆਦੀ ਢਾਂਚੇ ਦੀ ਵੱਡੀ ਪ੍ਰਾਪਤੀ ਮੰਨਿਆ ਜਾ ਰਿਹਾ ਹੈ।
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸੋਸ਼ਲ ਮੀਡੀਆ ‘ਤੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਭਾਰਤੀ ਫੌਜ ਅਤੇ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (NHAI) ਦੇ ਸਾਂਝੇ ਤਾਲਮੇਲ ਨਾਲ ਇਹ ਅਹਿਮ ਉਪਲਬਧੀ ਹਾਸਲ ਕੀਤੀ ਗਈ ਹੈ। ‘ਵਿੰਗਜ਼ ਆਫ ਵੈਲਰ ਐਂਡ ਯੂਨਿਟੀ ਐਕਸਪੀਡੀਸ਼ਨ’ ਦਾ ਹਿੱਸਾ ਬਣੀ ਫੌਜ ਦੀ ‘ਟੀਮ ਮਾਊਂਟੇਨ ਈਗਲਜ਼’ ਦੇ ਚਾਰ ਜਹਾਜ਼ਾਂ ਨੇ ਗੁਜਰਾਤ ਵਿੱਚ ਨੈਸ਼ਨਲ ਹਾਈਵੇਅ-754ਏ ਦੇ 946 ਤੋਂ 949 ਕਿਲੋਮੀਟਰ ਵਾਲੇ ਹਿੱਸੇ ‘ਤੇ ਉਡਾਣ ਭਰੀ ਅਤੇ ਸਫਲਤਾਪੂਰਵਕ ਉਤਰੇ।
ਗਡਕਰੀ ਮੁਤਾਬਕ ਇਹ ਪ੍ਰਾਪਤੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਤੇ NHAI ਵੱਲੋਂ ਵਿਸ਼ਵ ਪੱਧਰੀ ਹਾਈਵੇਅ ਨੈੱਟਵਰਕ ਤਿਆਰ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਅਜਿਹਾ ਬੁਨਿਆਦੀ ਢਾਂਚਾ ਨਾ ਸਿਰਫ਼ ਆਵਾਜਾਈ ਅਤੇ ਸੰਪਰਕ ਨੂੰ ਬਿਹਤਰ ਬਣਾਉਂਦਾ ਹੈ, ਸਗੋਂ ਆਰਥਿਕ ਵਿਕਾਸ ਨੂੰ ਵੀ ਹੁਲਾਰਾ ਦਿੰਦਾ ਹੈ ਅਤੇ ਫੌਜ ਦੀਆਂ ਰਣਨੀਤਕ ਤੇ ਕਾਰਜਕਾਰੀ ਲੋੜਾਂ ਲਈ ਸਹਾਇਕ ਸਾਬਤ ਹੁੰਦਾ ਹੈ।
ਇਸ ਘਟਨਾ ਨੇ ਰਾਸ਼ਟਰੀ ਰਾਜਮਾਰਗਾਂ ਦੀ ਇੱਕ ਹੋਰ ਸੰਭਾਵਨਾ ਵੀ ਉਜਾਗਰ ਕੀਤੀ ਹੈ। ਢੁੱਕਵੇਂ ਸੁਰੱਖਿਆ ਪ੍ਰਬੰਧਾਂ ਅਤੇ ਸਬੰਧਤ ਵਿਭਾਗਾਂ ਦੇ ਤਾਲਮੇਲ ਨਾਲ ਇਨ੍ਹਾਂ ਸੜਕਾਂ ਦੀ ਵਰਤੋਂ ਹਵਾਈ ਸਾਹਸੀ ਗਤੀਵਿਧੀਆਂ, ਸੈਰ-ਸਪਾਟੇ ਅਤੇ ਹੋਰ ਨਵੇਂ ਖੇਤਰਾਂ ਨੂੰ ਉਤਸ਼ਾਹਿਤ ਕਰਨ ਲਈ ਵੀ ਕੀਤੀ ਜਾ ਸਕਦੀ ਹੈ।
ਕੇਂਦਰੀ ਮੰਤਰੀ ਨੇ ਇਸ ਸਫਲ ਮੁਹਿੰਮ ਲਈ ਭਾਰਤੀ ਫੌਜ ਦੀ ਟੀਮ ਮਾਊਂਟੇਨ ਈਗਲਜ਼, NHAI ਅਤੇ ਇਸ ਨਾਲ ਜੁੜੀਆਂ ਸਾਰੀਆਂ ਏਜੰਸੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਾਰੇ ਵਿਭਾਗਾਂ ਦੇ ਬਿਹਤਰੀਨ ਸਹਿਯੋਗ ਸਦਕਾ ਇਹ ਇਤਿਹਾਸਕ ਕੋਸ਼ਿਸ਼ ਸਫਲ ਹੋ ਸਕੀ ਹੈ।
ਅੰਮ੍ਰਿਤਸਰ-ਜਾਮਨਗਰ ਆਰਥਿਕ ਗਲਿਆਰਾ, ਜਿਸ ਨੂੰ ਅੰਮ੍ਰਿਤਸਰ-ਜਾਮਨਗਰ ਐਕਸਪ੍ਰੈੱਸਵੇਅ ਜਾਂ EC-3 ਵੀ ਕਿਹਾ ਜਾਂਦਾ ਹੈ, ਪੰਜਾਬ, ਹਰਿਆਣਾ, ਰਾਜਸਥਾਨ ਅਤੇ ਗੁਜਰਾਤ ਨੂੰ ਆਪਸ ਵਿੱਚ ਜੋੜਦਾ ਹੈ। NHAI ਵੱਲੋਂ ਵਿਕਸਤ ਕੀਤਾ ਜਾ ਰਿਹਾ ਇਹ ਛੇ ਮਾਰਗੀ ਹਾਈਵੇਅ 1,200 ਕਿਲੋਮੀਟਰ ਤੋਂ ਵੱਧ ਲੰਬਾ ਹੈ। ਗਡਕਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਅਜਿਹਾ ਮਜ਼ਬੂਤ ਅਤੇ ਭਵਿੱਖ ਦੀਆਂ ਲੋੜਾਂ ਅਨੁਸਾਰ ਤਿਆਰ ਹਾਈਵੇਅ ਨੈੱਟਵਰਕ ਬਣਾਉਣ ਲਈ ਵਚਨਬੱਧ ਹੈ, ਜੋ ਵਿਕਾਸ ਦੇ ਨਾਲ ਰਣਨੀਤਕ ਅਤੇ ਐਮਰਜੈਂਸੀ ਜ਼ਰੂਰਤਾਂ ਨੂੰ ਵੀ ਪੂਰਾ ਕਰੇਗਾ।
मेष: दिन शुभ रहेगा...