ਅਮਰੀਕਾ: ਅਮਰੀਕਾ ਨੇ ਕੈਨੇਡਾ ਵਿੱਚ 2023 ਦੌਰਾਨ ਹੋਈ ਖਾਲਿਸਤਾਨ ਸਮਰਥਕ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਮਾਮਲੇ ਵਿੱਚ ਪਹਿਲੀ ਵਾਰ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਉਸ ਦੇ ਕਰੀਬੀ ਸਾਥੀ ਗੋਲਡੀ ਬਰਾੜ ਦਾ ਨਾਮ ਅਧਿਕਾਰਤ ਤੌਰ ‘ਤੇ ਫੈਡਰਲ ਇਲਜ਼ਾਮਨਾਮੇ ਵਿੱਚ ਦਰਜ ਕੀਤਾ ਹੈ। ਇਹ ਕਾਰਵਾਈ ਅਮਰੀਕਾ ਵੱਲੋਂ ਅੰਤਰਰਾਸ਼ਟਰੀ ਸੰਗਠਿਤ ਅਪਰਾਧਿਕ ਨੈੱਟਵਰਕਾਂ ਖ਼ਿਲਾਫ਼ ਚਲਾਏ ਜਾ ਰਹੇ ‘ਆਪਰੇਸ਼ਨ ਹਾਰਡ ਬਾਲ’ (Operation Hard Ball) ਤਹਿਤ ਕੀਤੀ ਗਈ ਹੈ।
ਹਰਦੀਪ ਸਿੰਘ ਨਿੱਝਰ ਮਾਮਲਾ:
ਇਹ ਵੀ ਪੜੋਂ:
ਆਮਿਰ ਖਾਨ ਨੇ ਗੌਰੀ ਨੂੰ ਪਹਿਨਾਈ ਖਾਸ ਅੰਗੂਠੀ ਦੀ ਕੀ ਹੈ ਅਹਮਿਅਤ ਜਾਣੋਂ
ਏਜੰਸੀਆਂ ਦਾ ਸਾਂਝਪੂਣਾ:
ਅਮਰੀਕੀ ਨਿਆਂ ਵਿਭਾਗ ਦੇ ਅਨੁਸਾਰ, ਇਸ ਆਪਰੇਸ਼ਨ ਵਿੱਚ ਕਈ ਦੇਸ਼ਾਂ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਸਾਂਝੇ ਤੌਰ ‘ਤੇ ਕੰਮ ਕਰ ਰਹੀਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ ਇਸ ਕਾਰਵਾਈ ਦੌਰਾਨ 24 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਜਦਕਿ 37 ਲੋਕਾਂ ਖ਼ਿਲਾਫ਼ ਵੱਖ-ਵੱਖ ਅਪਰਾਧਿਕ ਮਾਮਲਿਆਂ ਵਿੱਚ ਦੋਸ਼ ਲਗਾਏ ਗਏ ਹਨ।
ਨੈੱਟਵਰਕ ਚਲਾਉਣ ਦੇ ਦੋਸ਼
ਫੈਡਰਲ ਇਲਜ਼ਾਮਨਾਮੇ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਲਾਰੈਂਸ ਬਿਸ਼ਨੋਈ ਭਾਰਤ ਦੀ ਜੇਲ੍ਹ ਵਿੱਚ ਬੰਦ ਹੋਣ ਦੇ ਬਾਵਜੂਦ ਆਪਣੇ ਕਥਿਤ ਅੰਤਰਰਾਸ਼ਟਰੀ ਨੈੱਟਵਰਕ ਰਾਹੀਂ ਅਪਰਾਧਿਕ ਗਤੀਵਿਧੀਆਂ ਨੂੰ ਚਲਾਉਂਦਾ ਰਿਹਾ। ਜਾਂਚ ਏਜੰਸੀਆਂ ਦਾ ਕਹਿਣਾ ਹੈ ਕਿ ਗੋਲਡੀ ਬਰਾੜ ਉੱਤਰੀ ਅਮਰੀਕਾ ਵਿੱਚ ਇਸ ਨੈੱਟਵਰਕ ਦੀਆਂ ਗਤੀਵਿਧੀਆਂ ਦੀ ਦੇਖਭਾਲ ਕਰਦਾ ਸੀ ਅਤੇ ਕਥਿਤ ਤੌਰ ‘ਤੇ ਬਿਸ਼ਨੋਈ ਦੇ ਨਿਰਦੇਸ਼ਾਂ ਅਨੁਸਾਰ ਕਾਰਵਾਈਆਂ ਕਰਦਾ ਸੀ।
ਕਤਲ, ਨਸ਼ਾ ਤਸਕਰੀ ਅਤੇ ਜਬਰਨ ਵਸੂਲੀ ਦੇ ਦੋਸ਼
ਅਮਰੀਕੀ ਇਲਜ਼ਾਮਨਾਮੇ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਸ ਗਿਰੋਹ ‘ਤੇ ਸੁਪਾਰੀ ਲੈ ਕੇ ਕਤਲ, ਜਬਰਨ ਵਸੂਲੀ, ਅਗਵਾ, ਨਸ਼ਾ ਤਸਕਰੀ ਅਤੇ ਹੋਰ ਸੰਗਠਿਤ ਅਪਰਾਧਾਂ ਵਿੱਚ ਸ਼ਾਮਲ ਹੋਣ ਦੇ ਦੋਸ਼ ਹਨ। ਜਾਂਚ ਅਧਿਕਾਰੀਆਂ ਦਾ ਦਾਅਵਾ ਹੈ ਕਿ ਬਿਸ਼ਨੋਈ ਕਥਿਤ ਤੌਰ ‘ਤੇ ਗੈਰ-ਕਾਨੂੰਨੀ ਮੋਬਾਈਲ ਫੋਨਾਂ ਅਤੇ ਇਨਕ੍ਰਿਪਟਡ ਸੰਚਾਰ ਮਾਧਿਅਮਾਂ ਰਾਹੀਂ ਆਪਣੇ ਸਾਥੀਆਂ ਨਾਲ ਸੰਪਰਕ ਵਿੱਚ ਰਹਿੰਦਾ ਸੀ।
ਹਵਾਲਗੀ ਦੀ ਤਿਆਰੀ
ਅਮਰੀਕੀ ਅਧਿਕਾਰੀਆਂ ਨੇ ਸੰਕੇਤ ਦਿੱਤਾ ਹੈ ਕਿ ਲਾਰੈਂਸ ਬਿਸ਼ਨੋਈ ਅਤੇ ਜੇਲ੍ਹ ਵਿੱਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਹਵਾਲਗੀ ਲਈ ਵੀ ਕਾਰਵਾਈ ਕੀਤੀ ਜਾ ਸਕਦੀ ਹੈ। ਹਾਲਾਂਕਿ, ਇਸ ਸਬੰਧੀ ਕੋਈ ਅਧਿਕਾਰਤ ਸਮਾਂ-ਸੀਮਾ ਨਹੀਂ ਦੱਸਿਆਂ ਗਿਆ ਹੈ।
ਇਲਜ਼ਾਮਨਾਮੇ (ਚਾਰਜਸ਼ੀਟ)
ਇਸ ਮਾਮਲੇ ਵਿੱਚ ਇੱਕ ਅਹਿਮ ਗੱਲ ਇਹ ਹੈ ਕਿ ਅਮਰੀਕੀ ਇਲਜ਼ਾਮਨਾਮੇ (ਚਾਰਜਸ਼ੀਟ) ਵਿੱਚ ਭਾਰਤ ਸਰਕਾਰ ਜਾਂ ਕਿਸੇ ਸਰਕਾਰੀ ਏਜੰਸੀ ਨੂੰ ਨਿੱਝਰ ਹੱਤਿਆ ਨਾਲ ਨਹੀਂ ਜੋੜਿਆ ਗਿਆ। ਇਹ ਘਟਨਾਕ੍ਰਮ ਉਸ ਸਮੇਂ ਸਾਹਮਣੇ ਆਇਆ ਹੈ ਜਦੋਂ ਕੈਨੇਡਾ ਦੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਵੀ ਕਿਹਾ ਸੀ ਕਿ ਭਾਰਤੀ ਸਰਕਾਰੀ ਏਜੰਸੀਆਂ ਦੀ ਭੂਮਿਕਾ ਸਬੰਧੀ ਕੋਈ ਸਬੂਤ ਨਹੀਂ ਮਿਲੇ ਹਨ। ਇਹ ਬਿਆਨ 2023 ਵਿੱਚ ਤਤਕਾਲੀ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਲਗਾਏ ਗਏ ਦੋਸ਼ਾਂ ਤੋਂ ਵੱਖਰਾ ਮੰਨਿਆ ਜਾ ਰਿਹਾ ਹੈ।
ਸਰਹੱਦ ਪਾਰ ਅਪਰਾਧਿਕ ਨੈੱਟਵਰਕ ‘ਤੇ ਨਜ਼ਰ
ਜਾਂਚ ਏਜੰਸੀਆਂ ਦੇ ਅਨੁਸਾਰ, ਇਹ ਕਥਿਤ ਨੈੱਟਵਰਕ ਭਾਰਤ, ਉੱਤਰੀ ਅਮਰੀਕਾ ਅਤੇ ਯੂਰਪ ਤੱਕ ਫੈਲਿਆ ਹੋਇਆ ਸੀ। ਇਸ ‘ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ, ਹਥਿਆਰਾਂ ਦੀ ਸਮੱਗਲਿੰਗ, ਲੁੱਟ-ਖੋਹ ਅਤੇ ਜਬਰਨ ਵਸੂਲੀ ਰਾਹੀਂ ਪੈਸਾ ਇਕੱਠਾ ਕਰਨ ਦੇ ਦੋਸ਼ ਲਗਾਏ ਗਏ ਹਨ। ਅਧਿਕਾਰੀਆਂ ਮੁਤਾਬਕ, ਕਾਰਵਾਈ ਦੌਰਾਨ ਨਸ਼ੀਲੇ ਪਦਾਰਥ, ਹਥਿਆਰ ਅਤੇ ਨਕਦੀ ਵੀ ਬਰਾਮਦ ਕੀਤੀ ਗਈ ਹੈ।
ਹੋਰ ਗੈਂਗ ਵੀ ਜਾਂਚ ਹੇਠ
ਅਮਰੀਕੀ ਏਜੰਸੀਆਂ ਨੇ ਜੱਗੂ ਭਗਵਾਨਪੁਰੀਆ ਅਤੇ ਕੈਨੇਡਾ ਅਧਾਰਿਤ ਰਵਿੰਦਰ ਸਿੰਘ ਧੰਦਾ ਨਾਲ ਜੁੜੇ ਨੈੱਟਵਰਕਾਂ ਖ਼ਿਲਾਫ਼ ਵੀ ਵੱਖਰੇ ਮਾਮਲੇ ਦਰਜ ਕੀਤੇ ਹਨ। ਇਨ੍ਹਾਂ ਵਿੱਚ ਕਥਿਤ ਤੌਰ ‘ਤੇ ਸੁਪਾਰੀ ਕਤਲ, ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਅਤੇ ਸਰਹੱਦ ਪਾਰ ਨਸ਼ਾ ਤਸਕਰੀ ਵਰਗੇ ਦੋਸ਼ ਸ਼ਾਮਲ ਹਨ।
ਜਾਂਚ ਅਜੇ ਜਾਰੀ
ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ‘ਆਪਰੇਸ਼ਨ ਹਾਰਡ ਬਾਲ’ (Operation Hard Ball) ਦੱਖਣੀ ਏਸ਼ੀਆ ਨਾਲ ਜੁੜੇ ਅੰਤਰਰਾਸ਼ਟਰੀ ਅਪਰਾਧਿਕ ਨੈੱਟਵਰਕਾਂ ਵਿਰੁੱਧ ਕੀਤੀਆਂ ਗਈਆਂ ਵੱਡੀਆਂ ਕਾਰਵਾਈਆਂ ਵਿੱਚੋਂ ਇੱਕ ਹੈ। ਉਨ੍ਹਾਂ ਕਿਹਾ ਕਿ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਖੁਲਾਸੇ ਹੋ ਸਕਦੇ ਹਨ।

Hardeep Singh Nijjar case