Women’s Asian Champions Trophy: ਭਾਰਤੀ ਮਹਿਲਾ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 2026 ਦੀ ਮਹਿਲਾ ਏਸ਼ੀਅਨ ਚੈਂਪੀਅਨਜ਼ ਟਰਾਫੀ ਆਪਣੇ ਨਾਂ ਕਰ ਲਈ ਹੈ। ਫਾਈਨਲ ਮੁਕਾਬਲੇ ਵਿੱਚ ਭਾਰਤ ਨੇ ਚੀਨ ਨੂੰ 3-1 ਨਾਲ ਮਾਤ ਦੇ ਕੇ ਰਿਕਾਰਡ ਚੌਥੀ ਵਾਰ ਮਹਾਦੀਪੀ ਖਿਤਾਬ ਜਿੱਤਿਆ। ਮੱਧ ਪ੍ਰਦੇਸ਼ ਦੇ ਇੰਟਰਨੈਸ਼ਨਲ ਸਪੋਰਟਸ ਕੰਪਲੈਕਸ ਵਿੱਚ ਖੇਡੇ ਗਏ ਇਸ ਮੁਕਾਬਲੇ ਵਿੱਚ ਦੀਪਿਕਾ ਨੇ ਦੋ ਅਤੇ ਇਸ਼ਿਕਾ ਨੇ ਇੱਕ ਗੋਲ ਕੀਤਾ।
ਮੈਚ ਦੇ ਪਹਿਲੇ ਅੱਧ ਵਿੱਚ ਭਾਰਤੀ ਟੀਮ ਨੂੰ ਚੀਨ ਵੱਲੋਂ ਸਖ਼ਤ ਚੁਣੌਤੀ ਮਿਲੀ। ਚੀਨ ਦੀ ਯੁਜੁਨ ਚੇਨ ਨੇ 25ਵੇਂ ਮਿੰਟ ਵਿੱਚ ਫੀਲਡ ਗੋਲ ਕਰਕੇ ਆਪਣੀ ਟੀਮ ਨੂੰ 1-0 ਦੀ ਬੜ੍ਹਤ ਦਿਵਾ ਦਿੱਤੀ। ਪਹਿਲੇ ਹਾਫ਼ ਦੀ ਸਮਾਪਤੀ ਤੱਕ ਭਾਰਤੀ ਖਿਡਾਰਨਾਂ ਬਰਾਬਰੀ ਦਾ ਗੋਲ ਕਰਨ ਵਿੱਚ ਕਾਮਯਾਬ ਨਹੀਂ ਹੋ ਸਕੀਆਂ।
ਦੂਜੇ ਹਾਫ਼ ਵਿੱਚ ਭਾਰਤ ਨੇ ਜ਼ਬਰਦਸਤ ਵਾਪਸੀ ਕੀਤੀ। 38ਵੇਂ ਮਿੰਟ ਵਿੱਚ ਦੀਪਿਕਾ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਸਕੋਰ 1-1 ਕਰ ਦਿੱਤਾ। ਇਸ ਤੋਂ ਚਾਰ ਮਿੰਟ ਬਾਅਦ 42ਵੇਂ ਮਿੰਟ ਵਿੱਚ ਇਸ਼ਿਕਾ ਨੇ ਫੀਲਡ ਗੋਲ ਦਾਗ਼ ਕੇ ਭਾਰਤ ਨੂੰ 2-1 ਨਾਲ ਅੱਗੇ ਕਰ ਦਿੱਤਾ।
ਭਾਰਤ ਦੀ ਹਮਲਾਵਰ ਖੇਡ ਇਸ ਤੋਂ ਬਾਅਦ ਵੀ ਜਾਰੀ ਰਹੀ। 43ਵੇਂ ਮਿੰਟ ਵਿੱਚ ਦੀਪਿਕਾ ਨੇ ਇੱਕ ਹੋਰ ਪੈਨਲਟੀ ਕਾਰਨਰ ’ਤੇ ਗੋਲ ਕਰਕੇ ਟੀਮ ਦੀ ਬੜ੍ਹਤ 3-1 ਕਰ ਦਿੱਤੀ। ਇਸ ਸਕੋਰ ਨਾਲ ਭਾਰਤ ਨੇ ਫਾਈਨਲ ਵਿੱਚ ਜਿੱਤ ਦਰਜ ਕਰਦਿਆਂ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਦੀਪਿਕਾ ਨੇ ਪੂਰੇ ਟੂਰਨਾਮੈਂਟ ਦੌਰਾਨ 10 ਗੋਲ ਕੀਤੇ ਅਤੇ ਉਹ ਸਭ ਤੋਂ ਵੱਧ ਗੋਲ ਕਰਨ ਵਾਲੀ ਖਿਡਾਰਨ ਰਹੀ। ਉਸ ਦੇ 9 ਗੋਲ ਪੈਨਲਟੀ ਕਾਰਨਰ ਅਤੇ ਇੱਕ ਗੋਲ ਓਪਨ ਪਲੇਅ ਰਾਹੀਂ ਆਇਆ।
19 ਤੋਂ 28 ਨਵੰਬਰ ਤੱਕ ਕਰਵਾਏ ਗਏ ਇਸ ਟੂਰਨਾਮੈਂਟ ਵਿੱਚ ਭਾਰਤ, ਚੀਨ, ਜਾਪਾਨ, ਦੱਖਣੀ ਕੋਰੀਆ, ਮਲੇਸ਼ੀਆ ਅਤੇ ਥਾਈਲੈਂਡ ਦੀਆਂ ਟੀਮਾਂ ਨੇ ਭਾਗ ਲਿਆ। ਭਾਰਤੀ ਟੀਮ ਨੇ ਪੂਰੇ ਮੁਕਾਬਲੇ ਦੌਰਾਨ ਇੱਕ ਵੀ ਮੈਚ ਨਹੀਂ ਹਾਰਿਆ। ਰਾਊਂਡ-ਰੌਬਿਨ ਫਾਰਮੈਟ ਵਿੱਚ ਖੇਡੀ ਗਈ ਇਸ ਚੈਂਪੀਅਨਸ਼ਿਪ ਦੇ ਸਿਖਰਲੇ ਚਾਰ ਸਥਾਨਾਂ ’ਤੇ ਰਹਿਣ ਵਾਲੀਆਂ ਟੀਮਾਂ ਨੂੰ ਸੈਮੀਫਾਈਨਲ ਵਿੱਚ ਪਹੁੰਚਣ ਦਾ ਮੌਕਾ ਮਿਲਿਆ।
ਇਸ ਅੰਤਰਰਾਸ਼ਟਰੀ ਮੁਕਾਬਲੇ ਦੀ ਮੇਜ਼ਬਾਨੀ ਭੋਪਾਲ ਦੇ ਬਾਹਰੀ ਇਲਾਕੇ ਨਾਥੂ ਬਰਖੇੜਾ ਵਿੱਚ ਬਣੇ ਨਵੇਂ ਇੰਟਰਨੈਸ਼ਨਲ ਸਪੋਰਟਸ ਕੰਪਲੈਕਸ ਨੇ ਕੀਤੀ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਭਾਰਤੀ ਟੀਮ ਨੂੰ ਵਧਾਈ ਦਿੰਦਿਆਂ ਸੋਸ਼ਲ ਮੀਡੀਆ ’ਤੇ ਕਿਹਾ ਕਿ ਖਿਡਾਰਨਾਂ ਨੇ ਚੀਨ ਨੂੰ ਫਾਈਨਲ ਵਿੱਚ ਹਰਾ ਕੇ ਇਤਿਹਾਸ ਸਿਰਜਿਆ ਹੈ। ਉਨ੍ਹਾਂ ਟੀਮ ਦੇ ਤਾਲਮੇਲ, ਸਮਰਪਣ ਅਤੇ ਜਿੱਤ ਦੇ ਜਜ਼ਬੇ ਦੀ ਸ਼ਲਾਘਾ ਕਰਦਿਆਂ ਆਪਣੇ ਸੰਦੇਸ਼ ਦਾ ਅੰਤ ‘ਸ਼ਾਬਾਸ਼ ਟੀਮ ਇੰਡੀਆ’ ਨਾਲ ਕੀਤਾ।